ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆਪਣਾ ਅਸਤੀਫਾ ਵਾਪਸ ਨਹੀਂ ਲੈਣਗੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆਪਣਾ ਅਸਤੀਫਾ ਵਾਪਸ ਨਹੀਂ ਲੈਣਗੇ। ਉਹਨਾਂ ਨੇ ਜੱਥੇਦਾਰ ਗਿਆਨੀ ਰਘੁਬੀਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਆਪਣੀ ਗੱਲ ਸਪੱਸ਼ਟ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜੱਥੇਦਾਰ ਵੱਲੋਂ ਪਾਈ ਪੋਸਟ ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ।
ਅੱਜ (6 ਮਾਰਚ ਨੂੰ) ਹਰਜਿੰਦਰ ਸਿੰਘ ਧਾਮੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਰਘੁਬੀਰ ਸਿੰਘ ਨਾਲ ਮੁਲਾਕਾਤ ਕੀਤੀ। ਇਹ ਦੂਜੀ ਵਾਰ ਸੀ ਜਦੋਂ ਅਸਤੀਫਾ ਦੇਣ ਤੋਂ ਬਾਅਦ ਧਾਮੀ ਜੱਥੇਦਾਰ ਨੂੰ ਮਿਲ ਰਹੇ ਸਨ।
7 ਮੈਂਬਰੀ ਕਮੇਟੀ ਨੂੰ ਮਿਲੇਗਾ ਪ੍ਰਧਾਨ
ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਪ੍ਰਵਾਨ ਹੋਣ ਦੀ ਸੂਰਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਉੱਪਰ ਨਿਗਰਾਨੀ ਰੱਖਣ ਲਈ ਬਣਾਈ ਗਈ 7 ਮੈਂਬਰੀ ਕਮੇਟੀ ਨੂੰ ਹੁਣ ਨਵਾਂ ਪ੍ਰਧਾਨ ਮਿਲੇਗਾ। ਕਿਉਂਕਿ ਜੱਥੇਦਾਰ ਨੇ ਕਿਹਾ ਸੀ ਕਿ ਜੇਕਰ ਧਾਮੀ ਵਾਪਿਸ ਨਹੀਂ ਆਉਂਦੇ ਤਾਂ ਕਮੇਟੀ ਵਿੱਚ ਮੌਜੂਦ ਮੈਂਬਰਾਂ ਵਿੱਚੋਂ ਹੀ ਕਿਸੇ ਨੂੰ ਪ੍ਰਧਾਨ ਚੁਣਿਆ ਜਾਵੇਗਾ।
ਕੱਲ੍ਹ ਮਨਜ਼ੂਰ ਹੋ ਸਕਦਾ ਹੈ ਅਸਤੀਫਾ
ਭਲਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਇਸ ਤੋਂ ਪਹਿਲੀ ਕਮੇਟੀ ਨੇ ਧਾਮੀ ਨੂੰ ਆਪਣੇ ਅਸਤੀਫੇ ਤੇ ਮੁੜ ਵਿਚਾਰ ਕਰਨ ਲਈ ਕਿਹਾ ਸੀ। ਜਿਸ ਮਗਰੋਂ ਹੁਣ ਧਾਮੀ ਵੱਲੋਂ ਸਪੱਸਟ ਕਰ ਦਿੱਤਾ ਗਿਆ ਹੈ। ਕਿ ਉਹ ਅਸਤੀਫਾ ਵਾਪਿਸ ਨਹੀਂ ਲੈਣਗੇ । ਅਜਿਹੀ ਸੂਰਤ ਵਿੱਚ ਭਲਕੇ ਕਮੇਟੀ ਦੀ ਮੀਟਿੰਗ ਵਿੱਚ ਉਹਨਾਂ ਦਾ ਅਸਤੀਫਾ ਪ੍ਰਵਾਨ ਕੀਤਾ ਜਾ ਸਕਦਾ ਹੈ।
ਕੀ ਸੀ ਵਿਵਾਦ ?
ਸ਼੍ਰੋਮਣੀ ਕਮੇਟੀ ਵੱਲੋਂ ਇੱਕ ਜਾਂਚ ਕਮੇਟੀ ਦੀ ਰਿਪੋਰਟ ਦੇ ਅਧਾਰ ਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਤਤਕਾਲੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਸੀ। ਜਿਸ ਤੋਂ ਬਾਅਦ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਇੱਕ ਸ਼ੋਸ਼ਲ ਮੀਡੀਆ ਪੋਸਟ ਪਾਕੇ ਲਿਖਿਆ ਸੀ ਕਿ ਜੋ ਘਟਨਾ ਕ੍ਰਮ ਹੋ ਰਿਹਾ ਹੈ। ਉਸ ਨੂੰ ਦੇਖ ਉਹਨਾਂ ਦਾ ਮਨ ਦੁਖੀ ਹੈ।
ਇਸ ਪੋਸਟ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਫੈਸਲੇ ਤੇ ਸਵਾਲ ਖੜ੍ਹੇ ਹੋਏ। ਇਸੀ ਵਿਚਾਲੇ ਪ੍ਰਧਾਨ ਧਾਮੀ ਨੇ ਨੈਤਿਕਤਾ ਦੇ ਅਧਾਰ ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਜਿਸ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਨੇ ਕਿਹਾ ਸੀ ਕਿ ਜੇਕਰ ਧਾਮੀ ਲਈ ਅਸਤੀਫਾ ਦੇਣਾ ਨੈਤਿਕਤਾ ਹੈ ਤਾਂ ਇਹ ਵੀ ਨੈਤਿਕਤਾ ਹੈ ਕਿ ਉਹ ਸਾਰਿਆਂ ਦੀ ਅਪੀਲ ਤੋਂ ਬਾਅਦ ਆਪਣਾ ਅਸਤੀਫਾ ਵਾਪਿਸ ਲੈਣ। ਕਿਉਂਕਿ ਸ਼੍ਰੋਮਣੀ ਕਮੇਟੀ ਨੂੰ ਉਹਨਾਂ ਦੀ ਸੇਵਾਵਾਂ ਦੀ ਜ਼ਰੂਰਤ ਹੈ।