ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖਾਲਿਸਤਾਨੀਆਂ ਦੇ ਸ਼ੁਭਚਿੰਤਕ ਰਹੇ ਹਨ।
ਖਾਲਿਸਤਾਨੀਆਂ ਲਈ ਭਾਰਤ ਨਾਲ ਪੰਗਾ ਲੈਣ ਵਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਝੂਠ ਬੇਨਕਾਬ ਹੋ ਗਿਆ ਹੈ। ਜਿਸ ਕੇਸ ਵਿੱਚ ਟਰੂਡੋ ਅਤੇ ਉਸਦੀ ਪੁਲਿਸ ਖਾਲਿਸਤਾਨ ਸਮਰਥਕ ਅਤੇ ਕਾਰੋਬਾਰੀ ਰਿਪੁਦਮਨ ਸਿੰਘ ਮਲਿਕ ਦੇ ਕਤਲ ਲਈ ਭਾਰਤ ਨੂੰ ਦੋਸ਼ੀ ਠਹਿਰਾ ਰਹੀ ਸੀ, ਉਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੇ ਕੈਨੇਡਾ ਦੀ ਇੱਕ ਅਦਾਲਤ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਹੈ।
ਟੈਨਰ ਫੌਕਸ ਅਤੇ ਜੋਸ ਲੋਪੇਜ਼ ਨੇ ਬ੍ਰਿਟਿਸ਼ ਕੋਲੰਬੀਆ (ਬੀਸੀ) ਦੀ ਸੁਪਰੀਮ ਕੋਰਟ ਵਿਚ 75 ਸਾਲਾ ਮਲਿਕ ਦੀ ਹੱਤਿਆ ਲਈ ਦੋਸ਼ ਮੰਨ ਲਿਆ। ਮਲਿਕ ਦੀ 14 ਜੁਲਾਈ, 2022 ਨੂੰ ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮਲਿਕ ਅਤੇ ਸਹਿ-ਮੁਲਜ਼ਮ ਅਜਾਇਬ ਸਿੰਘ ਬਾਗਰੀ ਨੂੰ 1985 ਵਿੱਚ ਹੋਏ ਦੋ ਬੰਬ ਧਮਾਕਿਆਂ ਨਾਲ ਸਬੰਧਤ ਸਾਮੂਹਿਕ ਕਤਲ ਅਤੇ ਸਾਜ਼ਿਸ਼ ਦੇ ਆਰੋਪਾਂ ਤੋਂ ਬਰੀ ਕਰ ਦਿੱਤਾ ਗਿਆ ਸੀ। ਇਨ੍ਹਾਂ ਧਮਾਕਿਆਂ ਵਿਚ 331 ਲੋਕ ਮਾਰੇ ਗਏ ਸਨ।
ਨਿਊ ਵੈਸਟਮਿੰਸਟਰ ਦੀ ਅਦਾਲਤ ਵਿੱਚ ਫੌਕਸ ਅਤੇ ਲੋਪੇਜ਼ ਨੇ ਸੈਂਕੇਡ ਡਿਗਰੀ ਦੇ ਕਤਲ ਦੇ ਦੋਸ਼ ਨੂੰ ਸਵੀਕਾਰ ਕਰ ਲਿਆ। ਅਦਾਲਤ ਨੇ ਤੱਥਾਂ ਦਾ ਇੱਕ ਸਹਿਮਤ ਬਿਆਨ ਸੁਣਿਆ ਜਿਸਤੋਂ ਪਤਾ ਚੱਲਦਾ ਹੈ ਕਿ ਮਲਿਕ ਦੀ ਹੱਤਿਆ ਲਈ ਇਨ੍ਹਾਂ ਦੋਵਾਂ ਨੂੰ ਸੁਪਾਰੀ ਦਿੱਤੀ ਗਈ ਸੀ। ਲੋਪੇਜ਼ ਦੀ ਵਕੀਲ ਗਲੋਰੀਆ ਐਨਜੀ ਨੇ ਕਿਹਾ, “ਸਾਨੂੰ ਸਹਿਮਤੀ ਨਾਲ ਤਿਆਰ ਤੱਥਾਂ ‘ਤੋਂ ਪਤਾ ਚੱਲਦਾ ਹੈ ਕਿ ਇਸ ਅਪਰਾਧ ਨੂੰ ਅੰਜਾਮ ਦੇਣ ਲਈ ਵਿੱਤੀ ਲਾਲਚ ਦਿੱਤਾ ਗਿਆ ਸੀ।
329 ਲੋਕਾਂ ਦੀ ਹੋਈ ਸੀ ਮੌਤ
1985 ਏਅਰ ਇੰਡੀਆ ਦੇ ਜਹਾਜ਼ ਵਿੱਚ ਬੰਬ ਧਮਾਕਾ ਕੈਨੇਡੀਅਨ ਅਤੇ ਏਅਰਲਾਈਨ ਇਤਿਹਾਸ ਵਿੱਚ ਸਭ ਤੋਂ ਭਿਆਨਕ ਅੱਤਵਾਦੀ ਹਮਲਿਆਂ ਵਿੱਚੋਂ ਇੱਕ ਹੈ। 23 ਜੂਨ 1985 ਨੂੰ ਏਅਰ ਇੰਡੀਆ ਦੀ ਫਲਾਈਟ ਨੰਬਰ 182 ਵਿੱਚ 268 ਕੈਨੇਡੀਅਨ ਨਾਗਰਿਕ ਅਤੇ 24 ਭਾਰਤੀ ਨਾਗਰਿਕਾਂ ਸਮੇਤ 329 ਲੋਕ ਸਨਾਰ ਸਨ। ਇਸ ਜਹਾਜ਼ ਨੇ ਟੋਰਾਂਟੋ ਤੋਂ ਉਡਾਣ ਭਰੀ ਅਤੇ ਮਾਂਟਰੀਅਲ ਵਿੱਚ ਰੁਕਿਆ, ਜਿੱਥੋਂ ਇਹ ਲੰਡਨ ਅਤੇ ਫਿਰ ਆਪਣੀ ਆਖਰੀ ਮੰਜ਼ਿਲ ਮੁੰਬਈ ਲਈ ਰਵਾਨਾ ਹੋਇਆ। ਜਹਾਜ਼ ਐਟਲਾਂਟਿਕ ਮਹਾਸਾਗਰ ਦੇ ਉੱਪਰ 31,000 ਫੁੱਟ ਦੀ ਉਚਾਈ ‘ਤੇ ਉੱਡ ਰਿਹਾ ਸੀ ਜਦੋਂ ਸੂਟਕੇਸ ਵਿਚ ਬੰਬ ਫਟ ਗਿਆ, ਜਿਸ ਵਿਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ।
ਰਿਪੁਦਮਨ ਸਿੰਘ ਮਲਿਕ ਦੀ 2022 ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਕੈਨੇਡੀਅਨ ਪੁਲਿਸ ਨੇ ਮਲਿਕ ਦੇ ਕਤਲ ਵਿੱਚ ਭਾਰਤ ਦੀ ਭੂਮਿਕਾ ਦੀ ਜਾਂਚ ਕਰਨ ਦੀ ਗੱਲ ਕੀਤੀ ਸੀ। ਰਿਪੁਦਮਨ ਸਿੰਘ ਮਲਿਕ ‘ਤੇ ਖਾਲਿਸਤਾਨੀ ਹੋਣ ਦਾ ਦੋਸ਼ ਲਾਇਆ ਗਿਆ ਸੀ। ਉਸ ਨੇ ਖਾਲਸਾ ਕਰੈਡਿਟ ਯੂਨੀਅਨ ਦੀ ਸਥਾਪਨਾ ਕੀਤੀ। ਉਹ ਇੱਕ ਦਹਾਕੇ ਤੋਂ ਭਾਰਤ ਦੀ ਬਲੈਕਲਿਸਟ ਵਿੱਚ ਸੀ। ਮਲਿਕ 1972 ਵਿੱਚ ਕੈਨੇਡਾ ਗਿਆ ਸੀ। ਉਥੇ ਉਹ ਖਾਲਸਾ ਸਕੂਲ ਚਲਾਉਂਦਾ ਸੀ। ਉਹ ਕੈਬ ਡਰਾਈਵਰ ਵਜੋਂ ਵੀ ਕੰਮ ਕਰਦਾ ਸੀ।
ਟਰੂਡੋ ਦੇ ਮੂੰਹ ‘ਤੇ ਚਪੇੜ
ਟੈਨਰ ਫੌਕਸ ਅਤੇ ਜੋਸ ਲੋਪੇਜ਼ ਦਾ ਦੋਸ਼ੀ ਮੰਨਣਾ ਟਰੂਡੋ ਦੇ ਮੂੰਹ ‘ਤੇ ਕਰਾਰੀ ਚਪੇੜ ਹੈ। ਕਿਉਂਕਿ ਕੈਨੇਡੀਅਨ ਪ੍ਰਧਾਨ ਮੰਤਰੀ ਖਾਲਿਸਤਾਨੀਆਂ ਦੇ ਸ਼ੁਭਚਿੰਤਕ ਰਹੇ ਹਨ। ਉਹ ਉਨ੍ਹਾਂ ਦੀ ਆਵਾਜ਼ ਉਠਾਉਂਦੇ ਰਹੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਹਰਦੀਪ ਸਿੰਘ ਨਿੱਝਰ ਨੂੰ ਲੈ ਕੇ ਭਾਰਤ ‘ਤੇ ਕਈ ਆਰੋਪ ਲਗਾਏ ਸਨ। ਇਸ ਤੋਂ ਬਾਅਦ ਭਾਰਤ ਨੇ ਕੈਨੇਡਾ ਤੋਂ ਆਪਣੇ ਡਿਪਲੋਮੈਟਸ ਨੂੰ ਵਾਪਸ ਬੁਲਾ ਲਿਆ ਸੀ। ਟਰੂਡੋ ਨੇ ਭਾਰਤ ‘ਤੇ ਪਾਬੰਦੀਆਂ ਲਗਾਉਣ ਦੀ ਧਮਕੀ ਵੀ ਦਿੱਤੀ ਸੀ। ਭਾਰਤ ਟਰੂਡੋ ਦੇ ਹਰ ਆਰੋਪ ਦਾ ਮੂੰਹਤੋੜ ਜਵਾਬ ਦੇ ਰਿਹਾ ਹੈ। ਵਿਦੇਸ਼ ਮੰਤਰਾਲਾ ਉਨ੍ਹਾਂ ਦੇ ਆਰੋਪਾਂ ਨੂੰ ਖਾਰਜ ਕਰ ਚੁੱਕਾ ਹੈ।