ਸੰਜੇ ਰਾਉਤ ਨੇ ਐਲਾਨ ਕੀਤਾ ਕਿ ਉਹ ਮਹਾ ਵਿਕਾਸ ਅਗਾੜੀ ਗਠਜੋੜ ਲਈ ਰਾਹੁਲ ਗਾਂਧੀ ਨਾਲ ਸੀਟਾਂ ਦੀ ਵੰਡ ਦੇ ਪ੍ਰਬੰਧਾਂ ‘ਤੇ ਚਰਚਾ ਕਰਨ ਦੀ ਯੋਜਨਾ ਬਣਾ ਰਹੇ ਹਨ।
ਮਹਾਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ ਦੀ ਤਰੀਕ ਦਾ ਖ਼ੁਲਾਸਾ ਹੋ ਗਿਆ ਹੈ ਪਰ ਸ਼ਿਵ ਸੈਨਾ (ਯੂਬੀਟੀ) ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਪਵਾਰ), ਕਾਂਗਰਸ ਵਿਚਕਾਰ ਸੀਟਾਂ ਦੀ ਵੰਡ ਦਾ ਮੁੱਦਾ ਅਜੇ ਵੀ ਅਟਕਿਆ ਹੋਇਆ ਹੈ। ਹੈ।
ਅਜਿਹੇ ‘ਚ ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਊਤ ਨੇ ਸੀਟ ਵੰਡ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ। ਸੰਜੇ ਰਾਉਤ ਨੇ ਕਿਹਾ, ਮਹਾਰਾਸ਼ਟਰ ਕਾਂਗਰਸ ਦੇ ਨੇਤਾ ਫ਼ੈਸਲੇ ਲੈਣ ਦੇ ਸਮਰੱਥ ਨਹੀਂ ਹਨ। ਕਾਂਗਰਸੀ ਆਗੂਆਂ ਨੂੰ ਵਾਰ-ਵਾਰ ਲਿਸਟ ਦਿੱਲੀ ਭੇਜਣੀ ਪੈਂਦੀ ਹੈ ਤੇ ਫਿਰ ਚਰਚਾ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਹੁਣ ਸਮਾਂ ਬਹੁਤ ਘੱਟ ਹੈ। ਹੁਣ ਉਨ੍ਹਾਂ ਨੇ ਕਾਂਗਰਸ ਦੇ ਚੋਟੀ ਦੇ ਨੇਤਾਵਾਂ ਨਾਲ ਸਿੱਧੇ ਤੌਰ ‘ਤੇ ਸੀਟ ਵੰਡ ‘ਤੇ ਚਰਚਾ ਕਰਨ ਦੀ ਗੱਲ ਕੀਤੀ ਹੈ।
‘ਕਈ ਸੀਟਾਂ ‘ਤੇ ਲਏ ਜਾ ਰਹੇ ਹਨ ਨਵੇਂ ਫੈਸਲੇ’
ਸੰਜੇ ਰਾਉਤ ਨੇ ਐਲਾਨ ਕੀਤਾ ਕਿ ਉਹ ਮਹਾ ਵਿਕਾਸ ਅਗਾੜੀ ਗਠਜੋੜ ਲਈ ਰਾਹੁਲ ਗਾਂਧੀ ਨਾਲ ਸੀਟਾਂ ਦੀ ਵੰਡ ਦੇ ਪ੍ਰਬੰਧਾਂ ‘ਤੇ ਚਰਚਾ ਕਰਨ ਦੀ ਯੋਜਨਾ ਬਣਾ ਰਹੇ ਹਨ। ਸ਼ਿਵ ਸੈਨਾ (ਯੂ.ਬੀ.ਟੀ.) ਦੇ ਸੰਸਦ ਮੈਂਬਰ ਨੇ ਇਹ ਵੀ ਕਿਹਾ, “ਮੈਂ ਸਵੇਰੇ ਮੁਕੁਲ ਵਾਸਨਿਕ ਨਾਲ ਗੱਲ ਕੀਤੀ ਹੈ। ਅੱਜ ਮੈਂ ਰਾਹੁਲ ਗਾਂਧੀ ਨਾਲ ਵੀ ਗੱਲ ਕਰਾਂਗਾ ਅਤੇ ਸੀਟਾਂ ਦੀ ਵੰਡ ਨੂੰ ਲੈ ਕੇ ਲੰਬਿਤ ਫ਼ੈਸਲਾ ਹੋਵੇਗਾ। ਉਨ੍ਹਾਂ ਅੱਗੇ ਕਿਹਾ, “ਐਨਸੀਪੀ ਅਤੇ ਸ਼ਿਵ ਸੈਨਾ ਵਿੱਚ ਕੋਈ ਵੱਡੇ ਮਤਭੇਦ ਨਹੀਂ ਹਨ, ਇੱਥੋਂ ਤੱਕ ਕਿ ਕਾਂਗਰਸ ਵਿੱਚ ਵੀ ਅਜਿਹਾ ਕੁਝ ਨਹੀਂ ਹੈ ਪਰ ਕੁਝ ਸੀਟਾਂ ਅਜਿਹੀਆਂ ਹਨ ਜਿਨ੍ਹਾਂ ਉੱਤੇ ਤਿੰਨੋਂ ਪਾਰਟੀਆਂ ਨੇ ਦਾਅਵਾ ਕੀਤਾ ਹੈ।
ਭਾਜਪਾ ਦੀ ਬਿਸ਼ਨੋਈ ਗੈਂਗ ਨਾਲ ਤੁਲਨਾ
ਭਾਜਪਾ ‘ਤੇ ਹਮਲਾ ਕਰਦੇ ਹੋਏ ਸ਼ਿਵ ਸੈਨਾ (ਯੂਬੀਟੀ) ਨੇਤਾ ਨੇ ਕਿਹਾ, “ਮੇਰੇ ਵਰਗੇ ਲੋਕ ਜੇਲ੍ਹ ਗਏ ਹਨ ਅਤੇ ਵਾਪਸ ਆ ਗਏ ਹਨ, ਅਸੀਂ ਜਾਣਦੇ ਹਾਂ ਕਿ ਨਿਸ਼ਾਨਾ ਕੌਣ ਹਨ ਅਤੇ ਭਾਜਪਾ ਕੀ ਕਰੇਗੀ।” ਰਾਉਤ ਨੇ ਭਾਜਪਾ ਦੀਆਂ ਚਾਲਾਂ ਦੀ ਤੁਲਨਾ “ਬਿਸ਼ਨੋਈ ਗੈਂਗ” ਨਾਲ ਕੀਤੀ ਅਤੇ ਦਾਅਵਾ ਕੀਤਾ ਕਿ ਉਹ ਸੀਬੀਆਈ ਅਤੇ ਈਡੀ ਵਰਗੀਆਂ ਏਜੰਸੀਆਂ ਨੂੰ ਆਪਣੇ ਵਿਰੋਧੀਆਂ ਵਿਰੁੱਧ ਹਥਿਆਰ ਵਜੋਂ ਵਰਤਦੇ ਹਨ।
ਜ਼ਿਕਰਯੋਗ ਹੈ ਕਿ ਭਾਰਤੀ ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਸੀ ਕਿ ਮਹਾਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ 20 ਨਵੰਬਰ ਨੂੰ ਇੱਕੋ ਪੜਾਅ ਵਿੱਚ ਹੋਣਗੀਆਂ ਅਤੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ।