ਬਾਜ਼ਾਰ ‘ਚ ਮੌਜੂਦ ਸ਼ਿਵ ਸੈਨਾ ਆਗੂ ਇੰਦਰਜੀਤ ਕਰਾਵਲ ਉਨ੍ਹਾਂ ਦੇ ਬਚਾਅ ਲਈ ਦੌੜੇ ਤੇ ਉਹ ਜ਼ਖਮੀ ਵੀ ਹੋ ਗਏ।
ਬੀਤੀ ਸ਼ਾਮ ਕਪੂਰਥਲਾ ਦੇ ਫਗਵਾੜਾ ਦੇ ਗਊਸ਼ਾਲਾ ਰੋਡ ਬਾਜ਼ਾਰ ‘ਚ ਕੁੱਝ ਨੌਜਵਾਨਾਂ ਨੇ ਸ਼ਿਵ ਸੈਨਾ ਆਗੂ ਦੇ ਪੁੱਤਰ ‘ਤੇ ਗੋਲੀਬਾਰੀ ਕੀਤੀ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮੌਕੇ ‘ਤੇ ਪਹੁੰਚੇ ਉਨ੍ਹਾਂ ਦੇ ਪਿਤਾ ਵੀ ਜ਼ਖਮੀ ਹੋ ਗਏ। ਗੋਲੀਬਾਰੀ ਤੋਂ ਤੁਰੰਤ ਬਾਅਦ ਬਾਜ਼ਾਰ ‘ਚ ਦਹਿਸ਼ਤ ਫੈਲ ਗਈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ, ਸ਼ਿਵ ਸੈਨਾ ਆਗੂ ਇੰਦਰਜੀਤ ਕਰਾਵਲ ਦਾ ਪੁੱਤਰ ਜਿੰਮੀ ਕਰਾਵਲ ਕੁੱਝ ਪਰਿਵਾਰਕ ਮੈਂਬਰਾਂ ਨਾਲ ਗਊਸ਼ਾਲਾ ਰੋਡ ਬਾਜ਼ਾਰ ‘ਚ ਸੀ ਤਾਂ ਕੁਝ ਨੌਜਵਾਨਾਂ ਨੇ ਗੋਲੀਆਂ ਚਲਾ ਕੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਬਾਜ਼ਾਰ ‘ਚ ਮੌਜੂਦ ਸ਼ਿਵ ਸੈਨਾ ਆਗੂ ਇੰਦਰਜੀਤ ਕਰਾਵਲ ਉਨ੍ਹਾਂ ਦੇ ਬਚਾਅ ਲਈ ਦੌੜੇ ਤੇ ਉਹ ਜ਼ਖਮੀ ਵੀ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀਐਸਪੀ ਭਾਰਤ ਭੂਸ਼ਣ ਤੇ ਐਸਐਚਓ ਊਸ਼ਾ ਰਾਣੀ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਕਾਰਨ ਇੱਕ ਖਾਸ ਭਾਈਚਾਰੇ ਦੇ ਨੌਜਵਾਨ ਸ਼ਿਵ ਸੈਨਾ ਆਗੂ ਦੇ ਪੁੱਤਰ ਜਿੰਮੀ ਕਰਾਵਲ ਦਾ ਪਿੱਛਾ ਕਰ ਰਹੇ ਸਨ ਤੇ ਅੱਜ ਉਨ੍ਹਾਂ ਨੇ ਇਹ ਹਮਲਾ ਕਰ ਦਿੱਤਾ। ਸ਼ਿਵ ਸੈਨਾ ਆਗੂ ਨੂੰ ਤੇ ਉਨ੍ਹਾਂ ਦੇ ਪੁੱਤਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਬਦਮਾਸ਼ ਪਹਿਲੇ ਹੀ ਕਰ ਰਹੇ ਸੀ ਰੇਕੀ, ਪੁਲਿਸ ਨੂੰ ਵੀ ਦਿੱਤੀ ਸੀ ਜਾਣਕਾਰੀ
ਸਿਵਲ ਹਸਪਤਾਲ ‘ਚ ਮੌਜੂਦ ਸ਼ਿਵ ਸੈਨਾ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੇ ਫਗਵਾੜਾ ਪੁਲਿਸ ਨੂੰ ਇਨ੍ਹਾਂ ਨੌਜਵਾਨਾਂ ਬਾਰੇ ਪਹਿਲਾਂ ਹੀ ਸੂਚਿਤ ਕੀਤਾ ਸੀ, ਪਰ ਪੁਲਿਸ ਸਮੇਂ ਸਿਰ ਕਾਰਵਾਈ ਕਰਨ ‘ਚ ਅਸਫਲ ਰਹੀ। ਫਗਵਾੜਾ ਪੁਲਿਸ ਦੀ ਢਿੱਲੀ ਕਾਰਵਾਈ ਨੂੰ ਲੈ ਕੇ ਲੋਕਾਂ ‘ਚ ਗੁੱਸਾ ਹੈ। ਜਿੰਮੀ ਕਰਾਵਲ ‘ਤੇ ਹਮਲੇ ਦੀ ਸੂਚਨਾ ਮਿਲਦੇ ਹੀ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਮੇਅਰ ਰਾਮਪਾਲ ਉੱਪਲ ਤੇ ਵੱਖ-ਵੱਖ ਪਾਰਟੀਆਂ ਦੇ ਆਗੂ ਸਿਵਲ ਹਸਪਤਾਲ ਪਹੁੰਚੇ।
ਫਗਵਾੜਾ ਬੰਦ ਦੀ ਕਾਲ
ਫਗਵਾੜਾ ਦੇ ਵੱਖ-ਵੱਖ ਆਗੂਆਂ ਨੇ ਗਊਸ਼ਾਲਾ ਬਾਜ਼ਾਰ ‘ਚ ਹੋਈ ਗੋਲੀਬਾਰੀ ਦੀ ਘਟਨਾ ਦੀ ਸਖ਼ਤ ਨਿੰਦਾ ਕੀਤੀ। ਡੀਐਸਪੀ ਫਗਵਾੜਾ ਭਾਰਤ ਭੂਸ਼ਣ ਅਨੁਸਾਰ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਸ਼ਿਵ ਸੈਨਾ ਆਗੂ ਇੰਦਰਜੀਤ ਕਰਾਵਲ ਤੇ ਹੋਰ ਹਿੰਦੂ ਸੰਗਠਨਾਂ ਨੇ ਇਸ ਗੋਲੀਬਾਰੀ ਦੇ ਵਿਰੋਧ ਵਿੱਚ 19 ਨਵੰਬਰ ਨੂੰ ਫਗਵਾੜਾ ਬੰਦ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਸ ਗੁੰਡਾਗਰਦੀ ਦੇ ਵਿਰੋਧ ‘ਚ ਸਾਰੇ ਸ਼ਹਿਰ ਵਾਸੀਆਂ ਨੂੰ ਸਵੇਰੇ 10:00 ਵਜੇ ਹਨੂੰਮਾਨ ਗੜ੍ਹੀ ਮੰਦਰ ‘ਚ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ।