ਮੁਕਾਬਲੇ ਵਿੱਚ ਚਾਰ ਉਪ ਜੇਤੂ ਵੀ ਚੁਣੇ ਗਏ।
25 ਅਕਤੂਬਰ, 2024 ਭਾਰਤ ਦੇ ਸੁੰਦਰਤਾ ਮੁਕਾਬਲੇ ਅਤੇ ਮਾਡਲਿੰਗ ਉਦਯੋਗ ਲਈ ਇੱਕ ਇਤਿਹਾਸਕ ਦਿਨ ਬਣ ਗਿਆ, ਜਦੋਂ ਜਲੰਧਰ ਦੀ ਰਹਿਣ ਵਾਲੀ 20 ਸਾਲਾ ਰੇਚਲ ਗੁਪਤਾ ਨੇ ਥਾਈਲੈਂਡ ਵਿੱਚ ਆਯੋਜਿਤ ਵੱਕਾਰੀ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦਾ ਖਿਤਾਬ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ।
ਇਹ ਪਹਿਲੀ ਵਾਰ ਹੈ ਜਦੋਂ ਕਿਸੇ ਭਾਰਤੀ ਨੇ ਇਹ ਵੱਕਾਰੀ ਤਾਜ ਜਿੱਤਿਆ ਹੈ। ਰੇਚਲ ਨੂੰ ਮਿਸ ਗ੍ਰੈਂਡ ਇੰਟਰਨੈਸ਼ਨਲ 2023 ਦੀ ਜੇਤੂ ਪੇਰੂ ਦੀ ਲੂਸੀਆਨਾ ਫੁਸਟਰ ਨੇ ਤਾਜ ਪਹਿਨਾਇਆ।
ਇਸ ਮੁਕਾਬਲੇ ਵਿੱਚ ਚਾਰ ਉਪ ਜੇਤੂ ਵੀ ਚੁਣੇ ਗਏ। ਜਿਸ ਵਿੱਚ ਫਿਲੀਪੀਨਜ਼ ਦੀ ਕ੍ਰਿਸਟੀਨ ਜੂਲੀਅਨ ਓਪਿਆਜ਼ਾ (ਪਹਿਲੀ ਰਨਰ-ਅੱਪ), ਮਿਆਂਮਾਰ ਦੀ ਥਾਏ ਸੂ ਨਯਿਨ (ਸੈਕੰਡ ਰਨਰ-ਅੱਪ), ਫਰਾਂਸ ਦੀ ਸਫੀਤੁ ਕਾਬੇਂਗਲੇ (ਤੀਜੀ ਰਨਰ-ਅੱਪ) ਅਤੇ ਬ੍ਰਾਜ਼ੀਲ ਦੀ ਤਾਲਿਤਾ ਹਾਰਟਮੈਨ (ਚੌਥੀ ਰਨਰ-ਅੱਪ) ਚੁਣੀਆਂ ਗਈਆਂ।
ਜਲੰਧਰ ਦੀ ਰਹਿਣ ਵਾਲੀ 5 ਫੁੱਟ 10 ਇੰਚ ਲੰਬੀ ਰੇਚਲ ਗੁਪਤਾ ਇੱਕ ਸਫਲ ਮਾਡਲ, ਅਦਾਕਾਰਾ ਅਤੇ ਉਦਯੋਗਪਤੀ ਹੈ। ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿੱਚ ਮੁਹਾਰਤ ਰੱਖਣ ਵਾਲੀ, ਰੇਚਲ ਨੂੰ ਉਸਦੇ ਸੁੰਦਰ ਚਿਹਰੇ, ਡੂੰਘੀਆਂ ਮਨਮੋਹਕ ਅੱਖਾਂ ਅਤੇ ਪ੍ਰਭਾਵਸ਼ਾਲੀ ਸ਼ਖਸੀਅਤ ਕਾਰਨ ਮੁਕਾਬਲੇ ਲਈ ਪਸੰਦੀਦਾ ਉਮੀਦਵਾਰ ਮੰਨਿਆ ਜਾਂਦਾ ਸੀ। ਉਸਨੇ ਮੁਕਾਬਲੇ ਦੇ ਸਾਰੇ ਪ੍ਰਮੁੱਖ ਦੌਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਅੰਤ ਵਿੱਚ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦਾ ਤਾਜ ਜਿੱਤਿਆ।
ਪਹਿਲਾਂ ਵੀ ਕਈ ਮੁਕਾਮ ਕੀਤੇ ਆਪਣੇ ਨਾਮ
ਇਸ ਅੰਤਰਰਾਸ਼ਟਰੀ ਖਿਤਾਬ ਤੋਂ ਪਹਿਲਾਂ ਰੇਚਲ ਮਿਸ ਗ੍ਰੈਂਡ ਇੰਡੀਆ 2024 ਦਾ ਤਾਜ ਵੀ ਜਿੱਤ ਚੁੱਕੀ ਹੈ। ਉਹਨਾਂ ਨੇ 11 ਅਗਸਤ 2024 ਨੂੰ ਰਾਜਸਥਾਨ ਦੇ ਜੈਪੁਰ ਵਿੱਚ ਜ਼ੀ ਸਟੂਡੀਓ ਵਿੱਚ ਆਯੋਜਿਤ ਗਲਮਾਨੰਦ ਸੁਪਰਮਾਡਲ ਇੰਡੀਆ 2024 ਦੇ ਰਾਸ਼ਟਰੀ ਫਾਈਨਲ ਵਿੱਚ ਮਿਸ ਗ੍ਰੈਂਡ ਇੰਡੀਆ ਦਾ ਤਾਜ ਜਿੱਤਿਆ।
ਉਸਨੇ ਇਸ ਮੁਕਾਬਲੇ ਵਿੱਚ ਚਾਰ ਪ੍ਰਮੁੱਖ ਵਿਸ਼ੇਸ਼ ਪੁਰਸਕਾਰ ਵੀ ਜਿੱਤੇ। ਜਿਸ ਵਿੱਚ ਮਿਸ ਟਾਪ ਮਾਡਲ, ਮਿਸ ਬਿਊਟੀ ਵਿਦ ਏ ਪਰਪਜ਼, ਬੈਸਟ ਇਨ ਰੈਂਪਵਾਕ ਅਤੇ ਬੈਸਟ ਨੈਸ਼ਨਲ ਕਾਸਟਿਊਮ ਸ਼ਾਮਿਲ ਹਨ।
ਮਿਸ ਗ੍ਰੈਂਡ ਇੰਟਰਨੈਸ਼ਨਲ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਤੇ ਪ੍ਰਸਿੱਧ ਸੁੰਦਰਤਾ ਮੁਕਾਬਲਿਆਂ ਵਿੱਚੋਂ ਇੱਕ ਹੈ। ਥਾਈਲੈਂਡ ਦੇ ਮਸ਼ਹੂਰ ਉੱਦਮੀ ਅਤੇ ਮੀਡੀਆ ਸ਼ਖਸੀਅਤ ਨਵਾਤ ਇਤਸਾਰਾਗ੍ਰੀਸਿਲ ਦੁਆਰਾ ਸਥਾਪਿਤ, ਇਹ ਮੁਕਾਬਲਾ ਇਸਦੇ ਸ਼ਾਨਦਾਰ ਮਨੋਰੰਜਨ ਗਤੀਵਿਧੀਆਂ ਲਈ ਜਾਣਿਆ ਜਾਂਦਾ ਹੈ।
ਇਹ ਮੁਕਾਬਲਾ ਵੈਨੇਜ਼ੁਏਲਾ, ਇੰਡੋਨੇਸ਼ੀਆ, ਮਿਆਂਮਾਰ, ਅਮਰੀਕਾ ਅਤੇ ਵੀਅਤਨਾਮ ਵਰਗੇ ਦੇਸ਼ਾਂ ਵਿੱਚ ਪਹਿਲਾਂ ਹੀ ਆਯੋਜਿਤ ਕੀਤਾ ਜਾ ਚੁੱਕਾ ਹੈ। ਸਮੇਂ ਦੇ ਨਾਲ, ਮਿਸ ਗ੍ਰੈਂਡ ਇੰਟਰਨੈਸ਼ਨਲ ਨੇ ਗਲੋਬਲ ਫੈਸ਼ਨ ਉਦਯੋਗ ਵਿੱਚ ਆਪਣੀ ਪਛਾਣ ਬਣਾਈ ਹੈ।
ਰਾਚੇਲ ਗੁਪਤਾ ਦੀ ਇਸ ਇਤਿਹਾਸਕ ਜਿੱਤ ਨੇ ਨਾ ਸਿਰਫ਼ ਭਾਰਤ ਦਾ ਮਾਣ ਵਧਾਇਆ ਹੈ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਵੀ ਬਣੀਆ ਹੈ। ਜਿਸ ਨੇ ਵਿਸ਼ਵ ਪੱਧਰ ‘ਤੇ ਭਾਰਤ ਦਾ ਨਾਮ ਰੌਸ਼ਨ ਕੀਤਾ।