ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਨੇ ਸਮਾਗਮ ਦੀ ਸੱਭਿਆਚਾਰਕ ਤੇ ਕਲਾਤਮਕ ਮਹੱਤਤਾ ਨੂੰ ਉਜਾਗਰ ਕਰਦਿਆਂ ਦੱਸਿਆ
ਪੰਜਾਬ ਕਲਾ ਪ੍ਰੀਸ਼ਦ ਵੱਲੋਂ ਮੰਗਲਵਾਰ ਨੂੰ ਐੱਚਐੱਮਵੀ ਕਾਲਜ ’ਚ ਕਰਵਾਏ ਗਏ ਸਮਾਗਮ ਦੌਰਾਨ ਸਿਨੇਮਾ, ਲਲਿਤ ਕਲਾਵਾਂ, ਸੰਗੀਤ, ਰੰਗਮੰਚ, ਸਾਹਿਤ ਤੇ ਪੱਤਰਕਾਰੀ ਦੇ ਖੇਤਰ ’ਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਪੰਜਾਬ ਗੌਰਵ ਤੇ ਭਾਸ਼ਾ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ।
ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਦੀ ਅਗਵਾਈ ਹੇਠ ਐੱਚਐੱਮਵੀ ਦੀ ਪ੍ਰਿੰਸੀਪਲ ਡਾ. ਅਜੇ ਸਰੀਨ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਨਮਾਨ ਸਮਾਗਮ ਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਤੇ ਮਰਹੂਮ ਕਵੀ ਪਦਮਸ੍ਰੀ ਸੁਰਜੀਤ ਪਾਤਰ ਦੀ ਹਮਸਫ਼ਰ ਭੁਪਿੰਦਰ ਕੌਰ ਪਾਤਰ ਸਨ ਜਦੋਂਕਿ ਵਿਸ਼ੇਸ਼ ਮਹਿਮਾਨ ਵਜੋਂ ਜਸਟਿਸ (ਰਿਟਾ.) ਐੱਨਕੇ ਸੂਦ ਚੇਅਰਮੈਨ ਲੋਕਲ ਐਡਵਾਈਜ਼ਰੀ ਕਮੇਟੀ, ਡਾ. ਯੋਗਰਾਜ ਅੰਗਰਿਸ਼, ਅਸ਼ਵਨੀ ਚੈਟਲੇ ਅਤੇ ਅਮਰਜੀਤ ਸਿੰਘ ਗਰੇਵਾਲ ਮੌਜੂਦ ਸਨ।
ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਨੇ ਸਮਾਗਮ ਦੀ ਸੱਭਿਆਚਾਰਕ ਤੇ ਕਲਾਤਮਕ ਮਹੱਤਤਾ ਨੂੰ ਉਜਾਗਰ ਕਰਦਿਆਂ ਦੱਸਿਆ ਕਿ ਇਹ ਸਮਾਗਮ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਮਨਾਏ ਜਾ ਰਹੇ 75 ਦਿਨਾਂ ਦੇ ਪੰਜਾਬ ਨਵ-ਸਿਰਜਣਾ ਮਹਾਉਤਸਵ ਦਾ ਹਿੱਸਾ ਹੈ, ਜੋ ਡਾ. ਮਹਿੰਦਰ ਸਿੰਘ ਰੰਧਾਵਾ, ਸੁਰਜੀਤ ਪਾਤਰ ਤੇ ਪੰਜਾਬੀ ਮਾਤ ਭਾਸ਼ਾ ਨੂੰ ਸਮਰਪਿਤ ਹੈ।
ਪ੍ਰੀਸ਼ਦ ਦੇ ਸਕੱਤਰ ਅਮਰਜੀਤ ਸਿੰਘ ਗਰੇਵਾਲ ਨੇ ਪੰਜਾਬ ਨਵ ਸਿਰਜਣਾ ਦੇ ਸੰਕਲਪ ਬਾਰੇ ਵਿਸਥਾਰ ’ਚ ਦੱਸਿਆ। ਉਨ੍ਹਾਂ ਕਿਹਾ ਕਿ ਇਸ ਮਹਾਉਤਸਵ ਦਾ ਮੁੱਖ ਉਦੇਸ਼ ਪੰਜਾਬ ਦੀ ਕਲਾਤਮਕ ਤੇ ਸਾਹਿਤਕ ਵਿਰਾਸਤ ਨੂੰ ਮੁੜ ਸੁਰਜੀਤ ਕਰਨ ਅਤੇ ਮਨਾਉਣਾ ਹੈ ਤਾਂ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਵਿਸ਼ਵ ਪੱਧਰ ’ਤੇ ਪ੍ਰਭਾਵ ਪਾਉਣ ਵਾਲੇ ਅਮੀਰ ਸਭਿਆਚਾਰ ਨਾਲ ਜੋੜਨ ਦੇ ਨਾਲ ਹੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਜੋੜੀ ਰੱਖਿਆ ਜਾ ਸਕੇ। ਜਸਟਿਸ (ਰਿਟਾ.) ਐੱਨਕੇ ਸੂਦ ਨੇ ਮਾਤ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਵਿਦਿਆਰਥਣਾਂ ਨੂੰ ਸਾਹਿਤ ਵਿੱਚ ਦਿਲਚਸਪੀ ਲੈਣ ਲਈ ਕਿਹਾ।
ਭੁਪਿੰਦਰ ਕੌਰ ਪਾਤਰ ਨੇ ਡਾ. ਸੁਰਜੀਤ ਪਾਤਰ ਦੀ ਇਕ ਅਣਛਪੀ ਕਵਿਤਾ ਸੁਣਾ ਕੇ ਮਰਹੂਮ ਸ਼ਾਇਰ ਦੀ ਤਾਜ਼ਾ ਕਰਵਾ ਦਿੱਤੀ। ਕਲਾ ਪ੍ਰੀਸ਼ਦ ਨੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਤੇ ਪ੍ਰਿੰਸੀਪਲ ਡਾ. ਅਜੇ ਸਰੀਨ ਨੂੰ ਸਨਮਾਨਿਤ ਕੀਤਾ। ਧੰਨਵਾਦ ਦਾ ਮਤਾ ਡਾ. ਯੋਗਰਾਜ ਉਪ ਚੇਅਰਮੈਨ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਪੇਸ਼ ਕੀਤਾ ਗਿਆ। ਡਾ. ਨਵਰੂਪ ਕੌਰ ਮੁਖੀ ਪੰਜਾਬੀ ਵਿਭਾਗ ਤੇ ਨਿਰਮਲ ਜੌੜਾ ਨੇ ਸਫਲਤਾਪੂਰਵਕ ਕੋਆਰਡੀਨੇਟਰ ਦੀ ਭੂਮਿਕਾ ਨਿਭਾਈ।