ਮੁੰਬਈ ਕ੍ਰਾਈਮ ਬ੍ਰਾਂਚ ਨੇ ਸ਼ੁਭਮ ਲੋਨਕਰ ਖਿਲਾਫ਼ ਲੁੱਕਆਊਟ ਸਰਕੂਲਰ ਵੀ ਜਾਰੀ ਕੀਤਾ ਹੈ।
12 ਅਕਤੂਬਰ ਦੀ ਰਾਤ ਨੂੰ NCP ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਤਿੰਨ ਸ਼ੂਟਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ ਨੌਂ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਗੋਲੀਬਾਰੀ ਕਰਨ ਵਾਲੇ ਅਤੇ ਫਰਾਰ ਸਾਜ਼ਿਸ਼ਕਰਤਾ ਸ਼ੁਭਮ ਲੋਨਕਰ ਦੀ ਭਾਲ ਕੀਤੀ ਜਾ ਰਹੀ ਹੈ।
ਮੁੰਬਈ ਕ੍ਰਾਈਮ ਬ੍ਰਾਂਚ ਨੇ ਸ਼ੁਭਮ ਲੋਨਕਰ ਖਿਲਾਫ਼ ਲੁੱਕਆਊਟ ਸਰਕੂਲਰ ਵੀ ਜਾਰੀ ਕੀਤਾ ਹੈ। ਮੁੰਬਈ ਪੁਲਿਸ ਨੂੰ ਸ਼ੱਕ ਹੈ ਕਿ ਉਹ ਨੇਪਾਲ ਭੱਜ ਸਕਦਾ ਹੈ। ਇਸੇ ਦੌਰਾਨ ਬਾਬਾ ਸਿੱਦੀਕੀ ਕਤਲ ਕੇਸ ਵਿੱਚ ਇੱਕ ਹੋਰ ਖੁਲਾਸਾ ਹੋਇਆ ਹੈ। ਮੁਲਜ਼ਮ ਸਨੈਪਚੈਟ ਐਪ ਰਾਹੀਂ ਇੱਕ ਦੂਜੇ ਨਾਲ ਗੱਲ ਕਰਦੇ ਸਨ।
ਸ਼ੂਟਰ ਦੇ ਫੋਨ ‘ਚ ਮਿਲੀ ਜ਼ੀਸ਼ਾਨ ਦੀ ਫੋਟੋ
ਮੁੰਬਈ ਪੁਲਿਸ ਇਸ ਕਤਲ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਇਹ ਕਤਲ ਸਲਮਾਨ ਖਾਨ ਦੀ ਵਜ੍ਹਾ ਨਾਲ ਹੋਇਆ ਹੈ? ਦੂਜੇ ਪਾਸੇ NDTV ਨੇ ਪੁਲਿਸ ਸੂਤਰਾਂ ਦੇ ਆਧਾਰ ‘ਤੇ ਖਬਰ ਦਿੱਤੀ ਹੈ ਕਿ ਗੋਲੀਬਾਰੀ ਕਰਨ ਵਾਲਿਆਂ ‘ਚੋਂ ਇਕ ਦੇ ਫੋਨ ‘ਤੇ ਬਾਬਾ ਸਿੱਦੀਕੀ ਦੇ ਵਿਧਾਇਕ ਪੁੱਤਰ ਜੀਸ਼ਾਨ ਸਿੱਦੀਕੀ ਦੀ ਫੋਟੋ ਵੀ ਮਿਲੀ ਹੈ।
ਹੈਂਡਲਰ ਨੇ ਫੋਟੋ ਭੇਜ ਦਿੱਤੀ ਸੀ
ਜ਼ੀਸ਼ਾਨ ਦੀ ਇਹ ਫੋਟੋ ਸ਼ੂਟਰਾਂ ਦੇ ਹੈਂਡਲਰ ਨੇ ਸਨੈਪਚੈਟ ਰਾਹੀਂ ਭੇਜੀ ਸੀ। ਹਾਲਾਂਕਿ ਦੋਸ਼ੀਆਂ ਨੇ ਸਨੈਪਚੈਟ ਤੋਂ ਮੈਸੇਜ ਡਿਲੀਟ ਕਰ ਦਿੱਤਾ ਹੈ। ਇਸ ਦੌਰਾਨ ਜੀਸ਼ਾਨ ਸਿੱਦੀਕੀ ਨੇ ਆਪਣੇ ਪਿਤਾ ਦੀ ਮੌਤ ‘ਤੇ ਸਿਆਸਤ ਨਾ ਕਰਨ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਮੁਲਾਕਾਤ ਕੀਤੀ।
ਸ਼ੁਭਮ ਨੇ ਕਤਲ ਦੀ ਜ਼ਿੰਮੇਵਾਰੀ ਲਈ ਸੀ
ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਸ਼ੁਭਮ ਲੋਨਕਰ ਨੇ ਫੇਸਬੁੱਕ ਪੋਸਟ ਰਾਹੀਂ ਕਤਲ ਦੀ ਜ਼ਿੰਮੇਵਾਰੀ ਲਈ ਸੀ। ਉਸ ਨੇ ਕਿਹਾ ਸੀ ਕਿ ਇਸ ਕਤਲ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਸੀ। ਪੁਲਿਸ ਨੇ ਸ਼ੁਭਮ ਦੇ ਭਰਾ ਪ੍ਰਵੀਨ ਨੂੰ ਗ੍ਰਿਫਤਾਰ ਕਰ ਲਿਆ ਹੈ। ਤਿੰਨ ਮਹੀਨੇ ਪਹਿਲਾਂ ਪੁਣੇ ਵਿੱਚ ਬਾਬਾ ਸਿੱਦੀਕੀ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਸੀ।