ਸਰਕਾਰ ਨੇ ਇਹ ਫ਼ੈਸਲਾ ਕੀਤਾ ਹੈ ਕਿ ਜਿਨ੍ਹਾਂ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਮਿਲ ਰਹੀ ਹੈ, ਉਨ੍ਹਾਂ ਦਿਨ ਵੇਲੇ ਬਿਜਲੀ ਨਹੀਂ ਮਿਲੇਗੀ।
ਝੋਨੇ ਦੀ ਲੁਆਈ ਇਕ ਜੂਨ ਤੋਂ ਕਰਨ ਲਈ ਖੇਤੀ ਮਾਹਿਰਾਂ ਦਾ ਵਿਰੋਧ ਝੱਲ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਇਕ ਵੱਡਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਜਿਨ੍ਹਾਂ ਕਿਸਾਨਾਂ ਨੂੰ ਨਹਿਰੀ ਪਾਣੀ ਮਿਲ ਰਿਹਾ ਹੈ, ਉਨ੍ਹਾਂ ਦਿਨ ਵੇਲੇ ਟਿਊਬਵੈੱਲ ਚਲਾਉਣ ਲਈ ਬਿਜਲੀ ਨਹੀਂ ਦਿੱਤੀ ਜਾਏਗੀ। ਇਹ ਐਲਾਨ ਉਨ੍ਹਾਂ ਨੇ ਅੱਜ ਪੰਚਾਇਤ ਦਿਵਸ ’ਤੇ ਇਕ ਸਮਾਗਮ ਦੌਰਾਨ ਸਰਪੰਚਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਸਿਰਫ਼ ਕੁਝ ਘੰਟੇ ਬਚਾਉਣ ਲਈ ਕਿਸਾਨ ਨਹਿਰੀ ਪਾਣੀ ਦੀ ਸਪਲਾਈ ਵੀ ਚਲਾ ਕੇ ਰੱਖਦੇ ਹਨ ਤੇ ਟਿਊਬਵੈੱਲ ਵੀ, ਤੇ ਕਦੇ-ਕਦੇ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਉਹ ਬਾਰਿਸ਼ ਦੇ ਦਿਨਾਂ ’ਚ ਤਿੰਨੋਂ ਹੀ ਚਲਾ ਰਹੇ ਹੁੰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਧਰਤੀ ਹੇਠਲਾ ਪਾਣੀ ਸਾਡੀਆਂ ਅਗਲੀਆਂ ਪੀੜ੍ਹੀਆਂ ਦਾ ਹੈ। ਸਾਨੂੰ ਉਸਦਾ ਖਿਆਲ ਰੱਖਣਾ ਚਾਹੀਦਾ ਹੈ। ਇਸ ਲਈ ਸਰਕਾਰ ਨੇ ਇਹ ਫ਼ੈਸਲਾ ਕੀਤਾ ਹੈ ਕਿ ਜਿਨ੍ਹਾਂ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਮਿਲ ਰਹੀ ਹੈ, ਉਨ੍ਹਾਂ ਦਿਨ ਵੇਲੇ ਬਿਜਲੀ ਨਹੀਂ ਮਿਲੇਗੀ। ਰਾਤ ਨੂੰ ਅੱਠ ਘੰਟੇ ਮਿਲਦੀ ਰਹੇਗੀ। ਉਨ੍ਹਾਂ ਕਿਹਾ ਕਿ ਜੇਕਰ ਨਹਿਰੀ ਪਾਣੀ ਦੇ ਕਾਰਨ ਉਨ੍ਹਾਂ ਦੀ ਜ਼ਮੀਨ ਦੀ ਸਿੰਚਾਈ ਹੋਣੋਂ ਰਹਿ ਗਈ ਹੈ, ਤਾਂ ਉਹ ਰਾਤ ਨੂੰ ਟਿਊਬਵੈੱਲ ਚਲਾ ਸਕਦੇ ਹਨ। ਘੱਟੋ ਘੱਟ ਇਸ ਨਾਲ ਜ਼ਮੀਨ ਹੇਠਲਾ ਪਾਣੀ ਤਾਂ ਬਚੇਗਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚ ਝੋਨੇ ਦੀ ਲੁਆਈ ਇਕ ਜੂਨ ਤੋਂ ਕਰਨ ਦਾ ਐਲਾਨ ਕੀਤਾ ਸੀ ਤਾਂ ਡਾ. ਐੱਸਐੱਸ ਜੋਹਲ, ਡਾ. ਜੀਐੱਸ ਖੁਸ਼, ਡਾ. ਰਤਨ ਲਾਲ ਤੇ ਡਾ. ਬੀਐੱਸ ਢਿੱਲੋਂ ਸਮੇਤ ਕਈ ਮਸ਼ਹੂਰ ਖੇਤੀ ਮਾਹਿਰਾਂ ਨੇ ਇਸ ਫ਼ੈਸਲੇ ਦੀ ਆਲੋਚਨਾ ਕੀਤੀ ਸੀ ਤੇ ਵਾਤਾਵਰਣ ਦੇ ਨਤੀਜਿਆਂ ਦੀ ਚਿਤਾਵਨੀ ਦਿੱਤੀ ਸੀ। ਪਰ ਇਸ ਚਿਤਾਵਨੀ ਦੇ ਬਾਵਜੂਦ ਖੇਤੀ ਵਿਭਾਗ ਨੇ ਇਕ ਜੂਨ ਤੋਂ ਝੋਨੇ ਦੀ ਲੁਆਈ ਪੜਾਅਵਾਰ ਤਰੀਕੇ ਨਾਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਇਸਦੇ ਲਈ ਇਕ ਜੂਨ ਤੋਂ ਫਰੀਦਕੋਟ, ਬਠਿੰਡਾ, ਫਿਰੋਜ਼ਪੁਰ, ਮੁਕਤਸਰ, ਫਾਜ਼ਿਲਕਾ, ਪੰਜ ਜੂਨ ਤੋਂ ਗੁਰਦਾਸਪੁਰ, ਪਠਾਨਕੋਟ, ਅੰਮਿ੍ਰਤਸਰ, ਤਰਨਤਾਰਨ, ਰੂਪਨਗਰ, ਐੱਸਏਐੱਸ ਨਗਰ, ਫਤਹਿਗੜ੍ਹ ਸਾਹਿਬ, ਹੁਸ਼ਿਆਰਪੁਰ, ਨੌ ਜੂਨ ਤੋਂ ਲੁਧਿਆਣਾ, ਮਾਲੇਰਕੋਟਲਾ, ਮਾਨਸਾ, ਮੋਗਾ, ਪਟਿਆਲਾ, ਸੰਗਰੂਰ, ਬਰਨਾਲਾ, ਕਪੂਰਥਲਾ, ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ ਦੇ ਕਿਸਾਨ ਝੋਨੇ ਦੀ ਲੁਆਈ ਕਰ ਸਕਣਗੇ।