Tuesday, November 26, 2024
Google search engine
HomeDeshBritish Columbia ਸਰਕਾਰ ’ਚ ਪੰਜਾਬੀਆਂ ਦੀ ਸਰਦਾਰੀ

British Columbia ਸਰਕਾਰ ’ਚ ਪੰਜਾਬੀਆਂ ਦੀ ਸਰਦਾਰੀ

ਬ੍ਰਿਟਿਸ਼ ਕੋਲੰਬੀਆ (ਬੀਸੀ) ਸੂਬੇ ਦੀ ਨਵੀਂ ਸਰਕਾਰ ਵੀ ਦੁਬਾਰਾ ਨਿਊ ਡੈਮੋਕ੍ਰੈਟਿਕ ਪਾਰਟੀ ਦੀ ਹੀ ਬਣੀ ਹੈ।

ਕੈਨੇਡਾ ਦੀ ਸਿਆਸਤ ਵਿਚ ਨਿਊ ਡੈਮੋਕ੍ਰੈਟਿਕ ਪਾਰਟੀ (ਐੱਨਡੀਪੀ) ਦੇ ਮੁਖੀ ਭਾਰਤੀ ਮੂਲ ਦੇ ਪੰਜਾਬੀ ਜਗਮੀਤ ਸਿੰਘ ਦੀ ਤੂਤੀ ਬੋਲਦੀ ਹੈ। ਬ੍ਰਿਟਿਸ਼ ਕੋਲੰਬੀਆ (ਬੀਸੀ) ਸੂਬੇ ਦੀ ਨਵੀਂ ਸਰਕਾਰ ਵੀ ਦੁਬਾਰਾ ਨਿਊ ਡੈਮੋਕ੍ਰੈਟਿਕ ਪਾਰਟੀ ਦੀ ਹੀ ਬਣੀ ਹੈ।

ਕੈਨੇਡਾ ਦੀ ਫੈਡਰਲ ਸਰਕਾਰ ਵੀ ਇਸ ਪਾਰਟੀ ਦੀ ਮਦਦ ਨਾਲ ਚੱਲ ਰਹੀ ਹੈ। ਇਸ ਸਮੇਂ ਭਾਵੇਂ ਕੈਨੇਡਾ ਅਤੇ ਭਾਰਤ ਦੇ ਡਿਪਲੋਮੈਟਿਕ ਰਿਸ਼ਤੇ ਸੁਖਾਵੇਂ ਨਹੀਂ ਹਨ ਪ੍ਰੰਤੂ ਫਿਰ ਵੀ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਨੇ 8 ਪੰਜਾਬੀਆਂ ਨੂੰ ਮੰਤਰੀ ਅਤੇ ਸੰਸਦੀ ਸਕੱਤਰ ਬਣਾ ਕੇ ਵੱਡਾ ਮਾਣ ਦਿੱਤਾ ਹੈ।

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਵਜ਼ਾਰਤ ਵਿਚ ਭਾਰਤੀ ਮੂਲ ਦੇ ਪੰਜਾਬੀਆਂ ਨੂੰ ਪਹਿਲੀ ਵਾਰ ਵੱਡੀ ਮਾਤਰਾ ਵਿਚ ਪ੍ਰਤੀਨਿਧਤਾ ਮਿਲੀ ਹੈ। ਪੰਜਾਬੀਆਂ ਨੇ ਬ੍ਰਿਟਿਸ਼ ਕੋਲੰਬੀਆ ਵਿਚ ਆਪਣੀ ਕਾਬਲੀਅਤ ਦੇ ਝੰਡੇ ਗੱਡ ਦਿੱਤੇ ਹਨ।

ਇਸ ਸੂਬੇ ’ਚ ਨਿਊ ਡੈਮੋਕ੍ਰੈਟਿਕ ਪਾਰਟੀ ਦੀ ਨਵੀਂ ਸਰਕਾਰ ਨੇ ਡੇਵਿਡ ਈਬੀ ਦੀ ਪ੍ਰੀਮੀਅਰ ਦੀ ਅਗਵਾਈ ਵਿਚ 41 ਮੈਂਬਰੀ ਵਜ਼ਾਰਤ ਨੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਡੇਵਿਡ ਈਬੀ ਬ੍ਰਿਟਿਸ਼ ਕੋਲੰਬੀਆ ਸੂਬੇ ਦੇ 37ਵੇਂ ਮੁੱਖ ਮੰਤਰੀ ਹਨ। ਨਵੀਂ ਸਰਕਾਰ ਵਿਚ 23 ਕੈਬਨਿਟ ਮੰਤਰੀ, 4 ਰਾਜ ਮੰਤਰੀ ਅਤੇ 14 ਸੰਸਦੀ ਸਕੱਤਰ ਬਣਾਏ ਗਏ ਹਨ।

ਸਤਾਈ ਕੈਬਨਿਟ ਤੇ ਰਾਜ ਮੰਤਰੀਆਂ ਵਿਚ 11 ਮਰਦ ਅਤੇ 16 ਇਸਤਰੀਆਂ ਹਨ। ਪਹਿਲੀ ਵਾਰ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਵਿਚ ਇਸਤਰੀਆਂ ਨੂੰ ਮਰਦਾਂ ਨਾਲੋਂ ਵੱਧ ਪ੍ਰਤੀਨਿਧਤਾ ਦਿੱਤੀ ਗਈ ਹੈ। ਡੇਵਿਡ ਈਬੀ ਦੀ ਵਜ਼ਾਰਤ ਵਿਚ ਭਾਰਤੀ ਮੂਲ ਦੇ ਪੰਜਾਬੀਆਂ ਦੀ ਸਰਦਾਰੀ ਹੈ। ਪੰਜਾਬੀਆਂ ਨੂੰ ਮਹੱਤਵਪੂਰਨ ਵਿਭਾਗਾਂ ਦੀ ਜ਼ਿੰਮੇਵਾਰੀ ਦੇ ਕੇ ਮਾਣ ਬਖ਼ਸ਼ਿਆ ਗਿਆ ਹੈ।

ਭਾਰਤੀ ਮੂਲ ਦੀ ਉੱਘੀ ਪੰਜਾਬਣ ਨਿੱਕੀ ਸ਼ਰਮਾ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ ਹੈ। ਕੈਨੇਡਾ ਦੇ ਇਤਿਹਾਸ ਵਿਚ ਨਿੱਕੀ ਸ਼ਰਮਾ ਕੈਨੇਡਾ ਦੇ ਕਿਸੇ ਸੂਬੇ ਦੀ ਉਪ ਮੁੱਖ ਮੰਤਰੀ ਬਣਨ ਵਾਲੀ ਪਹਿਲੀ ਪੰਜਾਬਣ ਹੈ। ਇਸ ਤੋਂ ਪਹਿਲਾਂ ਭਾਰਤੀ ਮੂਲ ਦੇ ਪੰਜਾਬੀ ਉੱਜਲ ਦੁਸਾਂਝ 2002 ਵਿਚ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਰਹੇ ਹਨ।

ਨਵੇਂ ਮੰਤਰੀ ਮੰਡਲ ਵਿਚ ਭਾਰਤੀ/ਪੰਜਾਬੀ ਮੂਲ ਦੇ 4 ਕੈਬਨਿਟ ਮੰਤਰੀ ਅਤੇ 4 ਸੰਸਦੀ ਸਕੱਤਰ ਬਣਾਏ ਗਏ ਹਨ। ਭਾਰਤੀ/ਪੰਜਾਬੀ ਮੂਲ ਦੇ 8 ਮੰਤਰੀਆਂ ਵਿਚ 5 ਔਰਤਾਂ ਤੇ 3 ਮਰਦ ਸ਼ਾਮਲ ਹਨ। ਅਕਤੂਬਰ 2024 ਵਿਚ ਚੋਣਾਂ ਵਿਚ ਐੱਨਡੀਪੀ ਨੇ 93 ਮੈਂਬਰੀ ਵਿਧਾਨ ਸਭਾ ਵਿੱਚੋਂ 47 ਸੀਟਾਂ ’ਤੇ ਜਿੱਤ ਪ੍ਰਾਪਤ ਕਰਕੇ ਬਹੁਮਤ ਪ੍ਰਾਪਤ ਕਰ ਲਿਆ ਸੀ।

ਕੰਜ਼ਰਵੇਟਿਵ ਪਾਰਟੀ ਨੂੰ 44 ਸੀਟਾਂ ’ਤੇ ਜਿੱਤ ਨਸੀਬ ਹੋਈ ਸੀ। ਇਨ੍ਹਾਂ ਚੋਣਾਂ ਵਿਚ 15 ਭਾਰਤੀਆਂ/ਪੰਜਾਬੀਆਂ ਨੇ ਜਿੱਤ ਪ੍ਰਾਪਤ ਕੀਤੀ ਸੀ। ਵਿਧਾਨ ਸਭਾ ਵਿਚ ਹਰ ਛੇਵਾਂ ਭਾਰਤੀ ਮੂਲ ਦਾ ਮੈਂਬਰ ਹੈ।

ਚਾਰ ਕੈਬਨਿਟ ਮੰਤਰੀਆਂ ਵਿਚ ਨਿੱਕੀ ਸ਼ਰਮਾ, ਜਗਰੂਪ ਸਿੰਘ ਬਰਾੜ, ਰਵਿੰਦਰ ਸਿੰਘ ਰਵੀ ਕਾਹਲੋਂ, ਰਵੀ ਪਰਮਾਰ ਅਤੇ ਸੰਸਦੀ ਸਕੱਤਰਾਂ ਵਿਚ ਜਸਪ੍ਰੀਤ ਕੌਰ ਜੈਸੀ ਸੁੰਨੜ, ਸੁਨੀਤਾ ਧੀਰ, ਹਰਵਿੰਦਰ ਸੰਧੂ ਅਤੇ ਪਾਕਿਸਤਾਨ ਵਾਲੇ ਲਹਿੰਦੇ ਪੰਜਾਬ ਤੋਂ ਅਮਨਾ ਸ਼ਾਹ ਸ਼ਾਮਲ ਹਨ।

ਕੈਨੇਡਾ ਵਿਚ 2021 ਦੀ ਜਨਸੰਖਿਆ ਅਨੁਸਾਰ 9 ਲੱਖ 50 ਹਜ਼ਾਰ ਦੇ ਕਰੀਬ ਓਂਟਾਰੀਓ, ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਮੈਨੀਟੋਬਾ ਅਤੇ ਕਿਊਬਕ ਸੂਬਿਆਂ ਵਿਚ ਭਾਰਤੀ ਮੂਲ ਦੇ ਪੰਜਾਬੀਆਂ/ਸਿੱਖਾਂ ਦੀ ਵਸੋਂ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਪੰਜਾਬੀਆਂ/ਸਿੱਖਾਂ ਦੀ 3 ਲੱਖ 15 ਹਜ਼ਾਰ ਵਸੋਂ ਹੈ। ਨਿੱਕੀ ਸ਼ਰਮਾ ਦੇ ਪਿਤਾ ਪਾਲ ਸ਼ਰਮਾ ਦਾ ਪਿਛੋਕੜ ਲੁਧਿਆਣਾ ਦਾ ਹੈ ਪ੍ਰੰਤੂ ਨਿੱਕੀ ਸ਼ਰਮਾ ਕੈਨੇਡਾ ਦੀ ਜੰਮਪਲ ਹੈ। ਉਹ ਦੂਜੀ ਵਾਰ ਵੈਨਕੂਵਰ-ਹੇਸਟਿੰਗ ਤੋਂ ਵਿਧਾਇਕਾ ਬਣੀ ਹੈ।

ਪਹਿਲੀ ਵਾਰ ਵਿਧਾਇਕ ਬਣਨ ਤੋਂ ਬਾਅਦ ਉਹ ਬ੍ਰਿਟਿਸ਼ ਕੋਲੰਬੀਆ ਸਰਕਾਰ ਵਿਚ ਮੰਤਰੀ ਬਣ ਗਈ ਸੀ ਤੇ ਅਟਾਰਨੀ ਜਨਰਲ ਸੀ। ਇਸ ਵਾਰ ਵੀ ਉਸ ਨੂੰ ਅਟਾਰਨੀ ਜਨਰਲ ਬਣਾਇਆ ਗਿਆ ਹੈ। ਜਗਰੂਪ ਸਿੰਘ ਬਰਾੜ ਪਹਿਲੀ ਸਰਕਾਰ ਵਿਚ ਰਾਜ ਮੰਤਰੀ ਸੀ। ਇਸ ਵਾਰ ਉਸ ਨੂੰ ਤਰੱਕੀ ਦੇ ਕੇ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਉਸ ਨੂੰ ਮਾਈਨਿੰਗ ਤੇ ਕ੍ਰਿਟੀਕਲ ਮਿਨਰਲਜ਼ ਵਿਭਾਗ ਦਾ ਮੰਤਰੀ ਬਣਾਇਆ ਗਿਆ ਹੈ।

ਉਹ ਬਠਿੰਡਾ ਜ਼ਿਲ੍ਹੇ ਦੇ ਦਿਓਣ ਪਿੰਡ ਦਾ ਜੰਮਪਲ ਹੈ। ਜਗਰੂਪ ਸਿੰਘ ਬਰਾੜ ਸਰੀ-ਫਲੀਟਵੁੱਡ ਹਲਕੇ ਤੋਂ 7ਵੀਂ ਵਾਰ ਵਿਧਾਇਕ ਬਣਿਆ ਹੈ। ਉਹ ਬਾਸਕਟਬਾਲ ਦਾ ਨੈਸ਼ਨਲ ਪਲੇਅਰ ਹੈ ਅਤੇ ਆਪਣੀ ਕਾਬਲੀਅਤ ਕਰਕੇ ਬਠਿੰਡਾ ਦੇ ਟਿੱਬਿਆਂ ਦੀ ਮਹਿਕ ਬ੍ਰਿਟਿਸ਼ ਕੋਲੰਬੀਆ ਰਾਜ ਵਿਚ ਫੈਲਾਅ ਰਿਹਾ ਹੈ ਜਿਸ ਦਾ ਆਨੰਦ ਕੈਨੇਡੀਅਨ ਨਾਗਰਿਕ ਮਾਣ ਰਹੇ ਹਨ।

ਰਵਿੰਦਰ ਸਿੰਘ ‘ਰਵੀ ਕਾਹਲੋਂ’ ਜੋ ਕਿ ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਤਹਿਸੀਲ ਦੇ ਭਾਗੋਵਾਲ ਪਿੰਡ ਤੋਂ ਹੈ, ਉਸ ਨੂੰ ਹਾਊਸਿੰਗ ਤੇ ਮਿਊਂਸੀਪਲ ਅਫੇਅਰਜ਼ ਵਿਭਾਗ ਦਾ ਮੰਤਰੀ ਬਣਾਇਆ ਗਿਆ ਹੈ। ਰਵੀ ਸਿੰਘ ਪਰਮਾਰ ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਨੇੜਲੇ ਪਿੰਡ ਜੰਗੀਆਣਾ ਤੋਂ ਹੈ, ਉਸ ਨੂੰ ਜੰਗਲਾਤ ਵਿਭਾਗ ਦਾ ਮੰਤਰੀ ਬਣਾਇਆ ਗਿਆ ਹੈ।

ਸੰਸਦੀ ਸਕੱਤਰਾਂ ਵਿਚ ਲੁਧਿਆਣਾ ਜ਼ਿਲ੍ਹੇ ਦੇ ਜਗਰਾਓਂ ਸ਼ਹਿਰ ਦੀ ਜੰਮਪਲ ਤੇ ਵੈਨਕੂਵਰ-ਲੰਗਾਰਾ ਹਲਕੇ ਤੋਂ ਪਹਿਲੀ ਵਾਰ ਵਿਧਾਇਕਾ ਬਣੀ ਸੁਨੀਤਾ ਧੀਰ ਨੂੰ ਅੰਤਰਰਾਸ਼ਟਰੀ ਪ੍ਰਮਾਣ ਪੱਤਰ ਬਾਰੇ ਸੰਸਦੀ ਸਕੱਤਰ ਬਣਾਇਆ ਗਿਆ ਹੈ।

ਜ਼ਿਲ੍ਹਾ ਜਲੰਧਰ ਦੇ ਨੂਰਮਹਿਲ ਨੇੜਲੇ ਪਿੰਡ ਸੁੰਨੜ ਕਲਾਂ ਦੀ ਧੀ, ਮਨੁੱਖੀ ਅਧਿਕਾਰਾਂ ਦੀ ਉੱਘੀ ਵਕੀਲ ਤੇ ਸਰੀ-ਨਿਊਟਨ ਤੋਂ ਪਹਿਲੀ ਵਾਰ ਵਿਧਾਇਕਾ ਬਣੀ ਜਸਪ੍ਰੀਤ ਕੌਰ ਜੈਸੀ ਸੁੰਨੜ ਨੂੰ ਨਸਲਵਾਦ ਦੇ ਖ਼ਿਲਾਫ਼ ਪਹਿਲਕਦਮੀ ਬਾਰੇ ਸੰਸਦੀ ਸਕੱਤਰ ਬਣਾਇਆ ਗਿਆ ਹੈ। ਜ਼ਿਲ੍ਹਾ ਫਿਰੋਜ਼ਪੁਰ ਦੀ ਜ਼ੀਰਾ ਤਹਿਸੀਲ ਦੇ ਪਿੰਡ ਜੌੜਾ ਦੀ ਜੰਮਪਲ ਹਰਵਿੰਦਰ ਕੌਰ ਸੰਧੂ ਨੂੰ ਖੇਤੀਬਾੜੀ ਦਾ ਸੰਸਦੀ ਸਕੱਤਰ ਬਣਾਇਆ ਗਿਆ ਹੈ।

ਉਹ ਵਰਨੋਨ-ਮੋਨਾਸ਼ਰੀ ਹਲਕੇ ਤੋਂ ਦੂਜੀ ਵਾਰ ਵਿਧਾਇਕ ਚੁਣੀ ਗਈ ਸੀ। ਲਹਿੰਦੇ ਪੰਜਾਬ ਤੋਂ ਅਮਨਾ ਸ਼ਾਹ ਨੂੰ ਵੀ ਮਾਨਸਿਕ ਸਿਹਤ ਅਤੇ ਨਸ਼ਾਖ਼ੋਰੀ ਲਈ ਸੰਸਦੀ ਸਕੱਤਰ ਬਣਾਇਆ ਗਿਆ ਹੈ ਜੋ ਸਰੀ-ਸਿਟੀ ਸੈਂਟਰ ਤੋਂ ਜਿੱਤੇ ਸਨ। ਇਸ ਪ੍ਰਕਾਰ ਡੇਵਿਡ ਈਬੀ ਦੀ ਸਰਕਾਰ ਦਾ ਹਰ ਛੇਵਾਂ ਮੰਤਰੀ ਭਾਰਤੀ ਮੂਲ ਦਾ ਪੰਜਾਬੀ ਹੈ।

ਲੁਧਿਆਣਾ ਜ਼ਿਲ੍ਹੇ ਦੇ ਗਹੌਰ ਪਿੰਡ ਦੇ ਜੰਮਪਲ ਬਰਨਬੀ-ਨਿਊਵੈਸਟ ਹਲਕੇ ਤੋਂ ਚੋਣ ਜਿੱਤੇ ਰਾਜ ਚੌਹਾਨ 2005 ਤੋਂ ਲਗਾਤਾਰ ਚੋਣ ਜਿੱਤਦੇ ਆ ਰਹੇ ਹਨ। ਉਸ ਦੇ ਸਪੀਕਰ ਚੁਣੇ ਜਾਣ ਦੀ ਪੂਰੀ ਉਮੀਦ ਹੈ ਕਿਉਂਕਿ ਉਹ ਪਿਛਲੀ ਡੇਵਿਡ ਈਬੀ ਦੀ ਸਰਕਾਰ ਵਿਚ ਵੀ ਸਪੀਕਰ ਸੀ। ਬ੍ਰਿਟਿਸ਼ ਕੋਲੰਬੀਆ ਸੂਬੇ ਦੀ 43ਵੀਂ ਵਿਧਾਨ ਸਭਾ ਦੀਆਂ ਚੋਣਾਂ ਚੋਣਾਂ ਵਿਚ ਪਹਿਲੀ ਵਾਰ ਭਾਰਤੀਆਂ/ਪੰਜਾਬੀਆਂ/ਸਿੱਖਾਂ ਨੇ 15 ਸੀਟਾਂ ਜਿੱਤ ਕੇ ਇਤਿਹਾਸ ਸਿਰਜਿਆ ਹੈ।

ਇਸ ਤੋਂ ਪਹਿਲਾਂ ਉਨ੍ਹਾਂ ਕਦੇ ਵੀ ਇੰਨੀਆਂ ਸੀਟਾਂ ਨਹੀਂ ਜਿੱਤੀਆਂ ਸਨ। ਸੰਨ 2021 ਦੀ ਜਨਗਣਨਾ ਅਨੁਸਾਰ ਬ੍ਰਿਟਿਸ਼ ਕੋਲੰਬੀਆ ਸੂਬੇ ’ਚ ਭਾਰਤੀਆਂ/ਪੰਜਾਬੀਆਂ/ਸਿੱਖਾਂ ਦੀ ਵਸੋਂ ਸਿਰਫ਼ 3 ਫ਼ੀਸਦੀ ਹੈ ਜਦਕਿ ਉਨ੍ਹਾਂ ਨੇ ਵਿਧਾਨ ਸਭਾ ਦੀਆਂ 16 ਫ਼ੀਸਦੀ ਸੀਟਾਂ ਜਿੱਤ ਕੇ ਵੱਡਾ ਮਾਅਰਕਾ ਮਾਰਿਆ ਹੈ।

ਜਗਮੀਤ ਸਿੰਘ ਕੈਨੇਡਾ ਦੀ ਨਿਊ ਡੈਮੋਕ੍ਰੈਟਿਕ ਪਾਰਟੀ ਦਾ ਪ੍ਰਧਾਨ ਹੈ। ਸੈਂਤੀ ਪੰਜਾਬੀਆਂ/ਸਿੱਖਾਂ ਨੇ ਐੱਨਡੀਪੀ ਅਤੇ ਕੰਜ਼ਰਵੇਟਿਵ ਪਾਰਟੀ ਵੱਲੋਂ ਚੋਣ ਲੜੀ ਸੀ ਜਿਨ੍ਹਾਂ ਵਿੱਚੋਂ 15 ਨੇ ਆਪੋ-ਆਪਣੀਆਂ ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਹੈ।

ਇਨ੍ਹਾਂ ਵਿਚ ਐੱਨਡੀਪੀ ਦੇ 11 ਅਤੇ ਕੰਜ਼ਰਵੇਟਿਵ ਪਾਰਟੀ ਦੇ 4 ਉਮੀਦਵਾਰ ਚੋਣ ਜਿੱਤੇ ਹਨ। ਜਿੱਤਣ ਵਾਲੇ 15 ਵਿਧਾਨਕਾਰਾਂ ਵਿਚ 7 ਮਰਦ ਅਤੇ 8 ਇਸਤਰੀਆਂ ਹਨ। ਦੁਨੀਆ ਦਾ ਕੋਈ ਦੇਸ਼ ਅਜਿਹਾ ਨਹੀਂ ਹੈ ਜਿੱਥੇ ਪੰਜਾਬੀ/ਭਾਰਤੀ ਨਾ ਹੋਣ। ਉੱਥੇ ਉਹ ਬਹੁਤ ਹੀ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ।

ਸੰਸਾਰ ਵਿਚ ਸਭ ਤੋਂ ਵੱਧ ਭਾਰਤੀ ਮੂਲ ਦੇ ਲੋਕ/ਪੰਜਾਬੀ ਕੈਨੇਡਾ ਵਿਚ ਹਨ। ਕੈਨੇਡਾ ਦੇ ਵਿਕਾਸ ਵਿਚ ਪੰਜਾਬੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਸਮੇਂ-ਸਮੇਂ ’ਤੇ ਕੈਨੇਡਾ ਦੇ ਵੱਖ-ਵੱਖ ਨੇਤਾਵਾਂ ਨੇ ਇਹ ਹਕੀਕਤ ਤਸਲੀਮ ਕੀਤੀ ਹੈ ਕਿ ਭਾਰਤੀਆਂ ਖ਼ਾਸ ਤੌਰ ’ਤੇ ਪੰਜਾਬੀਆਂ ਨੇ ਕੈਨੇਡਾ ਦੀ ਤਰੱਕੀ ਵਿਚ ਬਹੁਤ ਜ਼ਿਆਦਾ ਯੋਗਦਾਨ ਦਿੱਤਾ ਹੈ।

ਪੰਜਾਬੀਆਂ/ਸਿੱਖਾਂ ਨੇ ਹਮੇਸ਼ਾ ਕੈਨੇਡਾ ਦੀ ਸਿਆਸਤ ਵਿਚ ਧੁੰਮਾਂ ਪਾਈਆਂ ਹਨ। ਕੈਨੇਡਾ ਦੀ ਫੈਡਰਲ ਸਰਕਾਰ ਵਿਚ ਵੀ ਪੰਜਾਬੀ/ਭਾਰਤੀ ਮਹੱਤਵਪੂਰਨ ਵਿਭਾਗਾਂ ਦੇ ਮੰਤਰੀ ਹਨ। ਭਾਰਤੀਆਂ ਤੇ ਪੰਜਾਬੀਆਂ ਨੇ ਕੈਨੇਡਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿਚ ਵਿਲੱਖਣ ਯੋਗਦਾਨ ਪਾਇਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments