ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਬਦਇੰਤਜ਼ਾਮੀ ਨੇ ਲਈਆਂ 18 ਜਾਨਾਂ
ਰੇਲਵੇ ਪ੍ਰਸ਼ਾਸਨ ਦੀ ਬਦਇੰਤਜ਼ਾਮੀ ਨਾਲ ਸ਼ਨਿਚਰਵਾਰ ਰਾਤ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ 18 ਯਾਤਰੀਆਂ ਦੀ ਮੌਤ ਹੋ ਗਈ। ਸਟੇਸ਼ਨ ’ਤੇ ਭੀੜ ਵਧਦੀ ਗਈ ਪਰ ਉਨ੍ਹਾਂ ਨੂੰ ਕੰਟਰੋਲ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਪੂਰੀ ਵਿਵਸਥਾ ਭਗਵਾਨ ਭਰੋਸੇ ਸੀ। ਸਥਿਤੀ ਸੰਭਾਲਣ ਲਈ ਨਾ ਰੇਲਵੇ ਅਧਿਕਾਰੀ ਸਨ ਤੇ ਨਾ ਹੀ ਪਲੇਟਫਾਰਮ ’ਤੇ ਲੁੜੀਂਦੀ ਗਿਣਤੀ ’ਚ ਆਰਪੀਐੱਫ ਦੇ ਜਵਾਨ। ਭਗਦੜ ਨਾਲ ਯਾਤਰੀਆਂ ਦੀ ਮੌਤ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਦੀ ਨੀਂਦ ਟੁੱਟੀ ਤੇ ਭੀੜ ਪ੍ਰਬੰਧਨ ਖ਼ਿਲਾਫ਼ ਆਰਪੀਐੱਫ, ਐੈੱਨਡੀਆਰਐੱਫ ਤੇ ਦਿੱਲੀ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਗਏ। ਉੱਥੇ ਹੀ ਮ੍ਰਿਤਕਾਂ ਦਾ ਪੋਸਟਮਾਰਟਮ ਕਰ ਕੇ ਐਤਵਾਰ ਸਵੇਰੇ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ। ਰੇਲਵੇ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ। ਇਹ ਰਕਮ ਪੀੜਤ ਪਰਿਵਾਰਾਂ ਨੂੰ ਫ਼ੌਰੀ ਦੇ ਵੀ ਦਿੱਤੀ ਗਈ ਹੈ।
ਰੇਲਵੇ ਦੀ ਦੋ ਮੈਂਬਰੀ ਜਾਂਚ ਕਮੇਟੀ ’ਚ ਸ਼ਾਮਿਲ ਉੱਤਰ ਰੇਲਵੇ ਦੇ ਪ੍ਰਿੰਸੀਪਲ ਚੀਫ ਕਮਰਸ਼ੀਅਲ ਮੈਨੇਜਰ ਨਰਸਿੰਘ ਦੇਵ ਤੇ ਪ੍ਰਿੰਸੀਪਲ ਚੀਫ ਸਕਿਓਰਿਟੀ ਕਮਿਸ਼ਨਰ ਪੰਕਜ ਗੰਗਵਾਰ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲੀ ਨਜ਼ਰ ’ਚ ਇਹ ਹਾਦਸਾ ਅਧਿਕਾਰੀਆਂ ਦੀ ਲਾਪਰਵਾਹੀ ਦਾ ਨਤੀਜਾ ਲੱਗਦਾ ਹੈ। ਇਸ ਹਾਦਸੇ ’ਚ ਜ਼ਿਆਦਾਤਰ ਮਰਨ ਵਾਲਿਆਂ ਦੀ ਮੌਤ ਟ੍ਰਾਮੈਟਿਕ ਏਸਿਫਕਸੀਆ ਨਾਲ ਹੋਈ।
ਇਹ ਇਕ ਅਜਿਹੀ ਸਥਿਤੀ ਹੁੰਦੀ ਹੈ ਜਦੋਂ ਛਾਤੀ ਤੇ ਪੇਟ ਦੇ ਉੱਪਰਲੇ ਹਿੱਸੇ ’ਤੇ ਦਬਾਅ ਪੈਣ ਨਾਲ ਸਾਹ ਤੇ ਖੂਨ ਦਾ ਸੰਚਾਰ ਰੁਕ ਜਾਂਦਾ ਹੈ ਤੇ ਦਮ ਘੁਟ ਜਾਂਦਾ ਹੈ। ਮਰਨ ਵਾਲਿਆਂ ’ਚ 11 ਔਰਤਾਂ ਤੇ ਚਾਰ ਬੱਚੇ ਵੀ ਸ਼ਾਮਿਲ ਹਨ। ਹਾਦਸੇ ’ਚ 13 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਲੋਕ ਨਾਇਕ ਹਸਪਤਾਲ, ਲੇ਼ਡੀ ਹਾਰਿਡੰਗ ਤੇ ਕਲਾਵਤੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪੋਸਟ ਮਾਰਟਮ ਤੋਂ ਬਾਅਦ ਐਤਵਾਰ ਸਵੇਰ ਹੁੰਦੇ-ਹੁੰਦੇ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ। ਰੇਲਵੇ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ, ਗੰਭੀਰ ਤੌਰ ’ਤੇ ਜ਼ਖ਼ਮੀ ਨੂੰ ਢਾਈ ਲੱਖ ਤੇ ਜ਼ਖ਼ਮੀ ਨੂੰ ਇਕ ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ। ਆਰਥਿਕ ਮਦਦ ਦੇ ਦਿੱਤੀ ਗਈ ਹੈ।
ਯਾਤਰੀਆਂ ਦੀ ਭੀੜ ਵਧਣ ਤੋਂ ਬਾਅਦ ਉਸ ਨੂੰ ਕਾਬੂ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਲੁੜੀਂਦੀ ਗਿਣਤੀ ’ਚ ਆਰਪੀਐੱਫ ਦੇ ਜਵਾਨ ਨਾ ਹੋਣ ਕਾਰਨ ਅਰਾਜਕਤਾ ਦੀ ਸਥਿਤੀ ਪੈਦਾ ਹੋ ਗਈ ਸੀ। ਵੱਡੀ ਗਿਣਤੀ ’ਚ ਲੋਕ ਬਗ਼ੈਰ ਟਿਕਟ ਪਲੇਟਫਾਰਮ ਤੱਕ ਪੁੱਜ ਗਏ। ਇਸ ਨਾਲ ਸ਼ਨਿਚਰਵਾਰ ਸ਼ਾਮ ਤੋਂ ਹੀ ਭੀੜ ਵਧਣ ਲੱਗੀ। ਮਗਧ ਐਕਸਪ੍ਰੈੱਸ ਤੇ ਸ਼ਿਵ ਗੰਗਾ ਐਕਸਪ੍ਰੈੱਸ ’ਚ ਬਗ਼ੈਰ ਟਿਕਟ ਤੇ ਜਨਰਲ ਟਿਕਟ ਵਾਲੇ ਯਾਤਰੀਆਂ ਨੇ ਰਾਖਵੀਂ ਕੋਚ ’ਤੇ ਕਬਜ਼ਾ ਕਰ ਲਿਆ, ਇਸ ਨਾਲ ਜਾਇਜ਼ ਟਿਕਟ ਵਾਲੇ ਯਾਤਰੀ ਰੇਲ ਗੱਡੀ ਨਾ ਚੜ੍ਹ ਸਕੇ।
ਸੁਤੰਤਰਤਾ ਸੈਨਾਨੀ ਐਕਸਪ੍ਰੈੱਸ ਤੇ ਭੁਬਨੇਸ਼ਵਰ ਰਾਜਧਾਨੀ ਦੇ ਦੇਰੀ ਨਾਲ ਚੱਲਣ ਕਾਰਨ ਇਨ੍ਹਾਂ ਦੇ ਯਾਤਰੀ ਵੀ ਪੇਲਟਫਾਮਰ ’ਤੇ ਸਨ। ਇਨ੍ਹਾਂ ਕਾਰਨਾਂ ਕਰ ਕੇ ਪਲੇਟਫਾਰਮ ਨੰਬਰ 12, 13, 14 ਤੇ 15 ਪੈਰ ਰੱਖਣ ਦੀ ਥਾਂ ਨਹੀਂ ਸੀ। ਇਸੇ ਦੌਰਾਨ ਪ੍ਰਯਾਗਰਾਜ ਲਈ 16 ਨੰਬਰ ਤੋਂ ਰਵਾਨਾ ਹੋਣ ਵਾਲੀ ਵਿਸ਼ੇਸ਼ ਰੇਲ ਗੱਡੀ ਫੜਨ ਲਈ ਮਚੀ ਆਪੋਧਾਪੀ ਨਾਲ ਸਥਿਤੀ ਬੇਕਾਬੂ ਹੋ ਗਈ ਤੇ 18 ਲੋਕਾਂ ਦੀ ਜਾਨ ਚਲੀ ਗਈ। ਹਾਦਸੇ ਤੋਂ ਬਾਅਦ ਤਿੰਨ ਕੁੰਭ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਗਈਆਂ।
ਰਾਤ ਕਰੀਬ 12 ਵਜੇ ਤੋਂ ਬਾਅਦ ਭੀੜ ਘੱਟ ਹੋਣ ਨਾਲ ਸਥਿਤੀ ਆਮ ਹੋ ਸਕੀ। ਐਤਵਾਰ ਨੂੰ ਨਵੀਂ ਦਿੱਲੀ ਤੇ ਆਨੰਦ ਵਿਹਾਰ ਟਰਮੀਨਲ ’ਤੇ ਯਾਤਰੀਆਂ ਦੀ ਭੀੜ ਲੱਗੀ ਰਹੀ। ਇਸ ਨੂੰ ਦੇਖਦੇ ਹੋਏ ਚਾਰ ਕੁੰਭ ਮੇਲਾ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਐਲਾਨ ਕੀਤਾ ਗਿਆ। ਦੋਵਾਂ ਸਟੇਸ਼ਨਾਂ ’ਤੇ ਭੀੜ ਪ੍ਰਬੰਧਨ ਤੇ ਸੁਰੱਖਿਆ ਲਈ ਕਦਮ ਚੁੱਕੇ ਗਏ ਹਨ। ਪਹਿਲਾਂ ਦੇ ਮੁਕਾਬਲੇ ਆਰਪੀਐੱਫ ਦੇ ਜ਼ਿਆਦਾ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ।
ਇਸੇ ਦੌਰਾਨ ਐਲਾਨ ਹੋਇਆ ਕਿ ਪਲੇਟਫਾਰਮ 16 ਤੋਂ ਪ੍ਰਯਾਗਰਾਜ ਵਿਸ਼ੇਸ਼ ਰੇਲ ਗੱਡੀ ਰਵਾਨਾ ਹੋਵੇਗੀ, ਜਿਸ ਨਾਲ ਪਲੇਟਫਾਰਮ 12 ਤੇ 14, 15 ਤੋਂ 25 ਫੁੱਟ ਚੌੜੇ ਫੁੱਟਓਵਰ ਬ੍ਰਿਜ ਤੱਕ ਜਾਣ ਵਾਲੀ ਪੌੜੀ ’ਤੇ ਦਬਾਅ ਵਧ ਗਿਆ। ਇਕ ਦੋ ਯਾਤਰੀਆਂ ਦੇ ਡਿੱਗਣ ਨਾਲ ਭਗਦੜ ਮਚ ਗਈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਪ੍ਰਯਾਗਰਾਜ ਵਿਸ਼ੇਸ਼ ਤੇ ਪ੍ਰਯਾਗਰਾਜ ਐਕਸਪ੍ਰੈੱਸ ਬਾਰੇ ਭਰਮ ਹੋਣ ਕਾਰਨ ਕਈ ਲੋਕ ਪਲੇਟਫਾਰਮ 16 ’ਤੇ ਜਾਣ ਲੱਗੇ ਤੇ ਇਸ ਨਾਲ ਵੀ ਪੌੜੀ ’ਤੇ ਦਬਾਅ ਵੱਧ ਗਿਆ।
ਇਸ ਤਰ੍ਹਾਂ ਪਲੇਟਫਾਰਮ 14 ’ਤੇ ਮਚੀ ਭਗਦੜ
ਪਲੇਟਫਾਰਮ ਨੰਬਰ 12 ਤੋਂ ਸ਼ਿਵਗੰਗਾ ਐਕਸਪ੍ਰੈੱਸ ਰਾਤ ਕਰੀਬ ਸਵਾ ਅੱਠ ਵਜੇ ਚਲੀ ਗਈ ਸੀ ਤੇ ਵੱਡੀ ਗਿਮਤੀ ’ਚ ਪ੍ਰਯਾਗਰਾਜ ਵੱਲ ਜਾਣ ਵਾਲੇ ਯਾਤਰੀ ਰਹਿ ਗਏ ਸਨ। ਪਲੇਟਫਾਰਮ ਨੰਬਰ 14 ਤੋਂ ਮਗਧ ਐਕਸਪ੍ਰੈੱਸ ਗਈ ਸੀ, ਪਰ ਉਸ ਦੇ ਜਾਣ ਤੋਂ ਬਾਅਦ ਵੀ ਵੱਡੀ ਗਿਣਤੀ ’ਚ ਪ੍ਰਯਾਗਰਾਜ ਜਾਣ ਵਾਲੇ ਯਾਤਰੀ ਇਸ ਪਲੇਟਫਾਰਮ ’ਤੇ ਰਹਿ ਗਏ ਸਨ।
ਪਲੇਟਫਾਰਮ ਨੰਬਰ 14/15 ਤੋਂ ਪ੍ਰਯਾਗਰਾਜ ਐਕਸਪ੍ਰੈੱਸ ਤੇ ਵਾਰਾਣਸੀ ਸੁਪਰਫਾਸ ਐਕਸਪ੍ਰੈੱਸ ਜਾਣੀ ਸੀ। ਇਸ ਦੇ ਯਾਤਰੀ ਪਲੇਟਫਾਰਮ ’ਤੇ ਮੌਜੂਦ ਸਨ ਤੇ ਅਜਮੇਰੀ ਗੇਟ ਵੱਲ ਯਾਨੀ ਪਲੇਟਫਾਰਮ 16 ਤੋਂ ਇਸ ਪਲੇਟਫਾਰਮ ਤੱਕ ਪਹੁੰਚ ਰਹੇ ਸਨ।