ਜਸਵੰਤ ਸਿੰਘ ਦੇ ਭਰਾ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਤੇ ਭਰਜਾਈ ਸੋਮਵਾਰ ਕਰੀਬ 3:30 ਵਜੇ ਘਰੋਂ ਕਾਰ ’ਚ ਨਿਕਲੇ
ਸੋਮਵਾਰ ਨੂੰ ਪਿੰਡ ਗੜੀ ਕਿਨਾਰੇ ਸਰਹਿੰਦ ਨਹਿਰ ’ਚ ਨੇੜੇਲੇ ਪਿੰਡ ਹੇਡੋਂ ਦੇ ਨਿਵਾਸੀ ਜਸਵੰਤ ਸਿੰਘ (38) ਸਾਲ ਤੇ ਉਸ ਦੀ ਪਤਨੀ ਨੇਹਾ ਰਾਣੀ ਨੇ ਨਹਿਰ ’ਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਜਾਣਕਾਰੀ ਅਨੁਸਾਰ ਕਿਸੇ ਵਿਅਕਤੀ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਇੱਕ ਕਾਰ ਸਰਹਿੰਦ ਨਹਿਰ ਕਿਨਾਰੇ ਸੁਨਸਾਨ ਹਾਲਤ ’ਚ ਖੜੀ ਹੈ। ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ’ਤੇ ਦੇਖਿਆ ਕਿ ਕਾਰ ਦੇ ਨੇੜੇ ਚੱਪਲਾਂ ਤੇ ਮੋਬਾਈਲ ਫੋਨ ਪਿਆ ਸੀ। ਇਸ ਦੌਰਾਨ ਪਰਿਵਾਰਕ ਮੈਂਬਰ ਵੀ ਇਨਾਂ ਦੋਵਾਂ ਨੂੰ ਤਲਾਸ਼ ਕਰਦੇ ਹੋਏ ਮੌਕੇ ’ਤੇ ਪਹੁੰਚ ਗਏ।
ਜਸਵੰਤ ਸਿੰਘ ਦੇ ਭਰਾ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਤੇ ਭਰਜਾਈ ਸੋਮਵਾਰ ਕਰੀਬ 3:30 ਵਜੇ ਘਰੋਂ ਕਾਰ ’ਚ ਨਿਕਲੇ ਤੇ ਜਿਨ੍ਹਾਂ ਨੇ ਕੁਝ ਸਮੇਂ ਬਾਅਦ ਜਾ ਕੇ ਸਰਹਿੰਦ ਨਹਿਰ ’ਚ ਜਾ ਕੇ ਛਾਲ ਮਾਰ ਦਿੱਤੀ। ਗੁਰਜੰਟ ਸਿੰਘ ਨੇ ਦੱਸਿਆ ਕਿ ਪਿੰਡ ਦੇ ਦੋ ਤਿੰਨ ਵਿਅਕਤੀ ਉਸ ਦੇ ਭਰਾ ਤੇ ਭਰਜਾਈ ਨੂੰ ਪਰੇਸ਼ਾਨ ਕਰਦੇ ਸਨ ਕਿਉਂਕਿ ਉਨ੍ਹਾਂ ਕੋਲ ਕੁਝ ਇਤਰਾਜ਼ਯੋਗ ਵੀਡੀਓ ਸਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਉਸ ਦੇ ਭਰਾ-ਭਰਜਾਈ ਦਾ ਦੂਜੀ ਧਿਰ ਨਾਲ ਅਦਾਲਤ ਵਿਚ ਕੇਸ ਚੱਲਦਾ ਸੀ। ਪਿੰਡ ਦੇ ਵਿਅਕਤੀ ਉਸ ਦੇ ਭਰਾ ਤੇ ਭਰਜਾਈ ’ਤੇ ਦਬਾਅ ਪਾਉਂਦੇ ਸਨ ਕਿ ਉਹ ਕੇਸ ਵਾਪਸ ਲੈ ਲੈਣ ਨਹੀਂ ਤਾਂ ਇਹ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਕਰ ਦੇਣਗੇ, ਜਿਸ ਕਾਰਨ ਉਹ ਪਰੇਸ਼ਾਨ ਰਹਿੰਦੇ ਸਨ। ਗੁਰਜੰਟ ਸਿੰਘ ਨੇ ਕਿਹਾ ਕਿ ਆਤਮ ਹੱਤਿਆ ਦਾ ਕਾਰਨ ਉਕਤ ਵਿਅਕਤੀ ਹਨ। ਮੰਗਲਵਾਰ ਬਾਅਦ ਦੁਪਹਿਰ ਨਹਿਰ ਵਿਚੋਂ ਗੋਤਾਖੋਰਾਂ ਨੇ ਪਤਨੀ ਨੇਹਾ ਰਾਣੀ ਦੀ ਲਾਸ਼ ਬਰਾਮਦ ਕਰ ਲਈ ਜਿਸ ਨੂੰ ਪੁਲਿਸ ਨੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਜਦਕਿ ਉਸ ਦੇ ਪਤੀ ਜਸਵੰਤ ਸਿੰਘ ਦੀ ਨਹਿਰ ’ਚੋਂ ਤਲਾਸ਼ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਕੋਲ ਬਿਆਨ ਦਰਜ ਕਰਵਾਏ ਜਾ ਰਹੇ ਹਨ। ਮ੍ਰਿਤਕ ਪਤੀ-ਪਤਨੀ ਆਪਣੇ ਪਿੱਛੇ ਤਿੰਨ ਬੱਚੇ ਛੱਡ ਗਏ। ਮ੍ਰਿਤਕ ਜਸਵੰਤ ਸਿੰਘ ਕਿੱਤੇ ਵਜੋਂ ਟੈਕਸੀ ਚਾਲਕ ਸੀ ਤੇ ਬਹੁਤ ਹੀ ਸਾਊ ਸੁਭਾਅ ਦਾ ਮਾਲਕ ਸੀ ਤੇ ਦੋਵਾਂ ਦੀ ਮੌਤ ਹੋਣ ਕਾਰਨ ਪਿੰਡ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।