ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਇਸ ਟਰੈਵਲ ਏਜੰਸੀ ਦੀ ਪਹਿਲਾਂ ਚੈਕਿੰਗ ਕੀਤੀ ਗਈ ਸੀ
ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਪੰਜਾਬ ਵਿਚਲੇ ਧੋਖੇਬਾਜ਼ ਤੇ ਫ਼ਰਜ਼ੀ ਟ੍ਰੈਵਲ ਏਜੰਟਾਂ ਖਿਲਾਫ਼ ਸ਼ਿਕੰਜਾ ਕੱਸਣ ਦੀ ਵਿੱਢੀ ਮੁਹਿੰਮ ਤਹਿਤ ਐਸ ਡੀ ਐਮ ਭੁਲੱਥ ਡੈਵੀ ਗੋਇਲ ਅਤੇ ਨਾਇਬ ਤਹਿਸੀਲਦਾਰ ਹਰਪ੍ਰੀਤ ਸਿੰਘ ਗਿੱਲ ਵਲੋਂ ਸਬ-ਡਵੀਜ਼ਨ ਭੁਲੱਥ ਅਧੀਨ ਆਉਂਦੇ ਕਸਬਾ ਭੁਲੱਥ,ਨਡਾਲਾ ਅੰਦਰ ਆਈਲੈਟਸ ਸੈਂਟਰਾਂ, ਹਵਾਈ ਟਿਕਟ ਏਜੰਸੀਆਂ ਤੇ ਟ੍ਰੈਵਲ ਏਜੰਸੀਆਂ ਦੀ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ । ਜਿਸ ਦੇ ਚਲਦਿਆਂ ਕਸਬਾ ਭੁਲੱਥ ਵਿਖੇ ਸਥਿਤ ਜਪਨੂਰ ਟ੍ਰੈਵਲ ਏਜੰਸੀ ਦੇ ਲੋੜੀਂਦੇ ਕਾਗਜ਼ਾਤ ਪੂਰੇ ਨਾ ਹੋਣ ‘ਤੇ ਉਸ ਦਫਤਰ ਨੂੰ ਸੀਲ ਕਰ ਦਿੱਤਾ ਗਿਆ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਇਸ ਟਰੈਵਲ ਏਜੰਸੀ ਦੀ ਪਹਿਲਾਂ ਚੈਕਿੰਗ ਕੀਤੀ ਗਈ ਸੀ ਅਤੇ ਏਜੰਸੀ ਦੇ ਮਾਲਕ ਨੂੰ ਏਜੰਸੀ ਨਾਲ ਸੰਬੰਧਿਤ ਕਾਗਜ਼ਾਤ ਟ੍ਰੈਵਲ ਲਾਈਸੈਂਸ ਪੇਸ਼ ਕਰਨ ਲਈ ਕਰੀਬ ਦੱਸ ਦਿਨ ਦਾ ਸਮਾਂ ਦਿੱਤਾ ਗਿਆ ਸੀ ਪਰੰਤੂ ਦਿੱਤਾ ਸਮਾਂ ਬੀਤ ਜਾਣ ‘ਤੇ ਵੀ ਏਜੰਸੀ ਦਾ ਮਾਲਕ ਕੋਈ ਕਾਗਜ਼ਾਤ ਪੇਸ਼ ਨਹੀਂ ਕਰ ਸਕਿਆ। ਜਿਸ ‘ਤੇ ਕਾਰਵਾਈ ਕਰਦੇ ਹੋਏ ਐਸ ਡੀ ਐਮ ਭੁਲੱਥ ਡੈਵੀ ਗੋਇਲ ਦੀ ਅਗਵਾਈ ਹੇਠ ਨਾਇਬ ਤਹਸੀਲਦਾਰ ਭੁਲੱਥ ਹਰਪ੍ਰੀਤ ਸਿੰਘ ਗਿੱਲ ਵੱਲੋਂ ਇਸ ਦਫਤਰ ਨੂੰ ਸੀਲ ਕਰ ਦਿੱਤਾ ਗਿਆ। ਇਸ ਸਬੰਧੀ ਐਸ ਡੀ ਐਮ ਡੈਵੀ ਗੋਇਲ ਨੇ ਕਿਹਾ ਜਿਨ੍ਹਾਂ ਪਾਸ ਉਪਰੋਕਤ ਸਬੰਧੀ ਲਾਈਸੈਂਸ ਨਹੀਂ ਹਨ ਉਨ੍ਹਾਂ ਖਿਲਾਫ਼ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2012 ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।