ਮਈ ਦਿਵਸ ਦੀ ਸ਼ੁਰੂਆਤ ਵਿੱਚ ਟੈਕਨੀਕਲ ਸਰਵਿਸਜ਼ ਯੂਨੀਅਨ, ਠੇਕਾ ਮੁਲਾਜਮ ਜਥੇਬੰਦੀ ਵੱਲੋਂ ਆਪੋ ਆਪਣੇ ਝੰਡੇ ਲਹਿਰਾਉਣ ਉਪਰੰਤ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਖੰਨਾ ਰੋਡ ਸਮਰਾਲਾ ਵਿਖੇ ਸ਼ਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਸਿਕੰਦਰ ਸਿੰਘ ਮੰਡਲ ਪ੍ਰਧਾਨ ਪੈਨਸ਼ਨਰਜ਼ ਐਸੋ:, ਸੰਗਤ ਸਿੰਘ ਸੇਖੋਂ ਮੰਡਲ ਪ੍ਰਧਾਨ ਟੀ.ਐਸ.ਯੂ. ਦੀ ਸਾਂਝੀ ਪ੍ਰਧਾਨਗੀ ਹੇਠ ਮਈ ਦਿਵਸ ਮਨਾਇਆ ਗਿਆ। ਮਈ ਦਿਵਸ ਦੀ ਸ਼ੁਰੂਆਤ ਵਿੱਚ ਟੈਕਨੀਕਲ ਸਰਵਿਸਜ਼ ਯੂਨੀਅਨ, ਠੇਕਾ ਮੁਲਾਜਮ ਜਥੇਬੰਦੀ ਵੱਲੋਂ ਆਪੋ ਆਪਣੇ ਝੰਡੇ ਲਹਿਰਾਉਣ ਉਪਰੰਤ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਬੁਲਾਰਿਆਂ ਵੱਲੋਂ ਮਈ 1886 ਦੇ ਮਜ਼ਦੂਰ ਸ਼ਹੀਦਾਂ ਅਤੇ ਮਹਾਨ ਪ੍ਰਾਪਤੀਆਂ ਦੀ ਜਾਣਕਾਰੀ ਦਿੱਤੀ, ਜਿਨ੍ਹਾਂ ਵਿੱਚ ਡਿਊਟੀ ਸਮਾਂ ਅੱਠ ਘੰਟੇ, ਮਹੀਨੇ ਬਾਅਦ ਤਨਖਾਹ, ਮੈਡੀਕਲ ਸਹੂਲਤਾਂ, ਪੈਨਸ਼ਨ ਦੇ ਹੱਕ, ਹੱਕਾਂ ਦੀ ਸੁਰੱਖਿਆ ਸਬੰਧੀ ਕਾਨੂੰਨ ਬਣਾਉਣ ਸਬੰਧੀ ਚਾਨਣਾ ਪਾਇਆ ਗਿਆ। ਅੱਜ ਦੇ ਹਾਲਾਤਾਂ ਸਬੰਧੀ ਬੁਲਾਰਿਆਂ ਨੇ ਕਿਹਾ ਕਿ ਅਸੀਂ ਗੋਰੇ ਅੰਗਰੇਜ਼ਾਂ ਤੋਂ ਦੇਸ਼ ਅਜ਼ਾਦ ਕਰਵਾ ਲਿਆ ਪਰ ਹੁਣ ਵਾਲੀਆਂ ਸਰਕਾਰਾਂ ਵੀ ਮਜ਼ਦੂਰਾਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਸੋਸ਼ਣ ਕਰ ਰਹੀਆਂ ਹਨ ਜਿਵੇਂ ਪੱਕੀ ਭਰਤੀ ਨਾ ਕਰਨਾ, ਕੱਚੇ ਕਾਮਿਆਂ ਨੂੰ ਪੱਕੇ ਨਾ ਕਰਨਾ, ਘੱਟੋ-ਘੱਟ ਉਜਰਤਾਂ ਨਾ ਦੇਣੀਆਂ, ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਨਾ, ਨਵੀਂ ਖੇਤੀ ਮੰਡੀਕਰਨ ਨੀਤੀ ਰਾਹੀਂ ਮੰਡੀਆਂ ਦਾ ਖਾਤਮਾ ਕਰਨਾ ਆਦਿ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਸਮੇਂ ਦੀ ਮੁੱਖ ਲੋੜ ਹੈ ਕਿ ਸ਼ਹੀਦਾਂ ਵੱਲੋਂ ਅਰੰਭੇ ਗਏ ਕਾਰਜ ਨੂੰ ਪੂਰਾ ਕਰਨ ਲਈ ਸਾਰੀਆਂ ਜਥੇਬੰਦੀਆਂ ਨੂੰ ਇਕਜੁੱਟ ਹੋ ਕੇ ਲੰਬੇ ਸੰਘਰਸ਼ਾਂ ਦੇ ਰਾਹ ਪੈਣਾ ਚਾਹੀਦਾ ਹੈ।
ਅੱਜ ਦੇ ਬੁਲਾਰਿਆਂ ਵਿੱਚ ਪ੍ਰਮੁੱਖ ਤੌਰ ‘ਤੇ ਸਿਕੰਦਰ ਸਿੰਘ ਮੰਡਲ ਪ੍ਰਧਾਨ, ਇੰਜ: ਪ੍ਰੇਮ ਸਿੰਘ ਰਿਟਾ: ਐਸ. ਡੀ. ਓ., ਜਗਤਾਰ ਸਿੰਘ ਪ੍ਰੈਸ ਸਕੱਤਰ, ਜਸਵੰਤ ਸਿੰਘ ਢੰਡਾ, ਭੁਪਿੰਦਰਪਾਲ ਚਹਿਲਾਂ, ਦਰਸ਼ਨ ਸਿੰਘ ਗੜ੍ਹੀ, ਪ੍ਰੇਮ ਕੁਮਾਰ ਸਮਰਾਲਾ, ਅਮਰਜੀਤ ਸਿੰਘ ਮਾਛੀਵਾੜਾ, ਪ੍ਰੇਮ ਚੰਦ ਭਲਾ ਲੋਕ, ਦਰਸ਼ਨ ਸਿੰਘ ਕੋਟਾਲਾ, ਸੁਰਜੀਤ ਵਿਸ਼ਾਦ ਅਤੇ ਟੈਕਨੀਕਲ ਸਰਵਿਸਜ਼ ਯੂਨੀਅਨ ਵੱਲੋਂ ਦਰਸ਼ਨ ਸਿੰਘ ਢੰਡਾ, ਸੰਗਤ ਸਿੰਘ ਸੇਖੋਂ, ਪ੍ਰੀਤਮ ਸਿੰਘ ਚਹਿਲਾਂ, ਪੈਨਸ਼ਨਰਜ਼ ਮਹਾਂਸੰਘ ਵੱਲੋਂ ਕੁਲਵੰਤ ਸਿੰਘ ਤਰਕ, ਸੀ. ਐਚ. ਵੀ. ਆਗੂ ਜਸਵੀਰ ਸਿੰਘ ਸਮਰਾਲਾ, ਜਲ ਸਪਲਾਈ ਵੱਲੋਂ ਕਰਮ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਸਰਕਾਰ ਦੀ ਲੋਕ ਵਿਰੋਧੀ ਨੀਤੀ ਦੀ ਨਖੇਧੀ ਕੀਤੀ ਅਤੇ ਕਾਮਿਆਂ ਨੂੰ ਲੋੜੀਂਦੀਆਂ ਸਹੂਲਤਾਂ ਅਤੇ ਜਾਇਜ ਮੰਗਾਂ ਲਾਗੂ ਕਰਨ ਦੀ ਅਪੀਲ ਕੀਤੀ।
ਅਖੀਰ ਭਰਪੂਰ ਸਿੰਘ ਸਰਕਲ ਪ੍ਰਧਾਨ ਪੈਨਸ਼ਨਰਜ਼ ਐਸੋ: ਵੱਲੋਂ ਇੱਕ ਮਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਪਾਵਰਕਾਮ ਵੱਲੋਂ ਕੁਝ ਡਵੀਜਨਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ, ਦੀ ਨਿਖੇਧੀ ਕੀਤੀ, ਜੇਕਰ ਨਿੱਜੀਕਰਨ ਦਾ ਫੈਸਲਾ ਵਾਪਸ ਨਾ ਲਿਆ ਤਾਂ ਸਾਂਝਾ ਸੰਘਰਸ਼ ਵਿੱਢਿਆ ਜਾਵੇਗਾ। ਅਖੀਰ ਵਿੱਚ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ਾਮਲ ਸਾਥੀਆਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਦਰਸ਼ਨ ਸਿੰਘ ਢੰਡਾ ਸਕੱਤਰ ਟੀ. ਐਸ. ਯੂ. ਵੱਲੋਂ ਨਿਭਾਈ ਗਈ।