Punjabi ਸਿਨੇਮਾ ਗਲਿਆਰਿਆਂ ਵਿੱਚ ਇੰਨੀ ਦਿਨੀਂ ਖਾਸੀ ਚਰਚਾ ਅਤੇ ਖਿੱਚ ਦਾ ਕੇਂਦਰ ਬਿੰਦੂ ਬਣੀ ਹੋਈ ਹੈ ਪੰਜਾਬੀ ਸੀਕਵਲ ਫਿਲਮ ‘Sardarji 3’, ਜੋ ਜਲਦ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
‘ਵਾਈਟ ਹਿੱਲ ਸਟੂਡਿਓਜ਼’ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਰਾਕੇਸ਼ ਧਵਨ, ਜਦਕਿ ਨਿਰਦੇਸ਼ਨ ਨੌਜਵਾਨ ਫਿਲਮਕਾਰ ਅਮਰ ਹੁੰਦਲ ਕਰ ਰਹੇ ਹਨ, ਜੋ ਹਾਲ ਹੀ ਦੇ ਸਮੇਂ ਵਿੱਚ ਰਿਲੀਜ਼ ਹੋਈ ਧਾਰਮਿਕ ਫਿਲਮ ‘ਬੀਬੀ ਰਜਨੀ’ ਤੋਂ ਇਲਾਵਾ ‘ਵਾਰਨਿੰਗ’ ਸੀਰੀਜ਼, ‘ਬੱਬਰ’ ਜਿਹੀਆਂ ਕਈ ਬਿੱਗ ਸੈੱਟਅੱਪ ਫਿਲਮਾਂ ਦਾ ਨਿਰਦੇਸ਼ਨ ਸਫਲਤਾਪੂਰਵਕ ਕਰ ਚੁੱਕੇ ਹਨ।
ਸਾਲ 2015 ਵਿੱਚ ਆਈ ‘Sardarji ‘ ਅਤੇ 2016 ਵਿੱਚ ਰਿਲੀਜ਼ ਹੋਈ ‘Sardarji 2” ਦੇ ਤੀਸਰੇ ਸੀਕਵਲ ਦੇ ਰੂਪ ਵਿੱਚ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਉਕਤ ਫਿਲਮ ਵਿੱਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਖੂਬਸੂਰਤ ਸੁਮੇਲਤਾ ਵੀ ਵੇਖਣ ਨੂੰ ਮਿਲੇਗੀ, ਜਿਸ ਦੀ ਸਟਾਰ-ਕਾਸਟ ਵਿੱਚ ਨੀਰੂ ਬਾਜਵਾ, ਗੁਲਸ਼ਨ ਗਰੋਵਰ, ਨਾਸਿਰ ਚਿਨਯੋਤੀ ਅਤੇ ਅਕਰਮ ਉਦਾਸ ਆਦਿ ਸ਼ੁਮਾਰ ਹਨ।
ਦੁਨੀਆਂ ਭਰ ਵਿੱਚ ਵੱਡੇ ਪੱਧਰ ਉਪਰ ਪ੍ਰਦਰਸ਼ਿਤ ਹੋਣ ਜਾ ਰਹੀ ਉਕਤ ਕਾਮੇਡੀ ਡ੍ਰਾਮੈਟਿਕ ਫਿਲਮ ਵਿੱਚ ਸਟਾਰ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਅਤੇ ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾ ਹਾਨੀਆ ਆਮਿਰ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜੋ ਦੋਨੋਂ ਪਹਿਲੀ ਵਾਰ ਇਕੱਠਿਆਂ ਸਕ੍ਰੀਨ ਸਪੇਸ ਸ਼ੇਅਰ ਕਰਨ ਜਾ ਰਹੇ ਹਨ।
ਸਾਲ 2024 ਵਿੱਚ ਆਈ ‘ਜੱਟ ਐਂਡ ਜੂਲੀਅਟ 3’ ਤੋਂ ਬਾਅਦ ‘ਵਾਈਟ ਹਿੱਲ ਸਟੂਡਿਓਜ਼’ ਦੀ ਦਿਲਜੀਤ ਦੁਸਾਂਝ ਨਾਲ ਇੱਕ ਹੋਰ ਵੱਡੀ ਸੀਕਵਲ ਫਿਲਮ ਹੋਵੇਗੀ, ਜਿਸ ਨੂੰ ਬਹੁ-ਕਰੋੜੀ ਬਜਟ ਅਧੀਨ ਸ਼ਾਨਦਾਰ ਵਜ਼ੂਦ ਦਿੱਤਾ ਜਾ ਰਿਹਾ ਹੈ।
ਆਗਾਮੀ ਜੂਨ ਮਹੀਨੇ ਵਿੱਚ ਵਰਲਡ-ਵਾਈਡ ਜਾਰੀ ਕੀਤੀ ਜਾ ਰਹੀ ਉਕਤ ਫਿਲਮ ਇਸ ਵਰ੍ਹੇ 2025 ਦੇ ਮੁੱਢਲੇ ਪੜਾਅ ਦੌਰਾਨ ਸਾਹਮਣੇ ਆਉਣ ਵਾਲੀ ਦਿਲਜੀਤ ਦੁਸਾਂਝ ਦੀ ਪਹਿਲੀ ਪੰਜਾਬੀ ਫਿਲਮ ਹੋਵੇਗੀ, ਜਿਸ ਦੀ ਸ਼ੂਟਿੰਗ ਨੂੰ ਲੰਦਨ ਦੇ ਸਕਾਟਲੈਂਡ ਵਿਖੇ ਸੰਬੰਧਤ ਨਿਰਮਾਣ ਟੀਮ ਵੱਲੋਂ ਆਖ਼ਰੀ ਛੋਹਾਂ ਦਿੱਤੀਆਂ ਜਾ ਰਹੀਆਂ ਹਨ।