ਸ਼ਮਾ ਨੇ ਰੋਹਿਤ ਦੀ ਕਪਤਾਨੀ ‘ਤੇ ਆਪਣੀ ਟਿੱਪਣੀ ਤੋਂ ਪਿੱਛੇ ਹਟਦੇ ਹੋਏ ਖੇਡ ‘ਚ ਉਨ੍ਹਾਂ ਦੀ ਅਗਵਾਈ ਦੀ ਪ੍ਰਸ਼ੰਸਾ ਕੀਤੀ ਪਰ ਉਦੋਂ ਤਕ ਦੇਰ ਹੋ ਚੁੱਕੀ ਸੀ।
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਪਿਨਰ ਹਰਭਜਨ ਸਿੰਘ ਨੇ ਕਾਂਗਰਸ ਦੀ ਤਰਜਮਾਨ ਸ਼ਮਾ ਮੁਹੰਮਦ ਵੱਲੋਂ ਰੋਹਿਤ ਸ਼ਰਮਾ ਦੀ ਫਿਟਨੈੱਸ ਬਾਰੇ ਕੀਤੀ ਹਾਲੀਆ ਟਿੱਪਣੀ ਦੀ ਨਿੰਦਾ ਕੀਤੀ ਹੈ। ਭੱਜੀ ਨੇ ਕਾਂਗਰਸ ਨੇਤਾ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਪੁੱਛਿਆ ਕਿ ਸ਼ਮਾ ਨੂੰ ਖੇਡ ਬਾਰੇ ਕਿੰਨੀ ਕੁ ਜਾਣਕਾਰੀ ਹੈ। ਇਸ ਤੋਂ ਇਲਾਵਾ ਭੱਜੀ ਨੇ ਇਹ ਵੀ ਪੁੱਛਿਆ ਕਿ ਉਨ੍ਹਾਂ ਦੀਆਂ ਆਪਣੀਆਂ ਪ੍ਰਾਪਤੀਆਂ ਕੀ ਹਨ।
ਚੈਂਪੀਅਨਜ਼ ਟਰਾਫੀ 2025 ਦੇ ਸੈਮੀਫਾਈਨਲ ਦੌਰਾਨ ਰੋਹਿਤ ਸ਼ਰਮਾ ਦੀ ਫਿਟਨੈੱਸ ਬਾਰੇ ਕਾਂਗਰਸ ਆਗੂ ਸ਼ਮਾ ਮੁਹੰਮਦ ਨੇ ਟਿੱਪਣੀ ਕੀਤੀ ਸੀ। ਸ਼ਮਾ ਨੇ ਇਕ ਪੋਸਟ ‘ਚ ਜਿਸਨੂੰ ਹੁਣ ਡਿਲੀਟ ਕਰ ਦਿੱਤਾ ਹੈ, ਲਿਖਿਆ ਸੀ ਕਿ ਇਕ ਖਿਡਾਰੀ ਦੇ ਤੌਰ ‘ਤੇ ਮੋਟੇ ਹਨ। ਐਕਸ ‘ਤੇ ਇਕ ਵੱਖਰੀ ਪੋਸਟ ‘ਚ, ਸ਼ਮਾ ਨੇ ਰੋਹਿਤ ਨੂੰ ਸਭ ਤੋਂ ਅਸਰਦਾਰ ਕਪਤਾਨ ਵੀ ਕਿਹਾ ਸੀ।
ਹਾਲਾਂਕਿ, ਮੰਗਲਵਾਰ ਨੂੰ ਸੈਮੀਫਾਈਨਲ ‘ਚ ਭਾਰਤ ਨੇ ਆਸਟ੍ਰੇਲੀਆ ਨੂੰ ਹਰਾਇਆ। ਇਸ ਤੋਂ ਬਾਅਦ ਸ਼ਮਾ ਨੇ ਰੋਹਿਤ ਦੀ ਕਪਤਾਨੀ ‘ਤੇ ਆਪਣੀ ਟਿੱਪਣੀ ਤੋਂ ਪਿੱਛੇ ਹਟਦੇ ਹੋਏ ਖੇਡ ‘ਚ ਉਨ੍ਹਾਂ ਦੀ ਅਗਵਾਈ ਦੀ ਪ੍ਰਸ਼ੰਸਾ ਕੀਤੀ ਪਰ ਉਦੋਂ ਤਕ ਦੇਰ ਹੋ ਚੁੱਕੀ ਸੀ। ਭਾਰਤੀ ਕ੍ਰਿਕਟ ‘ਚ ਸ਼ਮਾ ਦੀ ਆਲੋਚਨਾ ਹੋਣ ਲੱਗੀ ਸੀ।
ਹੁਣ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਪਿਨਰ ਹਰਭਜਨ ਸਿੰਘ ਨੇ ਸ਼ਮਾ ਦੀ ਖੇਡ ਬਾਰੇ ਜਾਣਕਾਰੀ ਦੇ ਬਗੈਰ ਰੋਹਿਤ ਦੀ ਆਲੋਚਨਾ ਕਰਨ ਦੇ ਕਦਮ ‘ਤੇ ਸਵਾਲ ਉਠਾਇਆ। ਇੰਡੀਆ ਟੁਡੇ ਨਾਲ ਗੱਲਬਾਤ ਕਰਦਿਆਂ ਹਰਭਜਨ ਸਿੰਘ ਨੇ ਕਾਂਗਰਸ ਆਗੂ ਨੂੰ ਘੇਰਿਆ।
ਉਂਗਲ ਚੁੱਕਣਾ ਆਸਾਨ
ਭੱਜੀ ਨੇ ਕਿਹਾ, ਠੀਕ ਹੈ, ਅਜਿਹੇ ਲੋਕ ਹੋਣਗੇ ਜੋ ਉਨ੍ਹਾਂ ਦੀ ਫਿਟਨੈੱਸ, ਕਪਤਾਨੀ ਕੌਸ਼ਲ ਬਾਰੇ ਗੱਲ ਕਰਦੇ ਰਹਿਣਗੇ। ਪਰ ਮੈਂ ਉਸ ਔਰਤਾਂ ਤੋਂ ਇਕ ਬਹੁਤ ਹੀ ਸਧਾਰਨ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਖੇਡ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਦੀਆਂ ਆਪਣੀਆਂ ਪ੍ਰਾਪਤੀਆਂ ਕੀ ਹਨ? ਇਸ ਲਈ, ਕਿਸੇ ਵੱਲ ਉਂਗਲ ਚੁੱਕਣਾ ਆਸਾਨ ਹੈ।
ਰੋਹਿਤ ਨਿਰਸਵਾਰਥ ਵਿਅਕਤੀ
ਹਰਭਜਨ ਸਿੰਘ ਨੇ ਅੱਗੇ ਕਿਹਾ, ਰੋਹਿਤ ਸ਼ਰਮਾ ਬਹੁਤ ਮਿਹਨਤੀ ਹਨ, ਉਹ ਨਿਸ਼ਕਾਮ ਵਿਅਕਤੀ ਹਨ। ਉਹ ਇਕ ਅਜਿਹੇ ਸ਼ਖ਼ਸ ਹਨ ਜੋ ਅਗੇ ਵੱਧ ਕੇ ਅਗਵਾਈ ਕਰਦੇ ਹਨ, ਜੋ ਹਮੇਸ਼ਾ ਆਪਣੇ ਤੋਂ ਪਹਿਲਾਂ ਟੀਮ ਦੇ ਹਿਤ ਨੂੰ ਰੱਖਦੇ ਹਨ। ਉਨ੍ਹਾਂ ਵਰਗਾ ਲੀਡਰ ਤੇ ਉਨ੍ਹਾਂ ਵਰਗਾ ਖਿਡਾਰੀ ਹੋਣਾ ਚੰਗਾ ਹੈ।
ਦੱਸਣਯੋਗ ਹੈ ਕਿ ਐਤਵਾਰ, 9 ਮਾਰਚ ਨੂੰ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ‘ਚ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ। ਭਾਰਤੀ ਟੀਮ ਟੂਰਨਾਮੈਂਟ ‘ਚ ਹੁਣ ਤਕ ਅਜੇਤੂ ਰਹੀ ਹੈ। ਉੱਥੇ ਹੀ, ਨਿਊਜ਼ੀਲੈਂਡ ਨੂੰ ਭਾਰਤ ਦੇ ਹੱਥੋਂ ਲੀਗ ਸਟੇਜ ‘ਤੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ।