Friday, February 21, 2025
Google search engine
HomeCrimeNRI ਜੋੜੇ ਨਾਲ ਲੁੱਟ ਦੀ ਵਾਰਦਾਤ ਨਿਕਲੀ ਝੂਠੀ, ਖੁਦ ਹੀ ਬਣਾਈ ਸੀ...

NRI ਜੋੜੇ ਨਾਲ ਲੁੱਟ ਦੀ ਵਾਰਦਾਤ ਨਿਕਲੀ ਝੂਠੀ, ਖੁਦ ਹੀ ਬਣਾਈ ਸੀ ਲੁੱਟ ਦੀ ਕਹਾਣੀ, ਮਦਦ ਲਈ ਰੁਕੇ ਕਬੱਡੀ ਖਿਡਾਰੀਆਂ ’ਤੇ ਹੀ ਲਾ ਦਿੱਤਾ ਸੀ ਇਲਜ਼ਾਮ

ਐਸਐਸਪੀ ਨੇ ਦੱਸਿਆ ਕਿ ਉਕਤ ਪਤੀ ਪਤਨੀ ਸੜਕ ਕਿਨਾਰੇ ਲੜ ਰਹੇ ਸਨ ਅਤੇ ਉਕਤ ਕਬੱਡੀ ਖਿਡਾਰੀ ਮਹਿਲਾ ਦੀ ਮਦਦ ਕਰਨ ਲਈ ਕਾਰ ਰੋਕ ਕੇ ਉਨ੍ਹਾਂ ਕੋਲ ਆਏ ਸਨ।
 16 ਅਤੇ 17 ਫਰਵਰੀ ਦੀ ਦਰਮਿਆਨੀ ਰਾਤ ਨੂੰ ਐਨਆਰਆਈ ਜੋੜੇ ਨਾਲ ਹੋਈ ਲੁੱਟ ਦੀ ਵਾਰਦਾਤ ਵਿਚ ਅਹਿਮ ਤੇ ਨਵਾਂ ਮੋੜ ਆ ਗਿਆ ਹੈ। ਜੋੜੇ ਨਾਲ ਲੁੱਟ ਦੀ ਇਹ ਵਾਰਦਾਤ ਝੂਠੀ ਨਿਕਲੀ ਹੈ। ਆਸਟਰੇਲੀਆ ਤੋਂ ਆਏ ਐਨਆਰਆਈ ਜੋੜੇ ਨੇ ਖੁਦ ਹੀ ਲੁੱਟ ਦੀ ਝੂਠੀ ਕਹਾਣੀ ਘੜੀ ਸੀ। ਹਾਲਾਂਕਿ ਲੁੱਟ ਦੀ ਕੋਈ ਘਟਨਾ ਨਹੀਂ ਵਾਪਰੀ। ਐਨਆਰਆਈ ਜੋੜੇ ਨੇ ਮਦਦ ਲਈ ਰੁਕੇ ਕਬੱਡੀ ਖਿਡਾਰੀਆਂ ਉੱਪਰ ਹੀ ਲੁੱਟ ਦਾ ਇਲਜ਼ਾਮ ਲਗਾ ਦਿੱਤਾ।
ਬਠਿੰਡਾ ਪੁਲਿਸ ਲਈ ਗੁੱਥੀ ਬਣੀ ਇਹ ਵਾਰਦਾਤ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਪੁਲਿਸ ਨੇ ਸਖਤ ਮਿਹਨਤ ਅਤੇ ਤੇਜ਼ੀ ਨਾਲ ਜਾਂਚ ਕਰਦਿਆਂ ਲੁੱਟ ਦੀ ਇਸ ਗੁੱਥੀ ਨੂੰ ਸੁਲਝਾ ਲਿਆ। ਐਸਐਸਪੀ ਬਠਿੰਡਾ ਅਮਨੀਤ ਕੌਂਡਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ 16 ਅਤੇ 17 ਫਰਵਰੀ ਦੀ ਦਰਮਿਆਨੀ ਰਾਤ ਨੂੰ ਕੁਝ ਨੌਜਵਾਨ ਇਕ ਨੋਵਾ ਸਵਾਰ ਪਰਿਵਾਰ ਨਾਲ ਲੁੱਟ ਕਰਕੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਥਾਣਾ ਨੇਹੀਆਂਵਾਲਾ ਦੇ ਐਸਐਚਓ ਘਟਨਾ ਸਥਾਨ ’ਤੇ ਪੁੱਜੇ, ਜਿੱਥੇ ਉਨ੍ਹਾਂ ਨੂੰ ਆਸਟਰੇਲੀਆ ਤੋਂ ਆਏ ਰਜਿੰਦਰ ਕੌਰ ਉਰਫ ਸੋਨੀਆ ਅਤੇ ਉਸਦਾ ਪਤੀ ਸਾਹਿਲ ਸਿੰਘ ਵਾਸੀ ਪਿੰਡ ਚੱਕਬਖਤੂ ਮਿਲੇ, ਜਿਨ੍ਹਾਂ ਨੇ ਦੱਸਿਆ ਕਿ ਉਹ ਪਿੰਡ ਕੋਠੇ ਨੱਥਾ ਸਿੰਘ ਵਾਲਾ ਤੋਂ ਇਕ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਵਾਪਸ ਆਪਣੇ ਪਿੰਡ ਚੱਕ ਬਖਤੂ ਵੱਲ ਜਾ ਰਹੇ ਸਨ ਕਿ ਜਦੋਂ ਉਹ ਜੈਤੋ ਬਾਈਪਾਸ ਸੂਏ ਦੇ ਪੁਲ ਨੇੜੇ ਗੋਨਿਆਣਾ ਵਿਖੇ ਪੁੱਜੇ ਤਾਂ ਉਹਨਾਂ ਦੇ ਬੱਚੇ ਨੂੰ ਉਲਟੀ ਆਉਣ ਕਾਰਨ ਸੜਕ ਕਿਨਾਰੇ ਉਨ੍ਹਾਂ ਗੱਡੀ ਰੋਕ ਲਈ।
ਰਜਿੰਦਰ ਕੌਰ ਨੇ ਪੁਲਿਸ ਨੂੰ ਦੱਸਿਆ ਸੀ ਕਿ ਜਦੋਂ ਉਹ ਗੱਡੀ ਵਿੱਚੋਂ ਨਿਕਲ ਕੇ ਆਪਣੇ ਬੱਚੇ ਨੂੰ ਉਲਟੀ ਕਰਵਾ ਰਹੀ ਸੀ ਤਾਂ ਪਿੱਛੋਂ ਇਕ ਆਰਟੀਗਾ ਗੱਡੀ ਆਈ, ਜਿਸ ਵਿੱਚ ਸੱਤ ਅੱਠ ਨੌਜਵਾਨ ਸਵਾਰ ਸਨ। ਉਸਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਹਥਿਆਰਬੰਦ ਨੌਜਵਾਨਾਂ ਨੇ ਉਸ ਦੀ ਕੰਨ ਪੱਟੀ ਉੱਪਰ ਪਿਸਤੌਲ ਲਗਾ ਲਿਆ ਅਤੇ ਸਾਰੇ ਗਹਿਣੇ ਗੱਟੇ ਦੇਣ ਲਈ ਕਿਹਾ।
ਐਸਐਸਪੀ ਨੇ ਦੱਸਿਆ ਕਿ ਰਜਿੰਦਰ ਕੌਰ ਨੇ ਕਿਹਾ ਕਿ ਉਸ ਦੇ ਹੱਥਾਂ ਵਿਚ 28 ਤੋਲੇ ਸੋਨੇ ਦੀਆਂ ਚੂੜੀਆਂ, 9 ਤੋਲੇ ਸੋਨੇ ਦਾ ਰਾਣੀਹਾਰ ਅਤੇ ਉਸਦੇ ਪਤੀ ਸਾਹਿਲ ਦੇ ਹੱਥ ਵਿੱਚ ਪਾਇਆ 2 ਤੋਲੇ ਸੋਨੇ ਦਾ ਬ੍ਰੈਸਲਟ ਜ਼ਬਰਦਸਤੀ ਖੋਹ ਕੇ ਲੈ ਗਏ। ਐਸਐਸਪੀ ਨੇ ਦੱਸਿਆ ਕਿ ਐਨਆਰਆਈ ਜੋੜੇ ਨੇ ਦਾਅਵਾ ਕੀਤਾ ਸੀ ਕਿ ਲੁਟੇਰਿਆਂ ਨੇ ਉਨ੍ਹਾਂ ਕੋਲੋਂ ਕੋਲੇ ਕੁੱਲ੍ਹ 39 ਤੋਂ ਨੇ ਸੋਨਾ ਲੁੱਟ ਲਿਆ ਹੈ।
ਐਨਆਰਆਈ ਜੋੜੇ ਨੇ ਕਾਰ ਵਿੱਚ ਭੱਜ ਰਹੇ ਕੁਝ ਲੋਕਾਂ ਦੀ ਵੀਡੀਓ ਵੀ ਪੁਲਿਸ ਨੂੰ ਸੌਂਪੀ, ਜਿਸ ਤੋਂ ਪੁਲਿਸ ਨੇ ਆਰਟੀਗਾ ਗੱਡੀ ਦਾ ਨੰਬਰ ਟਰੇਸ ਕਰ ਲਿਆ। ਐਸਐਸਪੀ ਨੇ ਦੱਸਿਆ ਕਿ ਪੁਲਿਸ ਨੇ ਆਰਟੀਗਾ ਗੱਡੀ ਦੇ ਚਾਲਕ ਮਦਨ ਲਾਲ ਪੁੱਤਰ ਹਰੀ ਰਾਮ ਵਾਸੀ ਖੂਹੀ ਖੇੜਾ ਜ਼ਿਲ੍ਹਾ ਫਾਜ਼ਿਲਕਾ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦਿਨ ਉਸਦੀ ਕਾਰ ਵਿੱਚ ਵਾਲੀਬਾਲ ਦੇ ਖਿਡਾਰੀ ਸ਼ੁਰੇਸ਼ ਕੁਮਾਰ, ਸੌਰਵ ਕੁਮਾਰ, ਸੰਦੀਪ ਕੁਮਾਰ, ਪੰਕਜ ਕੁਮਾਰ, ਵਿਜੇਪਾਲ, ਪਵਨ ਕੁਮਾਰ, ਵਿਨੋਦ ਕੁਮਾਰ ਅਤੇ ਸਚਿਨ ਵਾਸੀ ਸਤੀਰਵਾਲਾ ਜ਼ਿਲ੍ਹਾ ਫਾਜ਼ਿਲਕਾ ਸਵਾਰ ਸਨ।
ਐਸਐਸਪੀ ਨੇ ਦੱਸਿਆ ਕਿ ਉਕਤ ਪਤੀ ਪਤਨੀ ਸੜਕ ਕਿਨਾਰੇ ਲੜ ਰਹੇ ਸਨ ਅਤੇ ਉਕਤ ਕਬੱਡੀ ਖਿਡਾਰੀ ਮਹਿਲਾ ਦੀ ਮਦਦ ਕਰਨ ਲਈ ਕਾਰ ਰੋਕ ਕੇ ਉਨ੍ਹਾਂ ਕੋਲ ਆਏ ਸਨ। ਐਸਐਸਪੀ ਨੇ ਦੱਸਿਆ ਕਿ ਐਨਆਰਆਈ ਜੋੜੇ ਨੇ ਮਦਦ ਕਰਨ ਲਈ ਰੁਕੇ ਵਾਲੀਬਾਲ ਖਿਡਾਰੀਆਂ ਉੱਪਰ ਹੀ ਲੁੱਟ ਖੋਹ ਦਾ ਦੋਸ਼ ਲਗਾ ਦਿੱਤਾ ਤੇ ਮਨ ਘੜਤ ਕਹਾਣੀ ਬਣਾ ਕੇ ਪੁਲਿਸ ਨੂੰ ਇਤਲਾਹ ਦੇ ਦਿੱਤੀ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਐਨਆਰਆਈ ਜੋੜੇ ਦੀ ਸ਼ਿਕਾਇਤ ਤੋਂ ਬਾਅਦ ਅਣਪਛਾਤੇ ਲੁਟੇਰਿਆਂ ਖਿਲਾਫ ਕੇਸ ਦਰਜ ਕੀਤਾ ਸੀ, ਪਰ ਹੁਣ ਲੁੱਟ ਦੀ ਕਹਾਣੀ ਝੂਠੀ ਨਿਕਲਣ ਤੋਂ ਬਾਅਦ ਆਸਟਰੇਲੀਆ ਨਿਵਾਸੀ ਰਜਿੰਦਰ ਕੌਰ ਅਤੇ ਉਸਦੇ ਪਤੀ ਸਾਹਿਲ ਸਿੰਘ ਖਿਲਾਫ ਪੁਲਿਸ ਨੂੰ ਝੂਠੀ ਇਤਲਾਹ ਦੇਣ ਦਾ ਕੇਸ ਦਰਜ ਕੀਤਾ ਗਿਆ ਹੈ।
ਐਸਐਸਪੀ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਪੁਲਿਸ ਕੋਲ ਸੱਚੀ ਇਤਲਾਹ ਹੀ ਦੇੇਣ, ਜੇਕਰ ਕਿਸੇ ਨੇ ਪੁਲਿਸ ਨੂੰ ਝੂਠੀ ਇਤਲਾਹ ਤੇ ਸ਼ਿਕਾਇਤ ਦਿੱਤੀ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐਸਪੀ ਸਿਟੀ ਨਰਿੰਦਰ ਸਿੰਘ, ਡੀਐਸਪੀ ਭੁੱਚੋ ਰਵਿੰਦਰ ਸਿੰਘ ਰੰਧਾਵਾ ਅਤੇ ਸੀਆਈਏ ਸਟਾਫ਼ ਦੇ ਇੰਚਾਰਜ ਕਰਨਦੀਪ ਸਿੰਘ ਹਾਜ਼ਰ ਸਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments