ਡਰੋਨ ਹਮਲਿਆਂ ਅਤੇ “ਆਪ੍ਰੇਸ਼ਨ ਸਿੰਦੂਰ” ਤੋਂ ਬਾਅਦ, ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਡਰ ਦਾ ਮਾਹੌਲ ਹੈ।
‘ਆਪ੍ਰੇਸ਼ਨ ਸਿੰਦੂਰ’ ਤੋਂ ਬਾਅਦ, ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਡਰੋਨ ਹਮਲਿਆਂ ਕਾਰਨ, ਮਜ਼ਦੂਰ ਉੱਤਰ ਪ੍ਰਦੇਸ਼-ਬਿਹਾਰ ਵਾਪਸ ਪਰਤਣੇ ਸ਼ੁਰੂ ਹੋ ਗਏ ਹਨ। ਜੰਗਬੰਦੀ ਤੋਂ ਬਾਅਦ ਵੀ ਲੋਕਾਂ ਵਿੱਚ ਡਰ ਬਣਿਆ ਹੋਇਆ ਹੈ। ਇਸ ਕਾਰਨ ਜਲੰਧਰ, ਅੰਮ੍ਰਿਤਸਰ, ਲੁਧਿਆਣਾ ਅਤੇ ਪਠਾਨਕੋਟ ਦੇ ਰੇਲਵੇ ਸਟੇਸ਼ਨਾਂ ‘ਤੇ ਪ੍ਰਵਾਸੀਆਂ ਦੀ ਭੀੜ ਸਾਫ਼ ਦੇਖੀ ਜਾ ਸਕਦੀ ਹੈ। ਸਥਿਤੀ ਵਿਗੜਨ ਤੋਂ ਬਾਅਦ, ਦੂਜੇ ਸੂਬਿਆਂ ਦੇ ਵਿਦਿਆਰਥੀ ਵੀ ਪੰਜਾਬ ਤੋਂ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਹਨ। ਪੰਜਾਬ ਵਿੱਚ ਝੋਨੇ ਦਾ ਸੀਜ਼ਨ 1 ਜੂਨ ਤੋਂ ਸ਼ੁਰੂ ਹੋ ਰਿਹਾ ਹੈ। ਮਜ਼ਦੂਰਾਂ ਦੇ ਪ੍ਰਵਾਸ ਕਾਰਨ, ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਝੋਨੇ ਦੀ ਲਵਾਈ ਲਈ ਮਜ਼ਦੂਰ ਸੰਕਟ ਪੈਦਾ ਹੋ ਸਕਦਾ ਹੈ। ਖੇਤੀਬਾੜੀ ਦੇ ਨਾਲ-ਨਾਲ ਉਦਯੋਗ ਲਈ ਵੀ ਸੰਕਟ ਹੈ।
ਪੰਜਾਬ ਤੋਂ ਜਾਣ ਵਾਲੇ ਲੋਕ ਕਹਿੰਦੇ ਹਨ ਕਿ ਜੇ ਉਹ ਆਪਣੇ ਪਰਿਵਾਰ ਨਾਲ ਰਹਿਣਗੇ ਤਾਂ ਉਹ ਸੁਰੱਖਿਅਤ ਰਹਿਣਗੇ। ਜਦੋਂ ਪੰਜਾਬ ਦੇ ਹਾਲਾਤ ਸੁਧਰ ਜਾਣਗੇ, ਤਾਂ ਵਾਪਸ ਆ ਜਾਣਗੇ ਪਰ ਹੁਣ ਪੰਜਾਬ ਵਿੱਚ ਰਹਿਣਾ, ਜਾਨ ਖ਼ਤਰੇ ਵਿੱਚ ਪਾਉਣ ਬਰਾਬਰ ਹੈ। ਜਦੋਂ ਵੱਖ ਵੱਖ ਪੱਤਰਕਾਰਾਂ ਨੇ ਪੰਜਾਬ ਤੋਂ ਜਾ ਰਹੇ ਮਜ਼ਦੂਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਾਫ਼ ਕਿਹਾ ਕਿ ਉਹ ਇਸ ਵੇਲੇ ਇੱਥੇ ਡਰ ਮਹਿਸੂਸ ਕਰ ਰਹੇ ਹਨ। ਇਸੇ ਲਈ ਉਹ ਘਰ ਵਾਪਸ ਜਾ ਰਹੇ ਹਨ।
ਘਰੋਂ ਆ ਰਹੇ ਨੇ ਫੋਨ
ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਇਸ ਪ੍ਰਵਾਸੀ ਮਜ਼ਦੂਰ ਨੇ ਕਿਹਾ ਕਿ ਅਸੀਂ 12 ਜਣੇ ਪਿੰਡ ਜਾ ਰਹੇ ਹਾਂ। ਉਹ ਅੰਮ੍ਰਿਤਸਰ ਵਿੱਚ ਲੱਡੂ ਬਣਾਉਣ ਦਾ ਕੰਮ ਕਰਦੇ ਸਨ। ਹੁਣ ਅਸੀਂ ਹਾਲਾਤ ਸੁਧਰਨ ‘ਤੇ ਹੀ ਵਾਪਸ ਆਵਾਂਗੇ। ਯੂਪੀ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਵਿਗੜ ਰਿਹਾ ਹੈ। ਉਸ ਨੂੰ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਹੈ ਕਿ ਉੱਥੇ ਰਹਿਣ ਦਾ ਕੀ ਫਾਇਦਾ ਹੈ। ਇਸੇ ਲਈ ਮੈਂ ਜਾ ਰਿਹਾ ਹਾਂ। ਪਰ ਹੁਣ ਰੇਲ ਦੀਆਂ ਟਿਕਟਾਂ ਨਹੀਂ ਮਿਲ ਰਹੀਆਂ, ਰੇਲ ਗੱਡੀਆਂ ਭਰ ਭਰ ਕੇ ਜਾ ਰਹੀਆਂ ਹਨ।
ਬਠਿੰਡਾ ਵਿੱਚ ਕੰਮ ਕਰਨ ਵਾਲੇ ਪ੍ਰਵਾਸੀ ਮਜ਼ੂਦੂਰ ਨੇ ਕਿਹਾ ਕਿ ਹੁਣ ਇੱਥੇ ਮਾਹੌਲ ਠੀਕ ਨਹੀਂ, ਉਹ ਇਕੱਲੇ ਹਨ ਇਸ ਕਰਕੇ ਉਹਨਾਂ ਨੂੰ ਡਰ ਲੱਗ ਰਿਹਾ ਹੈ। ਉਸ ਨੇ ਕਿਹਾ ਕਿ ਜਦੋਂ ਉਹ ਆਪਣੇ ਪਰਿਵਾਰ ਨਾਲ ਹੋਵੇਗਾ ਤਾਂ ਚੰਗਾ ਲੱਗੇਗਾ।
2-3 ਮਹੀਨਿਆਂ ਬਾਅਦ ਆਵਾਂਗੇ- ਪ੍ਰਵਾਸੀ
ਪ੍ਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਜੋ ਉੱਪਰ ਡਰੋਨ ਉੱਡ ਰਹੇ ਹਨ ਉਹਨਾਂ ਤੋਂ ਡਰ ਲੱਗ ਰਿਹਾ ਹੈ ਅਜਿਹੀ ਸਥਿਤੀ ਵਿੱਚ ਕੰਮ ਦਾ ਵੀ ਨੁਕਸਾਨ ਹੋ ਰਿਹਾ ਹੈ। ਜਦੋਂ ਮਾਹੌਲ ਠੀਕ ਹੋ ਗਿਆ, ਦੋ ਤਿੰਨ ਮਹੀਨਿਆਂ ਬਾਅਦ ਉਦੋਂ ਪੰਜਾਬ ਆਵਾਂਗੇ।
ਪੰਜਾਬ ਵਿੱਚ ਝੋਨੇ ਦਾ ਸੀਜ਼ਨ 1 ਜੂਨ ਤੋਂ ਸ਼ੁਰੂ ਹੋ ਰਿਹਾ ਹੈ। ਪੰਜਾਬ ਦੇ ਕਿਸਾਨ ਖੇਤੀ ਲਈ ਪੂਰੀ ਤਰ੍ਹਾਂ ਯੂਪੀ ਅਤੇ ਬਿਹਾਰ ਤੋਂ ਆਉਣ ਵਾਲੇ ਮਜ਼ਦੂਰਾਂ ‘ਤੇ ਨਿਰਭਰ ਹਨ। ਇਨ੍ਹੀਂ ਦਿਨੀਂ ਪੰਜਾਬ ਦੇ ਰੇਲਵੇ ਸਟੇਸ਼ਨਾਂ ‘ਤੇ ਬਿਹਾਰ ਅਤੇ ਯੂਪੀ ਤੋਂ ਆਉਣ ਵਾਲੇ ਲੋਕਾਂ ਦੀ ਭੀੜ ਹੁੰਦੀ ਸੀ, ਜਦੋਂ ਕਿ ਵਿਗੜਦੇ ਮਾਹੌਲ ਕਾਰਨ ਇਸ ਵਾਰ ਜਾਣ ਵਾਲੇ ਲੋਕਾਂ ਦੀ ਭੀੜ ਹੈ। ਇਸ ਕਾਰਨ ਪੰਜਾਬ ਵਿੱਚ ਝੋਨੇ ਦੀ ਲਵਾਈ ਸਮੇਂ ਮਜ਼ਦੂਰਾਂ ਦਾ ਸੰਕਟ ਪੈਦਾ ਹੋ ਸਕਦਾ ਹੈ। ਪੰਜਾਬ ਵਿੱਚ 35 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ। ਜੇਕਰ ਪੰਜਾਬ ਦੇ ਮਜ਼ਦੂਰਾਂ ਤੋਂ ਝੋਨਾ ਲਗਵਾਇਆ ਗਿਆ ਤਾਂ ਉਹਨਾਂ ਨੂੰ ਜ਼ਿਆਦਾ ਮਜ਼ਦੂਰੀ ਦੇਣੀ ਪੈ ਸਕਦੀ ਹੈ ਜਿਸ ਨਾਲ ਕਿਸਾਨਾਂ ਉੱਪਰ ਆਰਥਿਕ ਬੋਝ ਵਧੇਗਾ।