ਟਾਵਰ ਹੇਠ ਹਾਜਰ ਹੋਈਆਂ ਸਿੱਖਾਂ ਸੰਗਤਾਂ ਅੰਦਰ ਇਹ ਰੋਸ ਪਾਇਆ ਜਾ ਰਿਹਾ ਹੈ ਕਿ ਭਾਈ ਖਾਲਸਾ ਦੀ ਮੰਗ ਬਿਲਕੁਲ ਜਾਇਜ ਹੈ
ਪਿਛਲੇ ਲੰਬੇ ਸਮੇਂ ਤੋਂ ਪੰਜਾਬ ਅੰਦਰ ਵਾਪਰ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਰੋਸ ਵਜੋਂ ਪਿਛਲੇ ਇੱਕ ਹਫਤੇ ਤੋਂ ਸਮਾਣਾ ਵਿਖੇ ਸਥਿਤ ਬੀਐਸਐਨਐਲ ਟਾਵਰ ’ਤੇ ਪੰਥਕ ਲਹਿਰ ਦੇ ਆਗੂ ਗੁਰਜੀਤ ਸਿੰਘ ਖਾਲਸਾ ਬੈਠੇ ਹੋਏ ਹਨ। ਉਨ੍ਹਾਂ ਦੀ ਤੰਦਰੁਸਤੀ ਲਈ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਏ ਗਏ ਅਤੇ ਅਰਦਾਸ ਬੇਨਤੀ ਕੀਤੀ ਗਈ।
ਇਸ ਮੌਕੇ ਬੁਲਾਰਿਆਂ ਨੇ ਦੱਸਿਆ ਕਿ ਅਕਾਲੀ ਦਲ ਅਤੇ ਕਾਂਗਰਸ ਸਰਕਾਰਾਂ ਵੀ ਰਹੀਆਂ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਮੌਜੂਦਾ ਰਾਜ ਕਰ ਰਹੀ ਹੈ ਪਰ ਕੋਈ ਵੀ ਸਿਆਸੀ ਧਿਰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਅਤੇ ਗੁਰੂ ਘਰਾਂ ਤੇ ਹੋ ਰਹੇ ਹਮਲਿਆਂ ਨੂੰ ਰੋਕਣ ਵਿੱਚ ਕਾਮਯਾਬ ਨਹੀਂ ਹੋਈ। ਇਨ੍ਹਾਂ ਘਟਨਾਵਾਂ ਤੋਂ ਦੁਖੀ ਹੋ ਕੇ ਭਾਈ ਗੁਰਜੀਤ ਸਿੰਘ ਜੀ ਖਾਲਸਾ ਪਿੰਡ ਖੇੜੀ ਨਗਾਈਆਂ 12 ਅਕਤੂਬਰ ਤੋਂ ਸਮਾਣਾ ਤਹਿਸੀਲ ਕੰਪਲੈਕਸ ਦੇ ਨੇੜੇ ਜੋ ਬੀ.ਐਸ.ਐਨ.ਐਲ ਦਾ ਤਕਰੀਬਨ 400 ਫੁੱਟ ਉੱਚਾ ਟਾਵਰ ਹੈ ਉਸ ਟਾਵਰ ’ਤੇ ਬੈਠੇ ਹਨ। ਉਨ੍ਹਾਂ ਦੀ ਮੰਗ ਹੈ ਕਿ ਵਿਧਾਨ ਸਭਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਧਰਮਾਂ ਨਾਲ ਸਬੰਧਤ ਧਾਰਮਿਕ ਗ੍ਰੰਥਾਂ ਲਈ 2018 ਵਿੱਚ ਪਾਸ ਕੀਤੇ ਗਏ ਕਾਨੂੰਨ ਨੂੰ ਜਲਦ ਲਾਗੂ ਕੀਤਾ ਜਾਵੇ। ਇਹ ਕਾਨੂੰਨ ਇਸ ਸਮੇਂ ਰਾਸਟਰਪਤੀ ਕੋਲ ਵਿਚਾਰ ਅਧੀਨ ਹੈ।
ਟਾਵਰ ਹੇਠ ਹਾਜਰ ਹੋਈਆਂ ਸਿੱਖਾਂ ਸੰਗਤਾਂ ਅੰਦਰ ਇਹ ਰੋਸ ਪਾਇਆ ਜਾ ਰਿਹਾ ਹੈ ਕਿ ਭਾਈ ਖਾਲਸਾ ਦੀ ਮੰਗ ਬਿਲਕੁਲ ਜਾਇਜ ਹੈ ਪਰ ਉਨ੍ਹਾਂ ਦੀ ਮੰਗ ਬਾਰੇ ਵਿਚਾਰ ਕਰਨ ਲਈ ਜਾਂ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ। ਸਥਾਨਕ ਪ੍ਰਸਾਸਨ ਸੰਪਰਕ ਕਰਦਾ ਹੈ ਪਰ ਜੋ ਇਹ ਮੁੱਦਾ ਹੈ ਇਹ ਸਥਾਨਕ ਪ੍ਰਸਾਸਨ ਦੇ ਹੱਲ ਕਰਨ ਦਾ ਨਹੀਂ। ਬੁਲਾਰਿਆਂ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਪੁਰਜੋਰ ਮੰਗ ਕੀਤੀ ਹੈ ਕਿ ਇਹ ਕਾਨੂੰਨ ਜਲਦੀ ਤੋਂ ਜਲਦੀ ਬਣਾਇਆ ਜਾਵੇ।
ਇਸ ਮੌਕੇ ਸਿੱਖ ਆਗੂਆਂ ਨੇ ਪੰਜਾਬ ਸਰਕਾਰ ਨੂੰ 5 ਨਵੰਬਰ ਤੱਕ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਉਦੋਂ ਤੱਕ ਕੋਈ ਠੋਸ ਕਦਮ ਨਾ ਚੁੱਕਿਆ ਤਾਂ ਭਾਈ ਗੁਰਜੀਤ ਸਿੰਘ ਖਾਲਸਾ ਕੋਈ ਵੀ ਸਖਤ ਕਦਮ ਚੁੱਕਣ ਲਈ ਮਜਬੂਰ ਹੋਣਗੇ। ਇਸ ਮੌਕੇ ਸਿੱਖ ਆਗੂਆਂ ਨੇ 23 ਅਕਤੂਬਰ ਨੂੰ ਇਸੇ ਸਥਾਨ ’ਤੇ ਸਿੱਖ ਸੰਗਤਾਂ ਦਾ ਵੱਡਾ ਇਕੱਠ ਸੱਦਿਆ ਹੈ ਅਤੇ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਨੂੰ ਪਹੁੰਚਣ ਦੀ ਬੇਨਤੀ ਕੀਤੀ ਹੈ। ਇਸ ਮੌਕੇ ਬਾਬਾ ਬੂਟਾ ਸਿੰਘ ਗੁਰਥਲੀ, ਭਾਈ ਅਮਰਜੀਤ ਸਿੰਘ ਮਰਿਆਦਾ ਦਮਦਮੀ ਟਕਸਾਲ, ਭਾਈ ਦਾਰਾ ਸਿੰਘ ਪ੍ਰਧਾਨ ਭਾਈ ਘਨਈਆ, ਭਾਈ ਜਸਵਿੰਦਰ ਸਿੰਘ ਬੋਹਾ, ਬਾਬਾ ਸੁਖਵਿੰਦਰ ਸਿੰਘ ਘੱਗਾ, ਭਾਈ ਬਰਮਾ ਸਿੰਘ ਜਨਾਲ, ਜਥੇਦਾਰ ਗਮਦੂਰ ਸਿੰਘ ਸੈਦੇਵਾਸ ਤੇ ਭਾਈ ਜਗਤਾਰ ਸਿੰਘ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜਰ ਸਨ।