ਅੱਜ ਢਾਈ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ’ਤੇ ਵੀ ਨਾ ਤਾਂ ਗ੍ਰਹਿ ਵਿਭਾਗ ਨੇ ਅਜਿਹੀ ਕੋਈ ਸੂਚੀ ਭੇਜੀ ਹੈ ਤੇ ਨਾ ਹੀ ਵਿਧਾਨ ਸਭਾ ਸਕੱਤਰੇਤ ਵੱਲੋਂ ਉਨ੍ਹਾਂ ਨੂੰ ਕੋਈ ਨੋਟਿਸ ਜਾਰੀ ਕੀਤਾ ਗਿਆ ਹੈ।
ਪੰਜਾਬ ਵਿਧਾਨ ਸਭਾ (Punjab Assembly) ਦੀ ਤਿੰਨ ਸਤੰਬਰ ਨੂੰ ਹੋਈ ਬੈਠਕ ‘ਚ ਇਕ ਪੁਰਾਣੇ ਕੇਸ ‘ਚ ਜਿਸ ਤਰ੍ਹਾਂ ਨਾਲ ਇਕ ਪੁਲਿਸ ਮੁਲਾਜ਼ਮ ਦੀ ਭੂਮਿਕਾ ਨੂੰ ਲੈ ਕੇ ਸਪੀਕਰ ਕੁਲਤਾਰ ਸਿੰਘ ਸੰਧਵਾ (Kultar Singh Sandhwan) ਨੇ ਤੇਵਰ ਦਿਖਾਏ ਤੇ ਪੂਰੀ ਵਿਰੋਧੀ ਧਿਰ ਨੇ ਉਨ੍ਹਾਂ ਦਾ ਸਾਥ ਦਿੱਤਾ, ਉਹ ਮਾਮਲਾ ਹੁਣ ਠੰਢਾ ਜਿਹਾ ਹੁੰਦਾ ਨਜ਼ਰ ਆ ਰਿਹਾ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅਜਿਹੀਆਂ ਕਾਲੀਆਂ ਭੇਡਾਂ ਦੀ ਸ਼ਨਾਖਤ ਕਰ ਕੇ ਪਹਿਲਾਂ ਸਬੰਧਤ ਪੁਲਿਸ ਅਧਿਕਾਰੀ ਤੋਂ ਅਤੇ ਬਾਅਦ ‘ਚ ਸਮੁੱਚੇ ਪੁਲਿਸ ਵਿਭਾਗ ਤੋਂ ਰਿਪੋਰਟ ਮੰਗੀ, ਜਿਨ੍ਹਾਂ ਖ਼ਿਲਾਫ਼ ਗੰਭੀਰ ਕੇਸ ਦਰਜ ਹਨ। ਇਸ ਦੇ ਲਈ ਗ੍ਰਹਿ ਵਿਭਾਗ ਨੂੰ ਇਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਸੀ। ਪਰ ਅੱਜ ਢਾਈ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ’ਤੇ ਵੀ ਨਾ ਤਾਂ ਗ੍ਰਹਿ ਵਿਭਾਗ ਨੇ ਅਜਿਹੀ ਕੋਈ ਸੂਚੀ ਭੇਜੀ ਹੈ ਤੇ ਨਾ ਹੀ ਵਿਧਾਨ ਸਭਾ ਸਕੱਤਰੇਤ ਵੱਲੋਂ ਉਨ੍ਹਾਂ ਨੂੰ ਕੋਈ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਤੋਂ ਸਪੱਸ਼ਟ ਹੈ ਕਿ ਡੀਜੀਪੀ ਭ੍ਰਿਸ਼ਟਾਚਾਰ ਆਦਿ ਦੇ ਮਾਮਲਿਆਂ ‘ਚ ਸ਼ਾਮਲ ਪੁਲਿਸ ਮੁਲਾਜ਼ਮਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕਰਨਾ ਚਾਹੁੰਦੇ।
ਕਾਬਿਲੇਗ਼ੌਰ ਹੈ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਸਪੀਕਰ ਨੇ ਖ਼ੁਦ ਇਹ ਮੁੱਦਾ ਉਠਾਉਂਦਿਆਂ ਕਿਹਾ ਸੀ ਕਿ ਉਨ੍ਹਾਂ ਦੇ ਜ਼ਿਲ੍ਹੇ ਦਾ ਇਕ ਏਐਸਆਈ ਬੋਹੜ ਸਿੰਘ ਹੈ, ਜਿਸ ਦੇ ਖਿਲਾਫ ਇਕ ਗੈਂਗਸਟਰ ਤੋਂ ਰਿਸ਼ਵਤ ਲੈਣ ਦਾ ਮਾਮਲਾ ਦਰਜ ਹੈ, ਅਜਿਹੇ ਅਧਿਕਾਰੀ ਖਿਲਾਫ਼ ਕੀ ਕਾਰਵਾਈ ਕਰਨਾ ਚੀਹੀਦੀ ? ਉਨ੍ਹਾਂ ਸਮੁੱਚੇ ਸਦਨ ਦੀ ਸਹਿਮਤੀ ਲੈਂਦਿਆਂ ਡੀਜੀਪੀ ਗੌਰਵ ਯਾਦਵ ਨੂੰ ਅਗਲੇ ਦਿਨ ਸਦਨ ਵਿੱਚ ਇਸ ਮਾਮਲੇ ਦੀ ਰਿਪੋਰਟ ਪੇਸ਼ ਕਰਨ ਲਈ ਕਿਹਾ। ਸਪੀਕਰ ਦੇ ਇਸ ਕਦਮ ਨੂੰ ਪੁਲਿਸ ਤੇ ਸਰਕਾਰ ਦੀ ਕਾਰਜਪ੍ਰਣਾਲੀ ‘ਤੇ ਸਵਾਲੀਆ ਨਿਸ਼ਾਨ ਦੇ ਤੌਰ ‘ਤੇ ਦੇਖਿਆ ਗਿਆ ਜਦੋਂ ਡੀਜੀਪੀ ਨੇ ਅਗਲੇ ਦਿਨ ਇਹ ਰਿਪੋਰਟ ਪੇਸ਼ ਨਹੀਂ ਕੀਤੀ ਤਾਂ ਸਪੀਕਰ ਨੇ ਇਕ ਕਦਮ ਪਿੱਛੇ ਹਟਦਿਆਂ ਕਿਹਾ ਕਿ ਸਿਰਫ਼ ਇਕ ਪੁਲਿਸ ਮੁਲਾਜ਼ਮ ਦੀ ਰਿਪੋਰਟ ਤਲਬ ਕਰਨ ਦਾ ਕੀ ਫਾਇਦਾ ? ਮੈਂ ਡੀਜੀਪੀ ਨੂੰ ਪੂਰੀ ਪੁਲਿਸ ਫੋਰਸ ‘ਚ ਕਾਲੀਆਂ ਭੇਡਾਂ ਦੀ ਸੂਚੀ ਬਣਾਉਣ ਲਈ ਕਿਹਾ ਹੈ ਤੇ ਉਨ੍ਹਾਂ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ। ਪਰ ਵਿਰੋਧੀ ਧਿਰ ਸਪੀਕਰ ਦੀ ਇਸ ਰਾਏ ਨਾਲ ਸਹਿਮਤ ਨਹੀਂ ਸੀ।
ਉਨ੍ਹਾਂ ਏਐੱਸਆਈ ਬੋਹੜ ਸਿੰਘ ਦਾ ਮੁੱਦਾ ਚੁੱਕਣ ਤੋਂ ਬਾਅਦ ਸਪੀਕਰ ‘ਤੇ ਪਲਟਵਾਰ ਕਰਦੇ ਹੋਏ ਇਕ ਆਡੀਓ ਕਲਿੱਪ ਪੇਸ਼ ਕੀਤੀ ਜਿਸ ਵਿਚ ਸਪੀਕਰ ਦੇ ਭਰਾ ਕਥਿਤ ਤੌਰ ‘ਤੇ ਏਐੱਸਆਈ ਨੂੰ ਗਾਲ੍ਹਾਂ ਕੱਢ ਰਹੇ ਸੀ ਤੇ ਉਨ੍ਹਾਂ ਨੂੰ ਧਮਕੀ ਦੇ ਰਹੇ ਸਨ ਕਿ ਉਹ ਉਨ੍ਹਾਂ ਦਾ ਤਾਬਦਲਾ ਅਜਿਹੀ ਜਗ੍ਹਾ ਕਰਵਾ ਦੇਣਗੇ ਜਿੱਥੇ ਉਨ੍ਹਾਂ ਨੂੰ ਇਕ ਬੂੰਦ ਪਾਣੀ ਵੀ ਨਹੀਂ ਮਿਲੇਗਾ। ਇਕ ਮਹੀਨਾ ਬੀਤ ਜਾਣ ਤੋਂ ਬਾਅਦ ਜਦੋਂ ਸਪੀਕਰ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਦੇਖਣਗੇ ਕਿ ਰਿਪੋਰਟ ਕਿਉਂ ਨਹੀਂ ਆਈ ? ਹਾਲਾਂਕਿ ਸੰਧਵਾ ਨੇ ਜਿਸ ਦਿਨ ਰਿਪੋਰਟ ਤਲਬ ਕੀਤੀ ਸੀ ਉਸ ਦਿਨ ਉਨ੍ਹਾਂ ਦੇ ਤੇਵਰ ਦੇਖਣ ਲਾਇਕ ਸੀ।
ਦੂਜੇ ਪਾਸੇ ਗ੍ਰਹਿ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਤੇ ਰਿਪੋਰਟ ਨਾ ਭੇਜਣ ਦੀ ਸ਼ਰਤ ‘ਤੇ ਪੁੱਛਿਆ ਹੈ ਕਿ ਕਾਲੀਆਂ ਭੇਡਾਂ ਦੀ ਪਰਿਭਾਸ਼ਾ ਕੀ ਹੈ? ਪੁਲਿਸ ਕਾਨੂੰਨ ‘ਚ ਅਜਿਹਾ ਕੋਈ ਸ਼ਬਦ ਨਹੀਂ ਹੈ। ਜੇਕਰ ਸਪੀਕਰ ਨੂੰ ਅਜਿਹੇ ਸਾਰੇ ਮੁਲਾਜ਼ਮਾਂ ਦੀ ਸੂਚੀ ਚਾਹੀਦੀ ਹੈ, ਜਿਨ੍ਹਾਂ ਵਿਰੁੱਧ ਰਿਸ਼ਵਤਖੋਰੀ ਦੇ ਕੇਸ ਦਰਜ ਹਨ ਤਾਂ ਇਹ ਸਰਕਾਰ ਕੋਲ ਪਹਿਲਾਂ ਹੀ ਮੌਜੂਦ ਹੈ। ਹਾਈ ਕੋਰਟ ‘ਚ ਵੀ ਹੈ।