ਪੁਲਿਸ ਪਾਰਟੀ ਹੁਣ ਮੁੱਖ ਸ਼ੂਟਰਾਂ ਅਤੇ ਅਪਰਾਧ ਵਿੱਚ ਸ਼ਾਮਲ ਹੋਰ ਸਾਥੀਆਂ ਦੀ ਪਛਾਣ ਕਰਨ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ।
ਜਲੰਧਰ ਦਿਹਾਤੀ ਪੁਲਿਸ ਨੇ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਕੈਨੇਡਾ ਸਥਿਤ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਦੇ ਇਕ ਅਹਿਮ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਪੱਟੀ ਤੋਂ ਜਨਵਰੀ 2024 ‘ਚ ‘ਆਪ’ ਨੇਤਾ ਸੋਨੂੰ ਚੀਮਾ ਦੇ ਕਤਲ ਦੇ ਮਾਮਲੇ ‘ਚ ਲੋੜੀਂਦਾ ਸੀ। ਫੜੇ ਗਏ ਮੁਲਜ਼ਮ ਦੀ ਪਛਾਣ ਜਗਦੀਪ ਸਿੰਘ ਗਿੱਲ ਉਰਫ ਥੋਲੂ ਵਾਸੀ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਕਪਤਾਨ ਪੁਲਿਸ ਜਲੰਧਰ ਦਿਹਾਤੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਮੁਲਜ਼ਮ ਨੂੰ ਮੁਖ਼ਬਰੀ ਦੇ ਆਧਾਰ ’ਤੇ ਉਸ ਵੇਲੇ ਕਾਬੂ ਕੀਤਾ ਗਿਆ, ਜਦੋਂ ਉਹ ਨਵਾਂ ਸ਼ਹਿਰ ਤੋਂ ਫਿਲੌਰ ਵੱਲ ਤਰਨਤਾਰਨ ਜਾਣ ਲਈ ਆ ਰਿਹਾ ਸੀ। ਫਿਲੌਰ ਦੇ ਐਸਐਚਓ ਇੰਸਪੈਕਟਰ ਸੁਖਦੇਵ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਡੀਐਸਪੀ ਸਰਵਣ ਸਿੰਘ ਬੱਲ ਦੀ ਅਗਵਾਈ ਹੇਠ ਮੁਲਜ਼ਮ ਨੂੰ ਫਿਲੌਰ ਨਾਕੇ ’ਤੇ ਰੋਕ ਕੇ ਕਾਬੂ ਕੀਤਾ ਹੈ।
ਮੁਲਜ਼ਮ ਪਹਿਲਾਂ ਹੀ ਆਈਪੀਸੀ ਦੀ ਧਾਰਾ 302 (ਕਤਲ), 34, 120-ਬੀ ਅਤੇ ਧਾਰਾ 25 ਅਸਲਾ ਐਕਟ ਦੇ ਤਹਿਤ ਤਰਨਤਾਰਨ ਦੇ ਝਬਾਲ ਥਾਣੇ ਵਿੱਚ ਦਰਜ ਐਫਆਈਆਰ ਨੰਬਰ 04, ਮਿਤੀ 14 ਫਰਵਰੀ, 2024 ਵਿੱਚ ਲੋੜੀਂਦਾ ਸੀ।