ED ਨੇ ਸੀਨੀਅਰ ਕਾਂਗਰਸੀ ਨੇਤਾ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਘਰ ਛਾਪਾ ਮਾਰਿਆ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੋਮਵਾਰ ਨੂੰ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਉਨ੍ਹਾਂ ਦੇ ਪੁੱਤਰ ਚੈਤੰਨਿਆ ਬਘੇਲ ਨਾਲ ਜੁੜੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਇਹ ਛਾਪਾ ਮਨੀ ਲਾਂਡਰਿੰਗ ਮਾਮਲੇ ਨਾਲ ਜੁੜੇ ਕਥਿਤ ਸ਼ਰਾਬ ਘੁਟਾਲੇ ਦੇ ਸਬੰਧ ਵਿੱਚ ਮਾਰਿਆ ਗਿਆ ਹੈ। ਭਿਲਾਈ ਵਿੱਚ ਚੈਤੰਨਿਆ ਬਘੇਲ ਦੀਆਂ ਕਈ ਥਾਵਾਂ ਦੇ ਨਾਲ-ਨਾਲ ਰਾਜ ਦੇ ਕਈ ਹੋਰ ਵਿਅਕਤੀਆਂ ਨਾਲ ਜੁੜੀਆਂ ਥਾਵਾਂ ‘ਤੇ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਦੇ ਤਹਿਤ ਛਾਪੇਮਾਰੀ ਕੀਤੀ ਗਈ। ਕਿਹਾ ਜਾ ਰਿਹਾ ਹੈ ਕਿ ਕੇਂਦਰੀ ਏਜੰਸੀ ਨੇ ਸਵੇਰੇ-ਸਵੇਰੇ ਭੁਪੇਸ਼ ਬਘੇਲ ਦੇ ਘਰ ਛਾਪਾ ਮਾਰਿਆ।
ਈਡੀ ਨੇ ਦਾਅਵਾ ਕੀਤਾ ਹੈ ਕਿ ਛੱਤੀਸਗੜ੍ਹ ਸ਼ਰਾਬ ਘੁਟਾਲੇ ਨੇ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਜਦੋਂ ਕਿ ਸ਼ਰਾਬ ਸਿੰਡੀਕੇਟ ਨੇ ਕਥਿਤ ਤੌਰ ‘ਤੇ ਅਪਰਾਧ ਦੀ ਕਮਾਈ ਵਜੋਂ 2,100 ਕਰੋੜ ਰੁਪਏ ਤੋਂ ਵੱਧ ਦਾ ਘਪਲਾ ਕੀਤਾ ਹੈ। ਇਸ ਮਾਮਲੇ ਦੇ ਸਬੰਧ ਵਿੱਚ ਰਾਜ ਸਰਕਾਰ ਦੇ ਅਧਿਕਾਰੀਆਂ ਅਤੇ ਕਾਰੋਬਾਰੀਆਂ ਸਮੇਤ ਕਈ ਵਿਅਕਤੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਈਡੀ ਛੱਤੀਸਗੜ੍ਹ ਸ਼ਰਾਬ ਘੁਟਾਲੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਸਬੰਧੀ ED, ACB ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਦਰਜ ਕੀਤੀ ਗਈ ਐਫਆਈਆਰ ਵਿੱਚ 2 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਘੁਟਾਲੇ ਦਾ ਜ਼ਿਕਰ ਕੀਤਾ ਗਿਆ ਸੀ। ਈਡੀ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਘੁਟਾਲਾ ਉਸ ਸਮੇਂ ਦੀ ਭੂਪੇਸ਼ ਸਰਕਾਰ ਦੇ ਕਾਰਜਕਾਲ ਦੌਰਾਨ ਆਈਏਐਸ ਅਧਿਕਾਰੀ ਅਨਿਲ ਟੁਟੇਜਾ, ਆਬਕਾਰੀ ਵਿਭਾਗ ਦੇ ਐਮਡੀ ਏਪੀ ਤ੍ਰਿਪਾਠੀ ਅਤੇ ਕਾਰੋਬਾਰੀ ਅਨਵਰ ਢੇਬਰ ਦੇ ਇੱਕ ਸਿੰਡੀਕੇਟ ਰਾਹੀਂ ਕੀਤਾ ਗਿਆ ਸੀ।
ਪੈਸੇ ਕਮਾਉਣ ਦੇ ਕਿਵੇਂ ਲਗੇ ਆਰੋਪ?
ਏਜੰਸੀ ਨੇ ਦਾਅਵਾ ਕੀਤਾ ਹੈ ਕਿ ਅਨਿਲ ਟੁਟੇਜਾ 2019-23 ਦੌਰਾਨ ਕਮਾਏ ਗਏ ਗੈਰ-ਕਾਨੂੰਨੀ ਮੁਨਾਫ਼ੇ ਦਾ ਇੱਕ ਅਨਿੱਖੜਵਾਂ ਅੰਗ ਸੀ। ਇਹ ਪੈਸਾ ਕਥਿਤ ਤੌਰ ‘ਤੇ ਡਿਸਟਿਲਰਾਂ ਤੋਂ ਲਈ ਗਈ ਰਿਸ਼ਵਤ ਅਤੇ ਸਰਕਾਰੀ ਸ਼ਰਾਬ ਦੀਆਂ ਦੁਕਾਨਾਂ ਦੁਆਰਾ ਦੇਸੀ ਸ਼ਰਾਬ ਦੀ ਬੇਹਿਸਾਬੀ ਵਿਕਰੀ ਰਾਹੀਂ ਆਇਆ ਸੀ। ਹਾਲਾਂਕਿ, ਸੁਪਰੀਮ ਕੋਰਟ ਨੇ ਪਿਛਲੇ ਸਾਲ 8 ਅਪ੍ਰੈਲ ਨੂੰ ਛੱਤੀਸਗੜ੍ਹ ਵਿੱਚ 2,000 ਕਰੋੜ ਰੁਪਏ ਦੇ ਕਥਿਤ ਸ਼ਰਾਬ ਘੁਟਾਲੇ ਵਿੱਚ ਟੁਟੇਜਾ ਅਤੇ ਉਸਦੇ ਪੁੱਤਰ ਯਸ਼ ਵਿਰੁੱਧ ਮਨੀ ਲਾਂਡਰਿੰਗ ਕੇਸ ਨੂੰ ਖਾਰਜ ਕਰ ਦਿੱਤਾ ਸੀ, ਇਹ ਕਹਿੰਦੇ ਹੋਏ ਕਿ ਇਸ ਵਿੱਚ ਅਪਰਾਧ ਦੀ ਕੋਈ ਕਮਾਈ ਸ਼ਾਮਲ ਨਹੀਂ ਹੈ।