ਪੰਜਾਬ ਅਤੇ ਵਿਸਾਖੀ ਦੇ ਰਿਸ਼ਤੇ ਨੂੰ ਅਜੇ ਵਧੇਰੇ ਅਰਥਵਾਨ ਬਣਾਉਂਦਾ ਹੈ।
ਵਿਸਾਖੀ, ਪੰਜਾਬ ਦੀ ਧਰਤੀ ‘ਤੇ ਮਨਾਇਆ ਜਾਣ ਵਾਲਾ ਇੱਕ ਪ੍ਰਮੁੱਖ ਤਿਉਹਾਰ ਹੈ। ਜੋ ਸਿਰਫ ਕਿਸਾਨੀ ਜਾਂ ਮੌਸਮੀ ਤਬਦੀਲੀਆਂ ਨਾਲ ਹੀ ਨਹੀਂ, ਸਗੋਂ ਧਾਰਮਿਕ, ਸਮਾਜਿਕ ਅਤੇ ਇਤਿਹਾਸਕ ਮਹੱਤਵ ਨਾਲ ਵੀ ਗਹਿਰੀ ਤਰ੍ਹਾਂ ਜੁੜਿਆ ਹੋਇਆ ਹੈ। ਇਹ ਤਿਉਹਾਰ ਹਰ ਸਾਲ 13 ਅਪ੍ਰੈਲ (ਕਦੇ ਕਦੇ 14 ਅਪ੍ਰੈਲ) ਨੂੰ ਮਨਾਇਆ ਜਾਂਦਾ ਹੈ, ਇਸ ਦਿਨ ਲੋਕ ਰੱਬ ਦਾ ਸ਼ੁਕਰਾਨਾ ਕਰਦੇ ਹਨ ਕਿ ਉਨ੍ਹਾਂ ਦੀ ਮੇਹਨਤ (ਫਸਲ) ਫਲ ਲੈ ਕੇ ਆਈ। ਵਿਸਾਖੀ ਦੀ ਧੁਨ ਪੰਜਾਬ ਦੇ ਹਰੇ-ਭਰੇ ਖੇਤਾਂ, ਗੁਰਦੁਆਰਿਆਂ ਦੀ ਸ਼ਾਂਤੀ, ਨਗਰ ਕੀਰਤਨਾਂ ਦੀ ਰੌਣਕ, ਅਤੇ ਲੋਕ ਨਾਚ ਭੰਗੜਾ-ਗਿੱਧੇ ਵਿਚ ਸਾਫ਼ ਸੁਣਾਈ ਦਿੰਦੀ ਹੈ।
ਕਿਸਾਨੀ ਰੰਗਾਂ ਨਾਲ ਰੰਗੀ ਵਿਸਾਖੀ
ਪੰਜਾਬ ਇਕ ਕਿਸਾਨੀ ਪ੍ਰਧਾਨ ਸੂਬਾ ਹੈ। ਇੱਥੇ ਦੀ ਆਬਾਦੀ ਦਾ ਵੱਡਾ ਹਿੱਸਾ ਖੇਤੀਬਾੜੀ ਉੱਤੇ ਨਿਰਭਰ ਕਰਦਾ ਹੈ। ਵਿਸਾਖੀ ਨੂੰ ਪੰਜਾਬ ਦੇ ਕਿਸਾਨ ਨਵੀਂ ਫ਼ਸਲ ਦੇ ਆਗਮਨ ਵਜੋਂ ਮਨਾਉਂਦੇ ਹਨ। ਇਹ ਤਿਉਹਾਰ ਕਿਸਾਨਾਂ ਲਈ ਖੁਸ਼ੀ, ਉਮੀਦ ਅਤੇ ਉਤਸਾਹ ਦਾ ਪੈਗਾਮ ਲੈ ਕੇ ਆਉਂਦਾ ਹੈ।
ਖਾਲਸਾ ਪੰਥ ਦੀ ਸਾਜਨਾ
ਪੰਜਾਬ ਅਤੇ ਵਿਸਾਖੀ ਦੇ ਰਿਸ਼ਤੇ ਨੂੰ ਅਜੇ ਵਧੇਰੇ ਅਰਥਵਾਨ ਬਣਾਉਂਦਾ ਹੈ 1699 ਦਾ ਉਹ ਇਤਿਹਾਸਕ ਵਿਸਾਖੀ ਵਾਲਾ ਦਿਨ, ਜਦੋਂ ਅਨੰਦਪੁਰ ਸਾਹਿਬ ਵਿਖੇ ਦਸਵੇਂ ਗੁਰੂ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਇਹ ਸਿੱਖ ਧਰਮ ਲਈ ਇੱਕ ਇਤਿਹਾਸਕ ਮੋੜ ਸੀ। ਗੁਰੂ ਜੀ ਨੇ ਪੰਜ ਪਿਆਰੇ ਬਣਾਕੇ ਸਿੱਖੀ ਨੂੰ ਨਵਾਂ ਰੂਪ ਦਿੱਤਾ ਅਤੇ ਸਿੱਖਾਂ ਨੂੰ ਤਿਆਰ-ਬਰ-ਤਿਆਰ ਹੋਣ ਦਾ ਹੁਕਮ ਦਿੱਤਾ।
ਸੱਭਿਆਚਾਰਕ ਤੇ ਲੋਕ ਧਾਰਾਵਾਂ ਵਿਚਕਾਰ ਵਿਸਾਖੀ
ਵਿਸਾਖੀ ਸਿਰਫ ਧਾਰਮਿਕ ਜਾਂ ਖੇਤੀਬਾੜੀ ਦਾ ਤਿਉਹਾਰ ਨਹੀਂ, ਸਗੋਂ ਪੰਜਾਬੀ ਲੋਕ-ਸੱਭਿਆਚਾਰ ਦਾ ਵੀ ਇੱਕ ਜਸ਼ਨ ਹੈ। ਇਸ ਦਿਨ ਲੋਕ ਰੰਗ-ਬਿਰੰਗੇ ਕੱਪੜੇ ਪਾ ਕੇ ਖੁਸ਼ੀਆਂ ਮਨਾਉਂਦੇ ਹਨ। ਮੇਲਿਆਂ ਵਿੱਚ ਭੰਗੜਾ ਅਤੇ ਗਿੱਧਾ ਪਾਇਆ ਜਾਂਦਾ ਹੈ, ਲੋਕ-ਗੀਤ ਗਾਉਂਦੇ ਹਨ, ਤੇ ਤਮਬੂਲੇ, ਰੱਸਾਕਸ਼ੀ, ਅਤੇ ਹੋਰ ਖੇਡਾਂ ਰਾਹੀਂ ਖੁਸ਼ੀ ਮਨਾਉਂਦੇ ਹਨ।
ਵਿਸਾਖੀ ਮੇਲੇ ਪੰਜਾਬ ਦੇ ਕਈ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਲੱਗਦੇ ਹਨ, ਜਿੱਥੇ ਕਲੇਰੇ, ਗੁੱਡੀਆਂ, ਜਲੇਬੀਆਂ, ਛੋਲੇ-ਭਟੂਰੇ, ਤੇ ਹੋਰ ਰਵਾਇਤੀ ਵਿਆੰਜਨ ਮਿਲਦੇ ਹਨ। ਇਹ ਮੇਲੇ ਪੰਜਾਬੀ ਸਭਿਆਚਾਰ ਦੀ ਸੰਪੰਨਤਾ ਅਤੇ ਲੋਕਾਂ ਦੇ ਆਪਸੀ ਸਨੇਹ ਦਾ ਪ੍ਰਤੀਕ ਹੁੰਦੇ ਹਨ।
ਵਿਸਾਖੀ ਦੀ ਗੂੰਜ ਵਿਦੇਸ਼ਾਂ ਤੱਕ
ਪੰਜਾਬੀਆਂ ਦੀ ਡਾਇਸਪੋਰਾ ਦੁਨੀਆ ਭਰ ਵਿੱਚ ਫੈਲੀ ਹੋਈ ਹੈ ਚਾਹੇ ਕੈਨੇਡਾ ਹੋਵੇ, ਇੰਗਲੈਂਡ, ਅਮਰੀਕਾ ਜਾਂ ਆਸਟ੍ਰੇਲੀਆ। ਵਿਸਾਖੀ ਉਹ ਤਿਉਹਾਰ ਹੈ ਜਿਸ ਰਾਹੀਂ ਵਿਦੇਸ਼ ਵਸੇ ਪੰਜਾਬੀ ਆਪਣੇ ਧਰਮ ਅਤੇ ਸੱਭਿਆਚਾਰ ਨਾਲ ਨਾਤਾ ਕਾਇਮ ਰੱਖਦੇ ਹਨ। ਵਿਦੇਸ਼ੀ ਸ਼ਹਿਰਾਂ ਵਿੱਚ ਵਿਸਾਖੀ ਨਗਰ ਕੀਰਤਨ, ਰੈਲੀਜ਼, ਕਲਚਰਲ ਸ਼ੋਅ ਤੇ ਪ੍ਰਦਰਸ਼ਨ ਦੇ ਰੂਪ ਵਿੱਚ ਮਨਾਈ ਜਾਂਦੀ ਹੈ।
ਇਸ ਤਿਉਹਾਰ ਨੇ ਗਲੋਬਲ ਪੱਧਰ ‘ਤੇ ਪੰਜਾਬੀ ਸੱਭਿਆਚਾਰ ਨੂੰ ਇੱਕ ਪਛਾਣ ਦਿੱਤੀ ਹੈ। ਇਹ ਸਿਰਫ ਤਿਉਹਾਰ ਨਹੀਂ, ਪੰਜਾਬੀ ਹੋਣ ‘ਤੇ ਮਾਣ ਕਰਨ ਦਾ ਜਸ਼ਨ ਹੈ।