ਦੀਵਾ ਮਿੱਟੀ ਦਾ ਹੋਵੇ, ਆਟੇ ਦਾ ਬਣਾਇਆ ਹੋਵੇ, ਕਿਸੇ ਧਾਤ ਜਾਂ ਸੋਨੇ ਦਾ ਹੋਵੇ, ਇਹ ਗੱਲ ਬਹੁਤਾ ਮਹੱਤਵ ਨਹੀਂ ਰੱਖਦੀ।
ਜਗਦਾ ਦੀਵਾ ਬਹੁਤ ਵਸੀਹ ਅਰਥ ਪ੍ਰਦਾਨ ਕਰਨ ਵਾਲੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ। ਦੀਵੇ ਦੀ ਬੇਗ਼ਰਜ਼ ਤੇ ਨਿਰਸਵਾਰਥ ਫ਼ਿਤਰਤ ਦਾ ਇਕ ਖ਼ੂਬਸੂਰਤ ਪਹਿਲੂ ਵੇਖੋ ਕਿ ਕਾਰੀਗਰ ਉਸ ਨੂੰ ਬਣਾਉਂਦਾ ਹੀ ਬਲਣ ਵਾਸਤੇ ਹੈ। ਹਨੇਰੇ ਨੂੰ ਮਿਟਾਉਣਾ ਤੇ ਚਾਨਣ ਦਾ ਪਾਸਾਰ ਕਰਨਾ ਹੀ ਜਿਵੇਂ ਦੀਵੇ ਦਾ ਧਰਮ ਹੁੰਦਾ ਹੋਵੇ। ਇਹੀ ਸੰਕਲਪ ਲੈ ਕੇ ਉਹ ਆਕਾਰ ਗ੍ਰਹਿਣ ਕਰਦਾ ਹੈ। ਦੀਵਾ ਘਰਾਂ ਦੀ ਬਰਕਤ ਹੁੰਦਾ ਹੈ ਤੇ ਬਰੂਹਾਂ ਦੀ ਹਲੀਮੀ, ਨਿਮਰਤਾ ਅਤੇ ਸਵਾਗਤ ਕਰਨ ਦੀ ਸੁਰ ਦਾ ਅਜੀਬ ਅਤੇ ਵਿਸ਼ੇਸ਼ ਅੰਦਾਜ਼!
ਕਿਸੇ ਵਿਅਕਤੀ/ਸੰਸਥਾ ਵੱਲੋਂ ਸਮਾਜ ਦੀ ਬਿਹਤਰੀ ਵਾਸਤੇ ਜਾਂ ਸੁਖਾਵੇਂ ਭਵਿੱਖ ਵਾਸਤੇ ਕੋਈ ਨਵੀਂ ਵਿਉਂਤਬੰਦੀ ਘੜਨ, ਨਵਾਂ ਵਿਚਾਰ ਪੇਸ਼ ਕਰਨ, ਨਵਾਂ ਰਸਤਾ ਸੁਝਾਉਣ, ਲੋਕਾਂ ਵਲੋਂ ਉਸ ਨੂੰ ਸਵੀਕਾਰ ਕਰ ਲੈਣ ਆਦਿ ਨੂੰ ਆਪਣੇ ਵਿਚਾਰਾਂ ਨਾਲ ਚੇਤਨਾ ਦੇ ਦੀਵੇ ਬਾਲਣਾ ਕਹਿ ਲਿਆ ਜਾਂਦਾ ਹੈ। ਕੁਝ ਲੋਕ ਜਿਨ੍ਹਾਂ ਨੂੰ ਚਾਨਣ ਸੁਖਾਉਂਦਾ ਨਹੀਂ, ਉਹ ਜਗਦੇ ਦੀਵਿਆਂ ਨੂੰ ਬੁਝਾਉਣ ਲਈ ਪੂਰੀ ਵਾਹ ਲਾ ਦਿੰਦੇ ਹਨ। ਦੀਵਾ ਤਾਂ ਸਵੈ ਨੂੰ ਮਿਟਾ ਕੇ ਦੂਜਿਆਂ ਨੂੰ ਲੋਅ ਵੰਡਣ ਵਾਲੇ ਸਾਧਕ ਵਰਗਾ ਹੁੰਦਾ ਹੈ। ਦੀਵਾ ਮਨੁੱਖ ਨੂੰ ਆਸ਼ਾਵਾਦੀ ਹੋਣ ਦਾ ਸੰਦੇਸ਼ ਦਿੰਦਾ ਆਇਆ ਹੈ:
‘ਆੜੂਏ ਦਾ ਬੂਟਾ ਅਸਾਂ ਪਾਣੀ ਦੇ ਦੇ ਪਾਲਿਆ, ਆਸ ਵਾਲਾ ਦੀਵਾ, ਅਸਾਂ ਵਿਹੜੇ ਵਿਚ ਬਾਲਿਆ।’
ਪੀਰਾਂ ਫ਼ਕੀਰਾਂ ਦੀਆਂ ਦਰਗਾਹਾਂ ’ਤੇ ਅਤੇ ਦੇਹਰੀ ’ਤੇ ਜਗਦਾ ਦੀਵਾ ਵੀ ਕਿਸੇ ਨੂੰ ਆਤਮਿਕ ਬਲ ਪ੍ਰਦਾਨ ਕਰ ਰਿਹਾ ਹੋ ਸਕਦਾ ਹੈ।
ਦੀਵੇ ਤੇ ਬੱਤੀ ਦਾ
ਗੂੜ੍ਹਾ ਸਬੰਧ
ਦੀਵੇ ਤੇ ਉਸ ਵਿਚਲੀ ਬੱਤੀ ਦਾ ਆਪਸ ’ਚ ਗੂੜ੍ਹਾ ਸਬੰਧ ਹੁੰਦਾ ਹੈ। ਆਖਦੇ ਹਨ ਘਿਓ ਤੇ ਰੂੰ ਸਦੀਆਂ ਤੋਂ ਜਲਦੇ ਚਲੇ ਆ ਰਹੇ ਹਨ। ਲੋਕ ਇਹ ਵੀ ਕਹਿੰਦੇ ਹਨ ਕਿ ਦੀਵਾ ਜਲ ਰਿਹਾ ਹੈ। ਅਸਲ ਵਿਚ ਬਲਣ ਵਾਲੀ ਸਮੱਗਰੀ ਹੋਰ ਹੈ, ਨਾਂ ਦੀਵੇ ਦਾ ਲਿਆ ਜਾਂਦਾ ਹੈ। ਅਜਿਹਾ ਵੀ ਕਿਸੇ ਕਿਸੇ ਦੇ ਮੁਕੱਦਰ ਵਿਚ ਹੀ ਹੁੰਦਾ ਹੈ।
ਮਹਿਫ਼ਲ ਸਜਾਉਣ ਲਈ ਦੀਵੇ ਜਗਾਏ ਜਾਂਦੇ ਹਨ। ਇਹ ਵੀ ਤਾਂ ਦੀਵੇ ਦੀ ਖੁਸ਼ਕਿਸਮਤੀ ਹੀ ਸਮਝੀ ਜਾਣੀ ਚਾਹੀਦੀ ਹੈ। ਦੀਵਾ ਤੇ ਬੱਤੀ ਦੋਵੇਂ ਇਕ-ਦੂਜੇ ਦੇ ਪੂਰਕ ਹਨ। ਦੀਵੇ ਵਿਚਲਾ ਤੇਲ, ਘਿਓ ਉਸ ਦੀ ਜਿੰਦ ਜਾਨ ਹੈ। ਦੀਵਿਆਂ ਵਿਚਲੀਆਂ ਬੱਤੀਆਂ ਸਦਾ ਸਲਾਮਤ ਰਹਿਣ, ਦੀਵਿਆਂ ਵਿਚਲਾ ਤੇਲ ਉਨ੍ਹਾਂ ਨੂੰ ਊਰਜਾ ਪ੍ਰਦਾਨ ਕਰਦਾ ਰਹੇ ! ਦੀਵਾ ਹਨੇਰੇ ਤੋਂ ਰੌਸ਼ਨੀ ਵੱਲ ਜਾਣ ਦਾ ਪ੍ਰਤੀਕ ਹੈ। ਵਿਸ਼ਵ ਦੇ ਧਰਮ ਮਨੁੱਖ ਨੂੰ ਆਤਮਿਕ ਪ੍ਰਕਾਸ਼ ਹਾਸਿਲ ਕਰਨ ਲਈ ਰੌਸ਼ਨੀ ਵੱਲ ਜਾਂਦਾ ਰਸਤਾ ਵਿਖਾਉਂਦੇ ਹਨ।
ਧਰਮ ਮਨੁੱਖੀ ਮਨ ਅੰਦਰ ਗਿਆਨ ਦਾ ਦੀਵਾ ਜਗਾਉਣ ਦੀ ਪ੍ਰੇਰਨਾ ਵੀ ਦਿੰਦੇ ਹਨ। ਅੱਖਾਂ ਦੀ ਬਾਹਰੀ, ਮਨ ਅੰਦਰਲੀ ਤੇ ਦੁਨਿਆਵੀ ਰੌਸ਼ਨੀ ਦੇ ਨਾਲ-ਨਾਲ ਮਨ ਅੰਦਰ ਪ੍ਰਕਾਸ਼ ਕਰਨ ਲਈ ਵੀ ਦੀਵੇ ਜਗਾਉਣ ਦੀ ਲੋੜ ਹੈ। ਦੀਵਾ, ਦੀਵੇ ਦੀ ਬੱਤੀ, ਦੀਵੇ ਦੀ ਲਾਟ, ਜਗਦੀ ਜੋਤ ਆਦਿ ਧਰਮ, ਲੋਕ ਧਰਮ, ਪੂਜਾ ਤੇ ਪੂਜਾ ਵਿਧੀਆਂ ਦੇ ਖੇਤਰ ਨਾਲ ਜੁੜਨ ਵਾਲੇ ਸਰੋਕਾਰ ਵੀ ਬਣਦੇ ਹਨ।ਜਗਦੇ ਦੀਵੇ ਨੂੰ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਦੁਨਿਆਵੀ ਰਿਸ਼ਤਿਆਂ ਵਿਚ
ਇਕ ਭੈਣ ਆਪਣੇ ਭਰਾ ਪ੍ਰਤੀ ਪਿਆਰ-ਸਤਿਕਾਰ ਪ੍ਰਗਟ ਕਰਦਿਆਂ ਕਹਿੰਦੀ ਹੈ:
‘ਜਾ ਵੀਰਾ ਬੈਠਾ ਚਾਕੇ,
ਭਾਂਡਿਆਂ ਰਿਸ਼ਮਾਂ ਛੱਡੀਆਂ
ਜਾ ਵੀਰ ਵੜਿਆ ਅੰਦਰ,
ਦੀਵਾ ਲਟ ਲਟ ਬਲਿਆ।’
ਲਟ-ਲਟ ਬਲਦਾ ਦੀਵਾ ਬਹੁਤ ਕੁਝ ਕਹਿੰਦਾ ਹੈ। ਕਈ ਸੰਕੇਤ ਕਰਦਾ ਹੈ। ਬਹੁਤ ਕੁਝ ਅਣਕਿਹਾ ਰਹਿਣ ਦਿੰਦਾ ਹੈ। ਕਈਆਂ ਦੇ ਮਨ ਅੰਦਰ ਚੇਤਨਾ ਦੇ ਦੀਵੇ ਜਗਾ ਦਿੰਦਾ ਹੈ । ਦੀਵਾ ਭੁੱਲੇ-ਭਟਕਿਆਂ ਨੂੰ ਰਸਤੇ ਵਿਖਾਉਂਦਾ ਹੈ। ਰੌਸ਼ਨੀ ਵੰਡਣਾ ਉਸ ਦੀ ਫ਼ਿਤਰਤ ਹੈ। ਅਨੇਕ ਸੰਸਥਾਵਾਂ ਦੇ ਲੋਗੋ ਦੀ ਸਿਰਜਣਾ ਸੰਸਥਾ ਦੇ ਸਿੱਖਿਆ ਪ੍ਰਦਾਨ ਕਰਨ ਦੇ ਥੀਮ ਮੁਤਾਬਿਕ ਕੀਤੀ ਜਾਂਦੀ ਹੈ। ਸਬੰਧਿਤ ਸੰਸਥਾ ਜਿਸ ਅਨੁਸ਼ਾਸਨ ਵਿਚ ਸਿੱਖਿਆ ਪ੍ਰਦਾਨ ਕਰਦੀ ਹੈ, ਉਸਨੂੰ ਲੋਗੋ ਰਾਹੀਂ ਸੰਕੇਤ ਰੂਪ ਵਿਚ ਵਿਖਾਉਣ ਦੇ ਨਾਲ ਉਸ ਵਿਚ ਜਗਦਾ ਦੀਵਾ ਜਾਂ ਦੀਵੇ ਦੀ ਲਾਟ ਨੂੰ ਵੀ ਵਿਖਾ ਦਿੱਤਾ ਜਾਂਦਾ ਹੈ। ਜਗਦੇ ਦੀਵੇ ਦਾ ਅਰਥ ਸਪੱਸ਼ਟ ਹੈ। ਮੁਸ਼ਕਿਲਾਂ, ਦੁਸ਼ਵਾਰੀਆਂ, ਚੁਣੌਤੀਆਂ ਤੇ ਵਿਪਰੀਤ ਸਥਿਤੀਆਂ ਦਾ ਮੁਕਾਬਲਾ ਕਰਨਾ ਕੋਈ ਦੀਵੇ ਕੋਲੋਂ ਸਿੱਖੇ। ਮਾਰੂ ਝੱਖੜ ਜੇ ਦੀਵੇ ਨੂੰ ਬੁਝਾ ਵੀ ਜਾਂਦਾ ਹੈ ਤਾਂ ਕੀ? ਦੀਵੇ ਨੇ ਤਾਂ ਵਾਅਦਾ ਨਿਭਾਉਣਾ ਹੁੰਦਾ ਹੈ, ਫ਼ਰਜ਼ ਅਦਾ ਕਰਨਾ ਹੁੰਦਾ ਹੈ।
ਉਸ ਨੂੰ ਧਰਾਤਲ ਉੱਪਰ ਟਿਕੇ ਰਹਿਣ ਦੀ ਲੋੜ ਹੁੰਦੀ ਹੈ। ਉਸ ਦੇ ਪੈਰ ਨਹੀਂ ਉਖੜਣੇ ਚਾਹੀਦੇ। ਦੀਵੇ ਦੀ ਇਸ ਆਸ ਵਿਚ ਜੀਵਨ ਦੇ ਗੁੱਝੇ ਭੇਦ ਛੁਪੇ ਹਨ। ਉਹ ਅਗਲੀ ਰਾਤ ਨੂੰ ਰੁਸ਼ਨਾਉਣ ਦੀ ਉਡੀਕ ਕਰਨ ਲੱਗ ਜਾਂਦਾ ਹੈ। ਦੀਵਾ ਉਮੀਦ ਤੇ ਰੌਸ਼ਨ ਭਵਿੱਖ ਦਾ ਪ੍ਰਤੀਕ ਬਣਦਾ ਹੈ। ਜ਼ਿਆਦਾ ਦਿਨਾਂ ਤੱਕ ਬੱਦਲ ਛਾਏ ਰਹਿਣ ਤੇ ਮੀਂਹ ਵਧੇਰੇ ਵਰ੍ਹਦਾ ਰਹਿਣ ਕਰ ਕੇ ਦੁਖੀ ਲੋਕ ਸੂਰਜ ਨਾਲ ਗਿਲਾ ਪ੍ਰਗਟ ਕਰਦਿਆਂ,ਉਸ ਨੂੰ ਛੇਤੀ ਵਿਖਾਈ ਦੇਣ ਲਈ ਕਹਿੰਦੇ ਹਨ। ਅਜਿਹੇ ਮੌਕੇ ਜੇ ਦਿਨ ਵੇਲੇ ਦੀਵਾ ਜਗਾਉਣ ਦੀ ਲੋੜ ਪੈ ਜਾਵੇ ਤਾਂ ਸੂਰਜ ਵਾਸਤੇ ਇਹ ਨਮੋਸ਼ੀ ਵਾਲੀ ਗੱਲ ਸਮਝੀ ਜਾਂਦੀ ਹੈ :
‘ਸੂਰਜਾ ਸੂਰਜਾ ਧੁੱਪ ਚੜ੍ਹਾ,ਧੁੱਪ ਚੜ੍ਹਾ ਕਿ ਬੱਦਲ ਉਡਾ, ਤੇਰੇ ਹੁੰਦਿਆਂ ਦੀਵਾ ਬਲਿਆ,
ਲਈ ਤੂੰ ਲੱਜ ਲਵਾ !’
ਦੀਵਾ ਬੋਲਦਾ ਕੁਝ ਨਹੀਂ ਫਿਰ ਵੀ ਬਹੁਤ ਕੁਝ ਕਹਿ ਜਾਂਦਾ ਹੈ। ਦੀਵਾ ਕਦੇ ਕਿਸੇ ਮਨੁੱਖ,ਸਮੇਂ, ਸਥਾਨ, ਸਥਿਤੀ ਆਦਿ ਨਾਲ ਪੱਖਪਾਤ ਨਹੀਂ ਕਰਦਾ।ਕਿਸੇ ਕਮਰੇ ਦੇ ਦਰਵਾਜ਼ੇ ਦੀ ਦਹਿਲੀਜ਼ ’ਤੇ ਬਾਲ ਕੇ ਰੱਖਿਆ ਦੀਵਾ ਬਿਨਾਂ ਕਿਸੇ ਭੇਦ-ਭਾਵ ਤੋਂ ਕਮਰੇ ਦੇ ਅੰਦਰ ਵੀ ਰੌਸ਼ਨੀ ਕਰਦਾ ਹੈ ਤੇ ਬਾਹਰ ਵੀ। ਦੀਵੇ ਦਾ ਸੁਭਾਅ ਕਿੰਨਾ ਵਚਿੱਤਰ ਹੈ। ਕਹਿੰਦੇ ਹਨ ਮਨ ਵਿਚ ਜਗਦੀ ਦੀਵੇ ਦੀ ਲੋਅ ਨੂੰ ਨਾ ਕੋਈ ਮੱਧਮ ਕਰ ਸਕਦਾ ਹੈ, ਨਾ ਬੁਝਾ ਸਕਦਾ ਹੈ।
ਦੀਵਾਲੀ ਦੀ ਰਾਤ ਦੀਵਿਆਂ ਦਾ ਚਾਨਣ
ਦੀਵਾਲੀ ਵਾਲੀ ਰਾਤ ਨੂੰ ਘਰ ਦੇ ਬਨੇਰਿਆਂ ’ਤੇ, ਮਮਟੀਆਂ ’ਤੇ, ਘਰ ਦੇ ਮੁੱਖ ਦਰਵਾਜ਼ੇ ਆਦਿ ’ਤੇ ਦੀਵੇ ਜਗਾਏ ਜਾਂਦੇ ਹਨ। ਘਰ ਦੇ ਹਰੇਕ ਕੋਨੇ ਨੂੰ ਰੌਸ਼ਨ ਕਰ ਦੇਣ ਦਾ ਯਤਨ ਕੀਤਾ ਜਾਂਦਾ ਹੈ, ਖ਼ੁਸ਼ੀ ਦੇ ਪ੍ਰਗਟਾਵੇ ਲਈ, ਜਿੱਤ ਦੇ ਜਸ਼ਨ ਮਨਾਉਣ ਲਈ ਦੀਵੇ ਜਗਾਏ ਜਾਂਦੇ ਹਨ। ਦੀਵਾਲੀ ਰੌਸ਼ਨੀਆਂ ਦਾ, ਜਗਦੇ ਦੀਵਿਆਂ ਦਾ ਤਿਉਹਾਰ ਹੈ। ਚੌਮੁਖੀਆ ਦੀਵਾ ਵੀ ਕਈ ਪੱਖਾਂ ਤੋਂ ਆਪਣੀ ਪਛਾਣ ਅਤੇ ਮਹੱਤਵ ਰੱਖਦਾ ਹੈ। ਇਸ ਦੀਵੇ ਦੇ ਚਾਰੇ ਪਾਸੇ ਦੀਵਾ ਰੱਖਣ ਲਈ ਥਾਂ ਬਣੀ ਹੁੰਦੀ ਹੈ। ਕੀਮਤੀ ਧਾਤਾਂ ਦੇ ਬਣੇ ਦੀਵਿਆਂ ਨੂੰ ਕਈ ਤਰ੍ਹਾਂ ਦੇ ਧਾਰਮਿਕ ਅਨੁਸ਼ਠਾਨਾਂ ਨੂੰ ਨਿਭਾਉਣ ਵੇਲੇ ਜਗਾਇਆ ਜਾਂਦਾ ਹੈ ।
ਆਰਤੀ ਉਤਾਰੀ ਜਾਂਦੀ ਹੈ, ਜਗਦੇ ਦੀਵਿਆਂ ਨੂੰ ਵਿਸ਼ੇਸ਼ ਆਕਾਰ ਪ੍ਰਦਾਨ ਕੀਤੇ ਜਾਂਦੇ ਹਨ। ਹੁਣ ਆਟੇ, ਮਿੱਟੀ ਜਾਂ ਕਿਸੇ ਧਾਤ ਆਦਿ ਦੇ ਦੀਵਿਆਂ ਦੀ ਥਾਂ ’ਤੇ ਬਿਜਲਈ ਬਲਬਾਂ, ਵੰਨ-ਸੁਵੰਨੀਆਂ, ਰੰਗ-ਬਰੰਗੀਆਂ ਰੌਸ਼ਨੀਆਂ, ਐਲ.ਈ.ਡੀ. ਰੌਸ਼ਨੀਆਂ, ਜਗਦੀਆਂ-ਬੁੱਝਦੀਆਂ ਰੌਸ਼ਨੀਆਂ, ਪੰਕਤੀਆਂ, ਦਾਇਰਿਆਂ, ਕੋਣਾਂ ਆਦਿ ਵਿਚ ਘੁੰਮਦੀਆਂ ਪ੍ਰਤੀਤ ਹੁੰਦੀਆਂ ਰੌਸ਼ਨੀਆਂ ਨਾਲ ਧਾਰਮਿਕ ਅਸਥਾਨਾਂ, ਵੱਡੀਆਂ ਇਮਾਰਤਾਂ, ਭਵਨਾਂ ਅਤੇ ਘਰਾਂ ਨੂੰ ਸਜਾਇਆ ਜਾਂਦਾ ਹੈ ।
ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਦੇ ਅਵਸਰ ’ਤੇ ਰੌਸ਼ਨ ਦਿਮਾਗਾਂ ਨੂੰ ਦੀਵੇ ਜਗਾਉਣੇ ਚਾਹੀਦੇ ਹਨ। ਆਓ! ਇਸ ਅਵਸਰ ’ਤੇ ਇਕ ਦੀਵਾ ਹੋਰ ਬਾਲੀਏ ਅਤੇ ਅਜਿਹਾ ਕਰਨ ਨੂੰ ਆਪਣੇ ਫ਼ਰਜ਼ ਵਿਚ ਸ਼ਾਮਿਲ ਕਰੀਏ ! ਉਨ੍ਹਾਂ ਲੋਕਾਂ ਲਈ ਵੀ ਇਕ ਦੀਵਾ ਜਗਾਉਣਾ ਚਾਹੀਦਾ ਹੈ, ਜਿਨ੍ਹਾਂ ਕੋਲ ਨਾ ਤੇਲ ਹੈ, ਨਾ ਬੱਤੀ ਹੈ, ਨਾ ਦੀਵਾ ਹੈ । ਜਿਥੇ-ਜਿਥੇ ਹਨੇਰਾ ਹੈ, ਉਥੇ ਉਥੇ ਰੌਸ਼ਨੀ ਪਹੁੰਚੇ! ਜਿਥੇ ਝੂਠ, ਕੂੜ, ਹੈ, ਉਥੇ ਰੌਸ਼ਨੀ ਪਹੁੰਚੇ! ਦੀਵਾ ਜਗਦਾ ਰਹਿਣਾ ਚਾਹੀਦਾ ਹੈ। ਜਗਦੇ ਹੋਏ ਦੀਵੇ ਨੂੰ ਜਦੋਂ ਕੋਈ ਵਿਅਕਤੀ ਆਪਣੇ ਹੱਥਾਂ ਵਿਚ ਫੜ ਕੇ ਕਈ ਹੋਰ ਦੀਵੇ ਜਗਾਉਂਦਾ ਹੈ ਤਾਂ ਉਸਦੇ ਇਸ ਅਮਲ ਨੂੰ ਹੋਰਨਾਂ ਦਾ ਫ਼ਿਕਰ ਕਰਨ, ਕਿਸੇ ਤੱਕ ਰੌਸ਼ਨੀ ਪਹੁੰਚਾਉਣ, ਕਿਸੇ ਦੀ ਮਦਦ ਕਰਨ, ਹੋਰਾਂ ਵਿਚ ਗਿਆਨ ਵੰਡਣ ਦੇ ਅਰਥਾਂ ਵਿਚ ਵੇਖਿਆ ਜਾਂਦਾ ਹੈ। ਮਨੁੱਖ ਨੂੰ ਆਪਣੇ ਹਿੱਸੇ ਦੇ ਦੀਵੇ ਖ਼ੁਦ ਨੂੰ ਜਗਾਉਣੇ ਪੈਂਦੇ ਹਨ। ਦੀਵਿਆਂ ਨੂੰ ਆਪਣੀ ਰੌਸ਼ਨੀ ਦੀ ਇਬਾਰਤ ਖ਼ੁਦ ਨੂੰ ਲਿਖਣੀ ਪੈਂਦੀ ਹੈ। ਨਾਲ ਹੀ ਇਹ ਵੀ ਸੱਚ ਹੈ ਕਿ ਕਿਸੇ ਆਪਣੇ ਦੇ ਭਰੋਸੇ ਉੱਤੇ ਮਨੁੱਖ ਆਪਣੀ ਤਲੀ ਉੱਤੇ ਦੀਵਾ ਰੱਖ ਕੇ ਸੰਘਣੇ ਹਨੇਰੇ ਵਿਚ ਵੀ ਕੋਹਾਂ ਲੰਮਾ ਪੰਧ ਤੈਅ ਕਰ ਸਕਦਾ ਹੈ। ਦੀਵੇ ਬਲਦੇ ਹਨ ਤਾਂ ਖੁਸ਼ੀ ਮਿਲਦੀ ਹੈ। ਸ਼ਾਂਤੀ ਮਿਲਦੀ ਹੈ।
ਦੀਵਾ ਮਿੱਟੀ ਦਾ ਹੋਵੇ, ਆਟੇ ਦਾ ਬਣਾਇਆ ਹੋਵੇ, ਕਿਸੇ ਧਾਤ ਜਾਂ ਸੋਨੇ ਦਾ ਹੋਵੇ, ਇਹ ਗੱਲ ਬਹੁਤਾ ਮਹੱਤਵ ਨਹੀਂ ਰੱਖਦੀ। ਸ਼ਰਧਾ, ਸਿਦਕ ਤੇ ਵਿਸ਼ਵਾਸ ਨਾਲ ਜਗਾਏ ਦੀਵੇ ਦੀ ਰੌਸ਼ਨੀ ਕਿਸੇ ਦੀ ਹਨੇਰੀ ਜ਼ਿੰਦਗੀ ਵਿਚ ਪ੍ਰਵੇਸ਼ ਕਰ ਜਾਵੇ ਤਾਂ ਉਸਦੀ ਤਕਦੀਰ ਸੰਵਰ ਸਕਦੀ ਹੈ। ਮਨੁੱਖ ਦੇ ਮਨ ਅੰਦਰ ਇਨਸਾਨੀਅਤ ਬਣੀ ਰਹਿਣ ਲਈ ਅਤੇ ਇਨਸਾਨੀਅਤ ਦੀ ਖੁਸ਼ਹਾਲੀ, ਸਲਾਮਤੀ ਤੇ ਬਿਹਤਰੀ ਲਈ ਦੁਆ ਕਰਨ ਵਾਸਤੇ ਵੀ ਇਕ ਦੀਵਾ ਜਗਾਉਣਾ ਚਾਹੀਦਾ ਹੈ। ਸ਼ਾਲਾ ! ਦੀਵੇ ਜਗਦੇ ਰਹਿਣ। ਚੌਗਿਰਦੇ ਨੂੰ ਰੁਸ਼ਨਾਉਂਦੇ ਰਹਿਣ।