ਕਾਂਗਰਸ ਆਗੂ ਅਤੇ ਸਾਬਕਾ ਕ੍ਰਿਕੇਟਰ ਨਵਜੋਤ ਸਿੰਘ ਸਿੱਧੂ ਨੇ ਆਪਣਾ ਯੂ-ਟਿਊਬ ਚੈਨਲ ਖੋਲ੍ਹਣ ਦਾ ਐਲਾਨ ਕੀਤਾ ਹੈ।
ਅੱਜ ਅੰਮ੍ਰਿਤਸਰ ਵਿੱਖੇ ਨਵਜੋਤ ਸਿੰਘ ਸਿੱਧੂ ਨੇ ਪ੍ਰੈ੍ੱਸ ਕਾਨਫਰੰਸ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਆਪਣਾ ਯੂ-ਟਿਊਬ ਚੈਨਲ ਖੋਲ੍ਹਣ ਦਾ ਐਲਾਨ ਕੀਤਾ ਹੈ। ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਚੈਨਲ ਰਾਹੀਂ ਆਪਣੀ ਜ਼ਿੰਦਗੀ ਦੇ ਤਜ਼ਰਬੇ ਲੋਕਾਂ ਨਾਲ ਸਾਂਝੇ ਕਰਨਗੇ। ਨਾਲ ਹੀ ਇਸ ਚੈਨਲ ਰਾਹੀਂ ਉਹ ਲੋਕਾਂ ਦੇ ਹਰ ਸਵਾਲ ਦਾ ਜਵਾਬ ਦੇਣਗੇ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਅੱਜ ਤੋਂ ਆਪਣੀ ਜ਼ਿੰਦਗੀ ਦਾ ਇੱਕ ਨਵਾਂ ਅਧਿਆਏ ਸ਼ੁਰੂ ਕਰਨ ਜਾ ਰਹੇ ਹਨ। ਜਿਸ ਵਿੱਚ ਕਿਤੇ ਵੀ ਸਿਆਸਤ ਨਹੀਂ ਹੋਵੇਗੀ। ਉਨ੍ਹਾਂ ਨੇ ਆਪਣੇ ਚੈਨਲ ਦਾ ਨਾਂਅ ਉਹਨਾਂ ਨੇ Navjot Singh Sidhu official ਰੱਖਿਆ ਹੈ। ਉਹਨਾਂ ਨੇ ਕਿਹਾ ਕਿ ਇਹ ਅਜਿਹੀ ਜਗ੍ਹਾ ਹੈ ਜਿੱਥੇ ਉਹ ਬਿਨਾਂ ਸਿਆਸਤ ਦੇ ਆਪਣੀ ਜ਼ਿੰਦਗੀ ਦੇ ਹਰ ਇੱਕ ਲਮਹੇ ਨੂੰ ਲੋਕਾਂ ਨਾਲ ਸਾਂਝਾ ਕਰਨਗੇ।
ਆਪਣੇ ਤਜ਼ਰਬੇ ਨੂੰ ਲੋਕਾਂ ਨਾਲ ਕਰਨਗੇ ਸਾਂਝਾ
ਉਹਨਾਂ ਨੇ ਕਿਹਾ ਕਿ ਉਹ ਇਸ ਚੈਨਲ ਰਾਹੀਂ ਆਪਣੇ ਜ਼ਿੰਦਗੀ ਦੇ ਸਫ਼ਰ ਬਾਰੇ ਲੋਕਾਂ ਨੂੰ ਦੱਸਣਗੇ ਕਿ ਉਹ ਇੱਕ ਕ੍ਰਿਕਟਰ ਤੋਂ ਕਿਵੇਂ ਰਾਜਨੀਤੀ ਵਿੱਚ ਆਏ। ਉਹ ਆਪਣੇ ਤਜ਼ਰਬੇ ਲੋਕਾਂ ਨਾਲ ਸਾਂਝਾ ਕਰਨਗੇ। ਉਹ ਪ੍ਰੇਰਣਾਦਾਇਕ ਤਰੀਕੇ ਨਾਲ ਲੋਕਾਂ ਨੂੰ ਦੱਸਣਗੇ। ਲੱਖਾਂ ਲੋਕ ਉਹਨਾਂ ਨੂੰ ਬਹੁਤ ਸਾਰੇ ਸਵਾਲ ਕਰਦੇ ਹਨ। ਉਹ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਇਸ ਯੂਟਿਊਬ ਚੈਨਲ ਰਾਹੀਂ ਦੇਣਗੇ।
ਕਿਸੇ ਵੀ ਤਰ੍ਹਾਂ ਦੀ ਨਹੀਂ ਹੋਵੇਗੀ ਪਾਬੰਦੀ
ਉਹਨਾਂ ਨੇ ਇਹ ਵੀ ਕਿਹਾ ਕਿ ਇਸ ਰਾਹੀਂ ਮੈਂ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਵਾਂਗਾ ਤੇ ਉਨ੍ਹਾਂ ਦੇ ਨਾਲ ਜੁੜਾਂਗਾ ਅਤੇ ਚੈਨਲ ਵਿਚ ਮੇਰੇ ਤੇ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਸਿਆਸਤ ਵਿਚ ਦਾਇਰਾ ਹੁੰਦਾ ਹੈ ਪਰ ਇਸ ਵਿਚ ਕੋਈ ਦਾਇਰਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਕੁਝ ਲੋਕਾਂ ਨੇ ਸਿਆਸਤ ਨੂੰ ਇਕ ਧੰਦਾ ਬਣਾ ਲਿਆ ਹੈ।
ਬੇਟੀ ਰਾਬੀਆ ਚੈਨਲ ਦੀ ਡਾਇਰੈਕਟਰ
ਸਿੱਧੂ ਦੀ ਧੀ ਰਾਬੀਆ ਸਿੱਧੂ ਉਨ੍ਹਾਂ ਦੇ ਇਸ ਨਵੇਂ ਯੂਟਿਊਬ ਚੈਨਲ ਨੂੰ ਡਾਇਰੈਕਟ ਕਰਨਗੇ। ਇਸ ਵਿੱਚ ਉਹ ਫੈਸ਼ਨ ਡਿਜ਼ਾਈਨਿੰਗ ਨਾਲ ਜੁੜੀਆਂ ਗੱਲਾਂ ਵੀ ਸਾਂਝੀਆਂ ਕਰਨਗੇ। ਰਾਬੀਆ ਨੇ ਕਿਹਾ ਕਿ ਲੋਕ ਸਮਝਦੇ ਹਨ ਕਿ ਨਵਜੋਤ ਸਿੱਧੂ ਕਿਸ ਤਰ੍ਹਾਂ ਨਾਲ ਮੈਚਿੰਗ ਕਪੜੇ ਪਾਉਂਦੇ ਹਨ। ਪਰ ਮੈਂ ਦੱਸਣਾ ਚਾਹੁੰਦੀ ਹਾਂ ਕਿ ਉਹ ਕੱਪੜਿਆਂ ਦੇ ਸੈਲੇਕਸ਼ਨ ਲਈ 3-3 ਘੰਟੇ ਲਗਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਪਲੇਟਫਾਰਮ ਉਨ੍ਹਾਂ ਦੇ ਲਾਈਫਸਟਾਈਲ ਨੂੰ ਵੀ ਦਿਖਾਵੇਗਾ। ਲੋਕ ਉਨ੍ਹਾਂ ਤੋਂ ਪੁੱਛਦੇ ਹਨ ਕਿ ਸਿੱਧੂਇਜ਼ਮ ਕਿੱਥੋਂ ਨਿਕਲਦੇ ਹਨ ਤਾਂ ਮੈਂ ਉਨ੍ਹਾਂ ਦੱਸਣਾ ਚਾਹੁੰਦੀ ਹਾਂ ਕਿ ਉਹ ਚੈਟਜੀਪੀਟੀ ਯੂਜ਼ ਨਹੀਂ ਕਰਦੇ। ਇਹ ਪੂਰੀ ਤਰ੍ਹਾਂ ਪਿਊਰ ਹਨ। ਉਹ 8-8 ਘੰਟੇ ਮੈਡੀਟੇਸ਼ਨ ਕਰਦੇ ਹਨ। ਸਵੇਰੇ ਉਠਦਿਆਂ ਹੀ ਉਨ੍ਹਾਂ ਕੋਲ ਆਇਡੀਆਜ਼ ਦਾ ਖਜ਼ਾਨਾ ਹੁੰਦਾ ਹੈ।
ਕਿਰਦਾਰ ਨਾਲ ਨਹੀਂ ਕੀਤਾ ਸਮਝੌਤਾ
ਸਿੱਧੂ ਨੇ ਇਹ ਵੀ ਕਿਹਾ ਕਿ ਸੂਬੇ ਦੀ ਸਿਆਸਤ ਕਿਸ ਦਿਸ਼ਾ ਵੱਲ ਜਾ ਰਹੀ ਹੈ, ਇਹ ਜਨਤਾ ਤੈਅ ਕਰੇਗੀ। ਮੈਂ ਸਿਆਸਤ ਹਮੇਸ਼ਾ ਲੋਕਾਂ ਦੀ ਭਲਾਈ ਲਈ ਕੀਤੀ। ਮੈਂ ਆਪਣੇ ਕਿਰਦਾਰ ਨਾਲ ਕਦੇ ਵੀ ਕਿਸੇ ਵੀ ਪ੍ਰਕਾਰ ਦਾ ਸਮਝੌਤਾ ਨਹੀਂ ਕੀਤਾ। ਮੈਂ ਆਪਣੀ ਸਿਆਸਤ ਨਾਲ ਆਪਣੇ ਘਰ ਵਿੱਚ ਇੱਕ ਰੁਪਇਆ ਵੀ ਨਹੀਂ ਲਗਾਇਆ ਹੈ।
ਪੱਤਰਕਾਰਾਂ ਦੇ ਸਵਾਲਾਂ ਦੇ ਦਿੱਤੇ ਗੋਲ-ਮੋਲ ਜਵਾਬ
ਇਸ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਨਵਜੋਤ ਸਿੰਘ ਸਿੱਧੂ ਨੇ ਬਹੁਤ ਗੋਲ-ਮੋਲ ਤਰੀਕੇ ਨਾਲ ਦਿੱਤੇ। ਜੱਦੋਂ ਸਿੱਧੂ ਤੋਂ ਇਹ ਸਵਾਲ ਕੀਤਾ ਕਿ ਉਹ ਹੁਣ ਵੀ ਕਾਂਗਰਸ ਦਾ ਹਿੱਸਾ ਤਾਂ ਉਹਨਾਂ ਨੇ ਕਿਹਾ ਕਿ ਇਸ ਲਈ ਕੋਈ ਸਬੂਤ ਦੇਣ ਦੀ ਲੋੜ ਨਹੀ ਹੈ। ਇਕ ਹੋਰ ਸਵਾਲ ਜੱਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਉਹ ਆਪਣੇ ਹੱਲਕੇ ਤੋਂ ਚੋਣ ਲੜਨਗੇ ਤਾਂ ਉਹਨਾਂ ਕਿਹਾ ਕਿ ਸਿੱਧੂ ਪਰਿਵਾਰ ਕਦੇ ਵੀ ਆਪਣੀ ਜ਼ੁਬਾਨ ਤੋਂ ਪਿੱਛੇ ਨਹੀਂ ਹਟਿਆ ਹੈ। ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਉਹ ਮੁੜ ਸਰਗਰਮ ਸਿਆਸਤ ਵਿੱਚ ਕੱਦੋਂ ਆਉਣਗੇ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਇਹ ਆਉਣ ਵਾਲਾਂ ਸਮਾਂ ਦੱਸੇਗਾ। ਜਦੋਂ ਮੈਂ ਸਿਆਸਤ ਵਿਚ ਆਇਆ ਸੀ ਤਾਂ ਮੈਨੂੰ ਵੀ ਨਹੀਂ ਪਤਾ ਸੀ, ਸਿਆਸਤ ਖੁਦ ਖਿੱਚ ਕੇ ਲੈ ਆਉਂਦੀ ਹੈ।