Shiromani Akali Dal ਨੂੰ ਮੁੜ ਸਥਾਈ ਪ੍ਰਧਾਨ ਮਿਲ ਗਿਆ ਹੈ।
ਅੰਮ੍ਰਿਤਸਰ ਦੇ ਇਤਿਹਾਸਕ ਤੇਜਾ ਸਿੰਘ ਸੁਮੰਦਰੀ ਹਾਲ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਕੀਤੀ ਗਈ। ਜਿਸ ਵਿੱਚ ਦੇਸ਼ ਭਰ ਵਿੱਚ ਡੇਲੀਗੇਟ ਪਹੁੰਚੇ ਅਤੇ ਪ੍ਰਧਾਨ ਦੀ ਚੋਣ ਕੀਤੀ। ਜਿੱਥੇ ਸੁਖਬੀਰ ਸਿੰਘ ਬਾਦਲ ਨੂੰ ਮੁੜ ਪ੍ਰਧਾਨ ਚੁਣ ਲਿਆ ਗਿਆ ਹੈ।
ਸੁਖਬੀਰ ਸਿੰਘ ਬਾਦਲ ਦੇ ਨਾਮ ਤੋਂ ਇਲਾਵਾ ਕਿਸੇ ਹੋਰ ਲੀਡਰ ਦਾ ਨਾਮ ਪ੍ਰਧਾਨਗੀ ਲਈ ਨਹੀਂ ਰੱਖਿਆ ਗਿਆ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵੱਲੋਂ ਮਤਾ ਪੇਸ਼ ਕੀਤਾ ਗਿਆ। ਜਿਸ ਤੋਂ ਬਾਅਦ ਪਰਮਜੀਤ ਸਿੰਘ ਸਰਨਾ ਨੇ ਸੁਖਬੀਰ ਬਾਦਲ ਦੇ ਨਾਮ ਦੀ ਹਿਮਾਇਤ ਕੀਤੀ ਅਤੇ ਸਰਬ ਸੰਮਤੀ ਨਾਲ ਇੱਕ ਵਾਰ ਮੁੜ ਤੋਂ ਸੁਖਬੀਰ ਸਿੰਘ ਪਾਰਟੀ ਦੇ ਪ੍ਰਧਾਨ ਚੁਣ ਲਏ ਗਏ।
ਕਿਸੇ ਪਰਿਵਾਰ ਦੀ ਪਾਰਟੀ ਨਹੀਂ ਅਕਾਲੀ ਦਲ- ਸੁਖਬੀਰ
ਪਾਰਟੀ ਪ੍ਰਧਾਨ ਚੁਣੇ ਜਾਣ ਮਗਰੋਂ ਸੁਖਬੀਰ ਸਿੰਘ ਬਾਦਲ ਨੇ ਡੇਲੀਗੇਟਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਪਰਿਵਾਰ ਦੀ ਪਾਰਟੀ ਨਹੀਂ ਹੈ ਸਗੋਂ ਇਹ ਪੰਜਾਬ ਦੀ ਅਸਲ ਵਾਰਿਸ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਰਬੱਤ ਦੇ ਭਲੇ ਵਿਸ਼ਵਾਸ ਰੱਖਦਾ ਹੈ। ਉਹਨਾਂ ਕਿਹਾ ਕਿ ਬਾਕੀ ਗੁਰਦੁਆਰਾ ਸਾਹਿਬ ਤੇ ਸਰਕਾਰ ਕਬਜ਼ਾ ਕਰਨਾ ਚਾਹੁੰਦੀ ਹੈ।
ਸੁਖਬੀਰ ਦੇ ਨਾਮ ਦਾ ਨਹੀਂ ਹੋਇਆ ਵਿਰੋਧ
ਮੰਨਿਆ ਜਾ ਰਿਹਾ ਸੀ ਕਿ ਜਦੋਂ ਸੁਖਬੀਰ ਸਿੰਘ ਬਾਦਲ ਦੇ ਨਾਮ ਦਾ ਮਤਾ ਪੇਸ਼ ਕੀਤਾ ਜਾਵੇਗਾ ਤਾਂ ਬਾਗੀ ਧਿਰ ਦੇ ਮੈਂਬਰ ਇਸ ਮਤੇ ਦਾ ਵਿਰੋਧ ਕਰਨਗੇ ਅਤੇ ਅਖੀਰ ਵੋਟਿੰਗ ਤੱਕ ਗੱਲ ਜਾਵੇਗੀ।ਪਰ ਹਾਲ ਵਿੱਚ ਮੌਜੂਦ ਕਿਸੇ ਵੀ ਮੈਂਬਰ ਨੇ ਸੁਖਬੀਰ ਸਿੰਘ ਬਾਦਲ ਦੇ ਨਾਮ ਦਾ ਵਿਰੋਧ ਨਹੀਂ ਕੀਤਾ।
30 ਸਾਲਾਂ ਤੋਂ ਇੱਕ ਪਰਿਵਾਰ ਕੋਲ ਕਮਾਨ
1995 ਵਿੱਚ ਮਹਰੂਮ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਚੁਣੇ ਗਏ ਸਨ। ਜਿਸ ਤੋਂ ਬਾਅਦ ਸਾਲ 2008 ਵਿੱਚ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਸੌਂਪੀ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਸਮੇਂ ਹੋਏ ਕੁੱਝ ਗਲਤ ਕੰਮਾਂ ਕਾਰਨ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣਾ ਪੈ ਗਿਆ ਸੀ। ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਪੂਰੀ ਅਕਾਲੀ ਲੀਡਰਸ਼ਿਪ ਨੇ ਲੱਗੀ ਹੋਈ ਤਨਖਾਹ ਪੂਰੀ ਕੀਤੀ ਸੀ। ਜੱਥੇਦਾਰ ਨੇ ਸੁਖਬੀਰ ਬਾਦਲ ਸਮੇਤ ਬਾਕੀ ਲੀਡਰਾਂ ਦੇ ਅਸਤੀਫੇ ਮਨਜ਼ੂਰ ਕਰਨ ਲਈ ਕਾਰਜਕਾਰੀ ਪ੍ਰਧਾਨ ਨੂੰ ਆਦੇਸ਼ ਦਿੱਤੇ ਸਨ।ਜਿਸ ਤੋਂ ਬਾਅਦ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਬਲਵਿੰਦਰ ਸਿੰਘ ਭੂੰਦੜ ਸੇਵਾਵਾਂ ਨਿਭਾਅ ਰਹੇ ਸਨ। ਪਰ ਮੁੜ ਇੱਕ ਵਾਰ ਫਿਰ ਸੁਖਬੀਰ ਸਿੰਘ ਬਾਦਲ ਨੂੰ ਇਹ ਅਹੁਦਾ ਮਿਲ ਗਿਆ ਹੈ।