ਪਾਕਿਸਤਾਨੀ ਸਰਕਾਰ ਨੇ ਖਾਲਸਾ ਸਾਜਨਾ ਦਿਹਾੜੇ ਮੌਕੇ ਹੋਣ ਵਾਲੇ ਸਮਾਗਮਾਂ ਦੇ ਸਥਾਨ ਵਿੱਚ ਤਬਦੀਲੀ ਕਰ ਦਿੱਤੀ ਹੈ।
ਭਾਰਤ ਤੋਂ ਸ਼ਰਧਾਲੂਆਂ ਦਾ ਜੱਥਾ ਖਾਲਸਾ ਸਾਜਨਾ ਦਿਹਾੜਾ ਮਨਾਉਣ ਲਈ ਪਾਕਿਸਤਾਨ ਪਹੁੰਚ ਗਿਆ ਹੈ। ਪਰ ਜੱਥੇ ਦੇ ਪਹੁੰਚਣ ਤੋਂ ਕੁੱਝ ਕੁ ਸਮਾਂ ਬਾਅਦ ਹੀ ਪਾਕਿਸਾਨ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਦਰਅਸਲ ਸਰਕਾਰ ਨੇ ਖਾਲਸਾ ਸਾਜਨਾ ਦਿਹਾੜੇ ਮੌਕੇ ਹੋਣ ਵਾਲੇ ਸਮਾਗਮਾਂ ਦੇ ਸਥਾਨ ਵਿੱਚ ਤਬਦੀਲੀ ਕਰ ਦਿੱਤੀ ਹੈ। ਜੀ ਹਾਂ, 1974 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਖਾਲਸਾ ਸਾਜਨਾ ਦਿਹਾੜਾ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੀ ਥਾਂ ਕਿਸੇ ਹੋਰ ਅਸਥਾਨ ਤੇ ਮਨਾਇਆ ਜਾਵੇਗਾ।
ਪਾਕਿਸਤਾਨੀ ਸਰਕਾਰ ਨੇ ਇਸ ਵਾਰ ਖਾਲਸਾ ਸਾਜਨਾ ਦਿਹਾੜਾ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਵਿਖੇ ਮਨਾਉਣ ਦਾ ਫੈਸਲਾ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਫੈਸਲੇ ਪਿਛਲਾ ਕਾਰਨ ਸ਼ਰਧਾਲੂਆਂ ਨੂੁੰ ਵੱਡੀ ਗਿਣਤੀ ਵਿੱਚ ਜਾਰੀ ਹੋਏ ਵੀਜ਼ੇ ਹਨ।
ਗੁਰਧਾਮਾਂ ਦੇ ਦਰਸ਼ਨਾਂ ਲਈ ਭਾਰਤ ਤੋਂ ਗਏ ਜੱਥੇ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਇੱਕ ਜੱਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ ਜਦੋਂ ਕਿ ਦੂਜੇ ਜੱਥੇ ਵਿੱਚ ਬਾਕੀ ਸਿੱਖ ਸੰਸਥਾਵਾਂ ਦੀ ਅਗਵਾਈ ਵਿੱਚ ਗਏ ਸ਼ਰਧਾਲੂ ਦਾ ਹੈ। ਸ਼੍ਰੋਮਣੀ ਕਮੇਟੀ ਦੇ ਜੱਥੇ ਨੂੰ ਸ਼੍ਰੀ ਨਨਕਾਣਾ ਸਾਹਿਬ ਭੇਜਿਆ ਗਿਆ ਹੈ। ਜਦੋਂ ਕਿ ਦੂਜੇ ਜੱਥੇ ਨੂੰ ਸ਼੍ਰੀ ਪੰਜਾ ਸਾਹਿਬ ਭੇਜਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਅਜਿਹਾ ਕੀਤਾ ਗਿਆ ਹੈ।
ਪਾਕਿਸਤਾਨ ਨੇ ਦਿੱਤੇ ਰਿਕਾਰਡ ਵੀਜ਼ੇ
ਇਸ ਵਾਰ ਪਾਕਿਸਤਾਨੀ ਸਰਕਾਰ ਨੇ ਕਿਸੇ ਵੀ ਸ਼ਰਧਾਲੂ ਦਾ ਵੀਜ਼ਾ ਰੱਦ ਨਹੀਂ ਕੀਤਾ ਹੈ। ਜਿੰਨੇ ਸ਼ਰਧਾਲੂਆਂ ਨੇ ਅਪਲਾਈ ਕੀਤਾ ਸੀ ਉਹਨਾਂ ਸਾਰਿਆਂ ਨੂੰ ਵੀਜ਼ਾ ਮਿਲਿਆ ਹੈ। ਪਾਕਿਸਤਾਨ ਨੇ 6600 ਤੋਂ ਜ਼ਿਆਦਾ ਵੀਜ਼ੇ ਜਾਰੀ ਕੀਤੇ ਹਨ। ਜਿਨ੍ਹਾਂ ਵਿੱਚੋਂ 1942 ਵੀਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੀਆਂ ਅਰਜ਼ੀਆਂ ਤੇ ਜਾਰੀ ਕੀਤੇ ਗਏ ਹਨ। ਕਈ ਪਾਕਿਸਤਾਨੀ ਮੀਡੀਆ ਰਿਪੋਰਟਾਂ ਅਨੁਸਾਰ ਜਾਰੀ ਕੀਤੇ ਗਏ ਵੀਜ਼ਿਆਂ ਦੀ ਗਿਣਤੀ ਆਮ ਨਾਲੋਂ ਦੁੱਗਣੀ ਹੈ।
ਦਰਅਸਲ ਪਾਕਿਸਤਾਨੀ ਸਰਕਾਰ ਨੇ ਆਪਣੀ ਨੀਤੀ ਵਿੱਚ ਸੁਧਾਰ ਕੀਤਾ ਹੈ ਅਤੇ ਸਰਕਾਰ ਚਾਹੁੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਪਾਕਿਸਤਾਨ ਘੁੰਮਣ ਲਈ ਆਉਣ। ਇਸ ਨਾਲ ਪਾਕਿਸਤਾਨ ਨੂੰ ਆਰਥਿਕ ਤੌਰ ਤੇ ਫਾਇਦਾ ਹੋਵੇਗਾ। ਸਰਕਾਰ ਨੇ ਕੈਨੇਡਾ, ਅਮਰੀਕਾ ਸਮੇਤ ਹੋਰਨਾਂ ਦੇਸ਼ਾਂ ਦੇ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਫੀਸ ਤੋਂ ਬਿਨਾਂ ਵੀ ਯਾਤਰਾ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਹੈ। ਜਿਸ ਕਾਰਨ ਪੱਛਮੀ ਦੇਸ਼ਾਂ ਵਿੱਚ ਰਹਿਣ ਵਾਲੇ ਸਿੱਖ ਕਿਸੇ ਵੀ ਸਮੇਂ ਪਾਕਿਸਤਾਨ ਵਿਖੇ ਗੁਰਧਾਮਾਂ ਦੇ ਦਰਸ਼ਨਾਂ ਲਈ ਆ ਸਕਦੇ ਹਨ।