Wednesday, November 27, 2024
Google search engine
HomeDeshਬੰਦੀ ਛੋੜ ਦਿਵਸ ਦਾ ਮਹਾਤਮ; ਛੇਵੇਂ ਪਾਤਸ਼ਾਹ ਨੇ ਆਪਣੇ ਨਾਲ ਬੰਦੀ ਰਾਜਿਆਂ...

ਬੰਦੀ ਛੋੜ ਦਿਵਸ ਦਾ ਮਹਾਤਮ; ਛੇਵੇਂ ਪਾਤਸ਼ਾਹ ਨੇ ਆਪਣੇ ਨਾਲ ਬੰਦੀ ਰਾਜਿਆਂ ਦੀ ਰਿਹਾਈ ਲਈ ਹਕੂਮਤ ਝੁਕਾਈ ਸੀ

ਸਮੇਂ ਦੀਆਂ ਹਕੂਮਤਾਂ ਅਕਸਰ ਮਨੁੱਖੀ ਹੱਕਾਂ ਨੂੰ ਦਬਾਉਣ ਦਾ ਯਤਨ ਕਰਦੀਆਂ ਰਹੀਆਂ ਹਨ। 

ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ, ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਬੰਦੀ ਛੋੜ ਦਿਹਾੜੇ ਦਾ ਸਬੰਧ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਜੁੜਦਾ ਹੈ।

ਛੇਵੇਂ ਪਾਤਸ਼ਾਹ ਆਪਣੇ ਨਾਲ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਅ ਕਰਵਾਉਣ ਮਗਰੋਂ ਇਸ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਪਹੁੰਚੇ ਸਨ ਜਿਸ ’ਤੇ ਸੰਗਤਾਂ ਨੇ ਘਿਓ ਦੇ ਦੀਵੇ ਬਾਲ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਸੀ। ਇਹ ਪਰੰਪਰਾ ਅੱਜ ਵੀ ਨਿਰੰਤਰ ਜਾਰੀ ਹੈ।

ਬੰਦੀ ਛੋੜ ਦਿਵਸ ਮੌਕੇ ਦੇਸ਼-ਵਿਦੇਸ਼ ਦੀਆਂ ਲੱਖਾਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕਰਦੀਆਂ ਹਨ। ਬੰਦੀ ਛੋੜ ਦੇ ਇਤਿਹਾਸ ਨੇ ਹੱਕ, ਸੱਚ ਤੇ ਇਨਸਾਫ਼ ਦੀ ਇਕ ਵੱਡੀ ਉਦਾਹਰਨ ਪੇਸ਼ ਕੀਤੀ ਜੋ ਦੁਨੀਆ ’ਚ ਹੋਰ ਕਿਧਰੇ ਨਹੀਂ ਮਿਲਦੀ।

ਸਮੇਂ ਦੀਆਂ ਹਕੂਮਤਾਂ ਅਕਸਰ ਮਨੁੱਖੀ ਹੱਕਾਂ ਨੂੰ ਦਬਾਉਣ ਦਾ ਯਤਨ ਕਰਦੀਆਂ ਰਹੀਆਂ ਹਨ। ਗੁਰੂ ਸਾਹਿਬਾਨ ਦੇ ਸਮੇਂ ਵੀ ਹਕੂਮਤਾਂ ਦਾ ਜਬਰ ਸਿਖ਼ਰ ’ਤੇ ਸੀ ਜਿਸ ਦੇ ਵਿਰੁੱਧ ਗੁਰੂ ਸਾਹਿਬਾਨ ਨੇ ਆਵਾਜ਼ ਬੁਲੰਦ ਕੀਤੀ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵੀ ਹੱਕ-ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਿਆਂ ਹੋਈ।

ਉਨ੍ਹਾਂ ਦੀ ਸ਼ਹਾਦਤ ਉਪਰੰਤ ਹਕੂਮਤ ਦੇ ਜ਼ੁਲਮ ਨਾਲ ਨਜਿੱਠਣ ਲਈ ਛੇਵੇਂ ਪਾਤਸ਼ਾਹ ਨੇ ਸਿੱਖ ਕੌਮ ਨੂੰ ਸ਼ਸਤਰਧਾਰੀ ਹੋਣ ਲਈ ਪ੍ਰੇਰਦਿਆਂ ਘੋੜ ਸਵਾਰੀ ਅਤੇ ਯੁੱਧ ਕਲਾ ਵਿਚ ਨਿਪੁੰਨ ਹੋਣ ਦਾ ਸੰਦੇਸ਼ ਦਿੱਤਾ। ਇਸ ਦੇ ਨਾਲ ਹੀ ਆਜ਼ਾਦ ਹੋਂਦ-ਹਸਤੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਆਜ਼ਾਦਾਨਾ ਤੇ ਬੁਲੰਦ ਸ਼ਖ਼ਸੀਅਤ ਸਮੇਂ ਦੀ ਹਕੂਮਤ ਨੂੰ ਰੜਕਣ ਲੱਗੀ। ਇਸ ਦੇ ਨਾਲ ਹੀ ਗੁਰੂ ਘਰ ਦੇ ਦੋਖੀਆਂ ਨੇ ਵੀ ਹਕੂਮਤ ਦੇ ਕੰਨ ਭਰੇ।

ਬਾਦਸ਼ਾਹ ਜਹਾਂਗੀਰ ਨੇ ਕਪਟੀ ਚਾਲਾਂ ਚੱਲਦਿਆਂ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਲਿਆ। ਇਸ ਕਿਲ੍ਹੇ ਵਿਚ ਜਹਾਂਗੀਰ ਨੇ ਵੱਖ-ਵੱਖ ਰਿਆਸਤਾਂ ਦੇ 52 ਰਾਜਿਆਂ ਨੂੰ ਵੀ ਕੈਦ ਰੱਖਿਆ ਹੋਇਆ ਸੀ। ਇਹ ਰਾਜੇ ਆਪਣੀ ਆਜ਼ਾਦੀ ਦਾ ਵਿਚਾਰ ਤਿਆਗ ਕੇ ਘੋਰ ਨਿਰਾਸ਼ਾ ਵਿਚ ਜਾ ਚੁੱਕੇ ਸਨ।
ਗੁਰੂ ਸਾਹਿਬ ਦੀ ਸੰਗਤ ਦਾ ਇਨ੍ਹਾਂ ਬੰਦੀ ਰਾਜਿਆਂ ਦੇ ਮਨਾਂ ’ਤੇ ਬਹੁਤ ਚੰਗਾ ਅਸਰ ਹੋਇਆ ਅਤੇ ਉਨ੍ਹਾਂ ਅੰਦਰ ਆਸ ਦੀ ਕਿਰਨ ਜਾਗ ਉੱਠੀ। ਇਸ ਦੇ ਨਾਲ ਹੀ ਗੁਰੂ ਸਾਹਿਬ ਨੂੰ ਕਿਲ੍ਹੇ ਵਿਚ ਬੰਦੀ ਬਣਾਉਣ ਕਰ ਕੇ ਸਿੱਖ ਸੰਗਤਾਂ ਦੇ ਮਨਾਂ ਵਿਚ ਵੀ ਭਾਰੀ ਰੋਸ ਸੀ ਜਿਸ ਨੂੰ ਵੇਖਦਿਆਂ ਹਕੂਮਤ ਨੂੰ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਐਲਾਨ ਕਰਨਾ ਪਿਆ।

ਗੁਰੂ ਸਾਹਿਬ ਨੇ ਆਪਣੇ ਨਾਲ ਬੰਦੀ ਰਾਜਿਆਂ ਦੀ ਰਿਹਾਈ ਲਈ ਹਕੂਮਤ ਨੂੰ ਝੁਕਾਇਆ ਅਤੇ ਇੰਜ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਮੁਕਤ ਕਰਵਾ ਕੇ ਲੋਕਾਈ ਨੂੰ ਇਕ ਨਵੀਂ ਰੋਸ਼ਨੀ ਦਿੱਤੀ। ਗੁਰੂ ਸਾਹਿਬ ਦੇ ਇਸ ਕਦਮ ਨਾਲ ਮਨੁੱਖਤਾ ਅੰਦਰ ਆਜ਼ਾਦੀ ਦੀ ਲੋਅ ਇਕ ਵਾਰ ਫਿਰ ਰੋਸ਼ਨ ਹੋ ਗਈ। ਬੰਦੀ ਛੋੜ ਦਿਹਾੜੇ ਨਾਲ ਸਿੱਖ ਇਤਿਹਾਸ ਦਾ ਇਕ ਹੋਰ ਪੰਨਾ ਜੁੜਦਾ ਹੈ। ਸਿੱਖ ਕੌਮ ’ਤੇ ਇਕ ਸਮਾਂ ਅਜਿਹਾ ਆਇਆ ਜਦ ਹਕੂਮਤ ਨੇ ਸਿੱਖਾਂ ਨੂੰ ਖ਼ਤਮ ਕਰਨ ਦੇ ਮਨਸੂਬੇ ਬਣਾਏ।

ਸਿੱਖ ਜੰਗਲਾਂ ਵਿਚ ਰਹਿ ਕੇ ਗੁਜ਼ਾਰਾ ਕਰਨ ਲੱਗੇ। ਇਸੇ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਭਾਈ ਮਨੀ ਸਿੰਘ ਨੇ ਬੰਦੀ ਛੋੜ ਦਿਵਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦਾ ਇਕੱਠ ਕਰਨ ਦੀ ਹਕੂਮਤ ਪਾਸੋਂ ਆਗਿਆ ਮੰਗੀ। ਹਕੂਮਤ ਨੇ ਮੰਦਭਾਵਨਾ ਤਹਿਤ ਟੈਕਸ ਦੀ ਅਦਾਇਗੀ ਬਦਲੇ ਇਹ ਮਨਜ਼ੂਰੀ ਦਿੱਤੀ। ਹਕੂਮਤ ਦੀ ਮਨਸ਼ਾ ਇਕੱਠੇ ਹੋਏ ਸਿੱਖਾਂ ਨੂੰ ਖ਼ਤਮ ਕਰਨ ਦੀ ਸੀ। ਭਾਈ ਮਨੀ ਸਿੰਘ ਨੂੰ ਪਤਾ ਲੱਗਣ ’ਤੇ ਉਨ੍ਹਾਂ ਸੰਗਤਾਂ ਨੂੰ ਅੰਮ੍ਰਿਤਸਰ ਆਉਣੋਂ ਰੋਕ ਦਿੱਤਾ।

ਸਰਕਾਰ ਦੇ ਸਿੱਖਾਂ ਨੂੰ ਨੁਕਸਾਨ ਪਹੁੰਚਾਉਣ ਦੇ ਮਨਸੂਬੇ ਧਰੇ-ਧਰਾਏ ਰਹਿ ਗਏ। ਇਸ ’ਤੇ ਲੋਹੀ-ਲਾਖੀ ਹੋਈ ਸਰਕਾਰ ਨੇ ਭਾਈ ਮਨੀ ਸਿੰਘ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੂੰ ਟੈਕਸ ਨਾ ਤਾਰਨ ਬਦਲੇ ਇਸਲਾਮ ਜਾਂ ਮੌਤ ਕਬੂਲਣ ਦਾ ਫੁਰਮਾਨ ਜਾਰੀ ਕਰ ਦਿੱਤਾ। ਇਸ ’ਤੇ ਭਾਈ ਮਨੀ ਸਿੰਘ ਨੇ ਸਿੱਖ ਕੌਮ ਦੇ ਗੌਰਵਮਈ ਇਤਿਹਾਸ ’ਤੇ ਪਹਿਰਾ ਦਿੰਦਿਆਂ ਸ਼ਹਾਦਤ ਨੂੰ ਪ੍ਰਵਾਨ ਕੀਤਾ। ਮੁਗ਼ਲ ਹਕੂਮਤ ਨੇ ਭਾਈ ਮਨੀ ਸਿੰਘ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ।

ਇਸ ਤਰ੍ਹਾਂ ਬੰਦੀ ਛੋੜ ਦਿਹਾੜੇ ਦਾ ਇਤਿਹਾਸ ਮਨੁੱਖੀ ਹੱਕਾਂ ਲਈ ਸੰਘਰਸ਼ ਦੀ ਪ੍ਰੇਰਨਾ ਦਿੰਦਾ ਹੈ। ਸਿੱਖ ਕੌਮ ਦਾ ਇਹ ਖਾਸਾ ਰਿਹਾ ਹੈ ਕਿ ਇਸ ਨੇ ਹਮੇਸ਼ਾ ਹੀ ਸਮਾਜਿਕ ਕੁਰੀਤੀਆਂ ਦੇ ਨਾਲ-ਨਾਲ ਜਬਰ-ਜ਼ੁਲਮ ਵਿਰੁੱਧ ਸੰਘਰਸ਼ ਕੀਤਾ। ਚੁਣੌਤੀਆਂ ਅਤੇ ਸੰਘਰਸ਼ ਦੇ ਦੌਰ ਵਿਚ ਸਿੱਖਾਂ ਨੇ ਕਦੇ ਵੀ ਹਿੰਮਤ ਨਹੀਂ ਹਾਰੀ। ਅਠਾਰਵੀਂ ਸਦੀ ਦੇ ਮੁਸ਼ਕਲ ਦੌਰ ਵਿਚ ਵੀ ਸਿੱਖ ਪੰਥ ਬੰਦੀ ਛੋੜ ਦਿਵਸ ਮੌਕੇ ਸ੍ਰੀ ਅੰਮ੍ਰਿਤਸਰ ਵਿਚ ਇਕੱਠੇ ਹੋ ਕੇ ਕੌਮੀ ਲੇਖਾ-ਜੋਖਾ ਕਰਿਆ ਕਰਦਾ ਸੀ।

ਇਸ ਮੌਕੇ ਬੀਤੇ ਸਮੇਂ ਦੇ ਕਾਰਜਾਂ ਨੂੰ ਵਿਚਾਰ ਕੇ ਭਵਿੱਖਮੁਖੀ ਤਰਜੀਹਾਂ ਨਿਰਧਾਰਤ ਕੀਤੀਆਂ ਜਾਂਦੀਆਂ ਸਨ। ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਅੱਜ ਵੀ ਕੌਮ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਰਪੇਸ਼ ਹਨ। ਸਿੱਖਾਂ ਵੱਲੋਂ ਕੁਰਬਾਨੀਆਂ ਨਾਲ ਸਥਾਪਤ ਕੀਤੀਆਂ ਸਿੱਖ ਸੰਸਥਾਵਾਂ ਨੂੰ ਤੋੜਨ ਤੇ ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨ ਦੇ ਕੋਝੇ ਯਤਨਾਂ ਤਹਿਤ ਚਾਲਾਂ ਚੱਲੀਆਂ ਜਾ ਰਹੀਆਂ ਹਨ। ਪੰਥ ਵਿਰੋਧੀ ਚਾਲਾਂ ਤੋਂ ਸੁਚੇਤ ਹੁੰਦੇ ਹੋਏ ਆਪਣੀਆਂ ਪੁਰਾਣੀਆਂ ਰਵਾਇਤਾਂ ਅਨੁਸਾਰ ਸਿੱਖ ਕੌਮ ਚੁਣੌਤੀਆਂ ਦੇ ਟਾਕਰੇ ਲਈ ਸਿਰ ਜੋੜ ਕੇ ਬੈਠੇ। ਬੰਦੀ ਛੋੜ ਦਿਵਸ ਦੀ ਸੰਗਤਾਂ ਨੂੰ ਵਧਾਈ ਦਿੰਦਾ ਹੋਇਆ ਅਪੀਲ ਕਰਦਾ ਹਾਂ ਕਿ ਸਿੱਖ ਕੌਮ ਇਸ ਇਤਿਹਾਸਕ ਦਿਹਾੜੇ ’ਤੇ ਆਪਣੇ ਇਤਿਹਾਸ ਤੋਂ ਵੀ ਸੇਧ ਲਵੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments