ਲੁਧਿਆਣਾ ਰੇਲਵੇ ਸਟੇਸ਼ਨ ਨੇੜੇ ਮੀਡੀਆ ਨੂੰ ਸੰਬੋਧਨ ਕਰਦਿਆਂ ਰਾਏ ਨੇ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਬੀਤੇ ਦੇਰ ਰਾਤ ਪੰਜਾਬ ਪੁਲਿਸ ਨੇ ‘ਆਪ੍ਰੇਸ਼ਨ ਸਤਾਰਕ’ ਚਲਾਇਆ। ਜਿਸ ਨੂੰ ਡੀਜੀਪੀ ਗੌਰਵ ਯਾਦਵ ਨੇ ਖੁਦ ਲੀਡ ਕੀਤਾ। ਅੰਮ੍ਰਿਤਸਰ ਵਿੱਚ ਡੀਜੀਪੀ ਅਤੇ ਪੁਲਿਸ ਕਮਿਸ਼ਨਰ ਸੜਕਾਂ ਉੱਪਰ ਘੁੰਮਦੇ ਦਿਖਾਈ ਦਿੱਤੇ। ਇਸ ਤੋਂ ਇਲਾਵਾ ਹਰ ਜ਼ਿਲ੍ਹੇ ਦੀ ਪੁਲਿਸ ਇਸ ਅਪਰੇਸ਼ਨ ਦੇ ਤਹਿਤ ਸਤਰਕ ਦਿਖਾਈ ਦਿੱਤੀ। ਓਧਰ ਲੁਧਿਆਣਾ ਵਿੱਚ ਵੀ ਪੁਲਿਸ ਨੇ 12 ਥਾਵਾਂ ‘ਤੇ ਵਿਸ਼ੇਸ਼ ਨਾਕਾਬੰਦੀ ਕੀਤੀ। ਨਾਕਾਬੰਦੀ ਦੌਰਾਨ, ਹਰ ਲੰਘਦੇ ਵਾਹਨ ਚਾਲਕ ਦੀ ਤਲਾਸ਼ੀ ਲਈ ਗਈ।
ਪੁਲਿਸ ਨੇ ਖਾਸ ਤੌਰ ‘ਤੇ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਵਾਹਨਾਂ ਦੀ ਜਾਂਚ ਕੀਤੀ। ਇਹ ਚੈਕਿੰਗ ਮੁਹਿੰਮ ਸ਼ਹਿਰ ਵਿੱਚ ਸਵੇਰੇ 4 ਵਜੇ ਤੱਕ ਜਾਰੀ ਰਹੀ। ਲੁਧਿਆਣਾ ਵਿੱਚ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਏ.ਡੀ.ਜੀ.ਪੀ. ਰਾਤ ਸਮੇਂ ਸੜਕਾਂ ਤੇ ਜਾਂਚ ਕਰਦੇ ਦਿਖਾਈ ਦਿੱਤੇ।
ਦਰਅਸਲ, ਸਿੱਖ ਫਾਰ ਜਸਟਿਸ (SFJ) ਦੇ ਨੇਤਾ ਅਤੇ ਘੋਸ਼ਿਤ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਡਾ. ਬੀ.ਆਰ. ਅੰਬੇਡਕਰ ਦੀ ਜਯੰਤੀ ਮਨਾਉਣ ਲਈ ਜਨਤਕ ਕੰਧਾਂ ‘ਤੇ ਧਮਾਕੇ ਕਰਨ ਅਤੇ ਇਤਰਾਜ਼ਯੋਗ ਨਾਅਰੇ ਲਗਾਉਣ ਦੀ ਚੇਤਾਵਨੀ ਜਾਰੀ ਕਰਨ ਤੋਂ ਬਾਅਦ, ਪੁਲਿਸ ਨੇ ਸ਼ੁੱਕਰਵਾਰ ਰਾਤ ਨੂੰ ‘ਆਪ੍ਰੇਸ਼ਨ ਸਤਾਰਕ’ ਤਹਿਤ ਇੱਕ ਵਿਸ਼ੇਸ਼ ਜਾਂਚ ਮੁਹਿੰਮ ਸ਼ੁਰੂ ਕੀਤੀ।
ਖੁਫੀਆ ਜਾਣਕਾਰੀ ਦੇ ਅਧਾਰ ਤੇ ਚਲਾਇਆ ਗਿਆ ਅਪਰੇਸ਼ਨ-ਰਾਏ
ਏਡੀਜੀਪੀ (ਟ੍ਰੈਫਿਕ) ਏਐਸ ਰਾਏ ਨੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੇ ਨਾਲ ਲੁਧਿਆਣਾ ਵਿੱਚ ਮੁਹਿੰਮ ਦੀ ਅਗਵਾਈ ਕੀਤੀ। ਲੁਧਿਆਣਾ ਰੇਲਵੇ ਸਟੇਸ਼ਨ ਨੇੜੇ ਮੀਡੀਆ ਨੂੰ ਸੰਬੋਧਨ ਕਰਦਿਆਂ ਰਾਏ ਨੇ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਸਾਰੇ ਸੀਨੀਅਰ ਅਧਿਕਾਰੀ ਡਿਊਟੀ ਦੀ ਜਾਂਚ ਲਈ ਸੜਕਾਂ ‘ਤੇ ਹਨ। ਲੁਧਿਆਣਾ ਵਿੱਚ, ਖੁਫੀਆ ਜਾਣਕਾਰੀ ਦੇ ਆਧਾਰ ‘ਤੇ, ਸ਼ਹਿਰ ਵਿੱਚ ਕੁੱਲ 12 ਚੌਕੀਆਂ ਸਥਾਪਤ ਕੀਤੀਆਂ ਗਈਆਂ ਹਨ।
ਸ਼ਹਿਰ ਦੇ ਸਾਰੇ ਪ੍ਰਵੇਸ਼ ਅਤੇ ਨਿਕਾਸ ਰਸਤਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇੱਕ ਖੋਹੀ ਗਈ ਸਕਾਰਪੀਓ ਕਾਰ ਵੀ ਬਰਾਮਦ ਕੀਤੀ ਗਈ ਹੈ। ਸੀਨੀਅਰ ਅਧਿਕਾਰੀਆਂ ਸਮੇਤ 240 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਸੜਕਾਂ ਉੱਪਰ ਜਾਂਚ ਕੀਤੀ। ਸੜਕ ਉੱਪਰੋਂ ਗੁਜ਼ਰਣ ਵਾਲੇ ਸਾਰੇ ਵਾਹਨਾਂ ਦੀ ਜਾਂਚ ਕੀਤੀ ਗਈ। ਰਾਏ ਨੇ ਕਿਹਾ ਕਿ ਕਿਸੇ ਨੂੰ ਵੀ ਸ਼ਹਿਰ ਦੀ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।