ਵਣ ਗਾਰਡ ਸਚਿਨ ਅਨੁਸਾਰ ਇਸ ਵੇਲੇ 9 ਪ੍ਰਜਾਤੀਆਂ ਦੇ ਕਰੀਬ 1200 ਪੰਛੀ ਆ ਚੁੱਕੇ ਹਨ ਜਿਨ੍ਹਾਂ ਦੀ ਗਿਣਤੀ ਆਉਣ ਵਾਲੇ ਦਿਨਾਂ ਵਿੱਚ ਹੋਰ ਵਧੇਗੀ।
ਇਤਿਹਾਸਕ ਕੇਸ਼ੋਪੁਰ-ਮਿਆਣੀ ਛੰਭ ‘ਤੇ ਪਰਵਾਸੀ ਪੰਛੀਆਂ ਨੇ ਦਸਤਕ ਦੇ ਦਿੱਤੀ ਹੈ ਜਿਸ ਕਾਰਨ ਛੰਭ ਚਹਿਕਣ ਲੱਗਾ ਹੈ। ਪੰਛੀ ਹਵਾ ਵਿੱਚ ਕਲਾਬਾਜ਼ੀਆਂ ਕਰਕੇ ਅਤੇ ਆਪਣੀ ਸੁਰੀਲੀ ਆਵਾਜ਼ ਨਾਲ ਮਾਹੌਲ ਨੂੰ ਸੰਗੀਤਮਈ ਬਣਾ ਰਹੇ ਹਨ। ਭਾਵੇਂ ਇਸ ਸਾਲ ਸਰਦੀਆਂ ਦੇ ਮੌਸਮ ਵਿੱਚ ਦੇਰੀ ਹੋਣ ਕਾਰਨ ਪਰਵਾਸੀ ਪੰਛੀਆਂ ਦੀ ਗਿਣਤੀ ਘੱਟ ਹੈ ਪਰ ਜਿਵੇਂ-ਜਿਵੇਂ ਸਰਦੀ ਵਧਦੀ ਜਾਵੇਗੀ ਪੰਛੀਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਵੇਗਾ।
ਹਰ ਸਾਲ 90 ਪ੍ਰਜਾਤੀਆਂ ਦੇ ਪੰਛੀ ਛੰਭ ਪਹੁੰਚਦੇ ਹਨ। ਵਣ ਗਾਰਡ ਸਚਿਨ ਅਨੁਸਾਰ ਇਸ ਵੇਲੇ 9 ਪ੍ਰਜਾਤੀਆਂ ਦੇ ਕਰੀਬ 1200 ਪੰਛੀ ਆ ਚੁੱਕੇ ਹਨ ਜਿਨ੍ਹਾਂ ਦੀ ਗਿਣਤੀ ਆਉਣ ਵਾਲੇ ਦਿਨਾਂ ਵਿੱਚ ਹੋਰ ਵਧੇਗੀ। ਉਨ੍ਹਾਂ ਦੱਸਿਆ ਕਿ ਚੀਨ, ਰੂਸ ਅਤੇ ਸਾਇਬੇਰੀਆ ਵਿੱਚ ਬਹੁਤ ਜ਼ਿਆਦਾ ਬਰਫਬਾਰੀ ਹੋਣ ਕਾਰਨ ਪੰਛੀਆਂ ਨੂੰ ਭੋਜਨ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਾਰਨ ਉਹ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਕੇਸ਼ੋਪੁਰ ਛੰਭ ਪਹੁੰਚਦੇ ਹਨ। ਸਰਦੀ ਦੇ ਮੌਸਮ ਵਿੱਚ ਦੇਰੀ ਹੋਣ ਕਾਰਨ ਇਸ ਵੇਲੇ ਸਿਰਫ਼ ਪੰਜ ਫ਼ੀਸਦੀ ਪੰਛੀ ਹੀ ਪੁੱਜੇ ਹਨ। ਇਸ ਮਹੀਨੇ ਦੇ ਅੰਤ ਤੱਕ ਜੇਕਰ ਸਰਦੀਆਂ ਨੇ ਜ਼ੋਰ ਫੜਿਆ ਤਾਂ ਇਨ੍ਹਾਂ ਦੀ ਗਿਣਤੀ 15 ਹਜ਼ਾਰ ਤੋਂ ਵੱਧ ਹੋ ਸਕਦੀ ਹੈ।
ਵੱਖ-ਵੱਖ ਦੇਸ਼ਾਂ ਤੋਂ ਪਹੁੰਚਦੇ ਹਨ ਪੰਛੀ
ਸਰਦੀਆਂ ਦੇ ਦੌਰਾਨ ਕਈ ਦਹਾਕਿਆਂ ਤੋਂ ਇੰਡੀਅਨ ਮਰੂਨ, ਗੜਵਾਲ, ਪਿੰਟੇਲ, ਕਾਮਨ ਟੀਲ, ਵਿਜਿਅਨ, ਸਵੈਲੋ, ਲਾਰਜ ਕੋਰਮੋਰੈਂਟ, ਹੇਜੀ ਈਗਲ, ਬ੍ਰਾਊਨ ਹੇਜੀ ਈਗਲ, ਬੂਟਸ ਈਗਲ, ਮੈਸ਼ ਹੈਰੀਅਰ, ਲਿਟਲ ਈਰਾਫਟ, ਵੱਡਾ ਈਰਾਫਟ, ਮੇਡਨ ਈਰਾਫਟ, ਵ੍ਹਾਈਟ ਬ੍ਰੈਸਟ, ਕਿੰਗ ਫਿਸ਼ਰ, ਗ੍ਰੇ ਬਗਲਾ, ਜਾਮਨੀ ਬਗਲਾ, ਡੀਟਰ, ਡੇਬਿਚਿਕ, ਲਿਟਲ ਕਾਰਮੋਰੈਂਟ ਅਤੇ ਬਲੈਕ ਬੂਟ ਸਮੇਤ ਕਈ ਪ੍ਰਜਾਤੀਆਂ ਦੇ ਪਰਵਾਸੀ ਪੰਛੀ ਛੰਭ ਵਿੱਚ ਪਹੁੰਚਦੇ ਹਨ। ਸਰਦੀਆਂ ਤੱਕ ਪੰਛੀਆਂ ਦੇ ਆਉਣ ਦਾ ਸਿਲਸਿਲਾ ਜਾਰੀ ਰਹਿੰਦਾ ਹੈ। ਇਸ ਦੇ ਨਾਲ ਹੀ ਇਹ ਪੰਛੀ ਗਰਮੀਆਂ ਆਉਂਦੇ ਹੀ ਵਾਪਸ ਪਰਤ ਜਾਂਦੇ ਹਨ।
ਮਹਾਰਾਜਾ ਰਣਜੀਤ ਸਿੰਘ ਦੀ ਪਸੰਦੀਦਾ ਸ਼ਿਕਾਰਗਾਰ ਰਿਹਾ ਛੰਭ
ਕੇਸ਼ੋਪੁਰ-ਮਿਆਣੀ ਛੰਭ ਗੁਰਦਾਸਪੁਰ-ਬਹਿਰਾਮਪੁਰ ਲਿੰਕ ਰੋਡ ’ਤੇ ਸ਼ਹਿਰ ਤੋਂ ਕਰੀਬ ਪੰਜ ਕਿਲੋਮੀਟਰ ਦੀ ਦੂਰੀ ’ਤੇ 850 ਏਕੜ ਵਿੱਚ ਫੈਲਿਆ ਹੋਇਆ ਹੈ। ਇਲਾਕਾ ਨਿਵਾਸੀਆਂ ਅਨੁਸਾਰ ਛੰਭ ਦਾ ਇਹ ਇਲਾਕਾ ਮਹਾਰਾਜਾ ਰਣਜੀਤ ਸਿੰਘ ਦੀ ਮਨਪਸੰਦ ਸ਼ਿਕਾਰਗਾਰ ਸੀ। ਇਲਾਕੇ ਦੇ ਲੋਕਾਂ ਅਨੁਸਾਰ ਇਸ ਤੋਂ ਪਹਿਲਾਂ ਛੰਭ ਦੀ ਇਤਿਹਾਸਕ ਮਹੱਤਤਾ ਨੂੰ ਦਰਸਾਉਂਦਾ ਚਬੂਤਰਾ ਬਣਿਆ ਹੋਇਆ ਸੀ ਪਰ ਸਹੀ ਸਾਂਭ-ਸੰਭਾਲ ਨਾ ਹੋਣ ਕਾਰਨ ਇਹ ਤਬਾਹ ਹੋ ਗਿਆ। ਇਸ ਇਲਾਕੇ ਦੀ ਮਹੱਤਤਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ 2007 ਵਿੱਚ ਇਸ ਨੂੰ ਕਮਿਊਨਿਟੀ ਰਿਜ਼ਰਵ ਘੋਸ਼ਿਤ ਕੀਤਾ ਸੀ ਅਤੇ ਇਸ ਨੂੰ ਰਾਸ਼ਟਰੀ ਪੱਧਰ ‘ਤੇ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।