ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲਈ ਤਰੀਕਾਂ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਸਿਆਸੀ ਗਤੀਵਿਧੀਆਂ ਤੇਜ਼ ਹੋ ਗਈਆਂ ਹਨ।
ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲਈ ਅਜੇ ਤਰੀਕਾਂ ਦਾ ਐਲਾਨ ਨਹੀਂ ਹੋਇਆ ਹੈ ਪਰ ਉਸ ਤੋਂ ਪਹਿਲਾਂ ਹੀ ਸਿਆਸੀ ਪਾਰਟੀਆਂ ਦੇ ਆਗੂ ਮੈਦਾਨ ਵਿੱਚ ਐਕਟਿਵ ਹੋ ਗਏ ਹਨ ਅਤੇ ਕਈ ਥਾਵਾਂ ਤੇ ਹੰਗਾਮਾ ਹੋਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਤਾਜ਼ਾ ਮਾਮਲਾ ਵਾਰਡ ਨੰਬਰ 61, ਕ੍ਰਿਸ਼ਨਾ ਨਗਰ ਤੋਂ ਸਾਹਮਣੇ ਆਇਆ ਹੈ। ਇਲਾਕੇ ਦੇ ਕੁਝ ਲੋਕ ਗਲੀਆਂ ਅਤੇ ਮੁਹੱਲਿਆਂ ਵਿੱਚ ਘੁੰਮ ਕੇ ਲੋਕਾਂ ਦੀਆਂ ਵੋਟਾਂ ਦੀ ਪੁਸ਼ਟੀ ਕਰ ਰਹੇ ਸਨ। ਇਸ ਦੌਰਾਨ ਉਹਨਾਂ ਨੂੰ ਕੁਝ ਕਾਂਗਰਸੀਆਂ ਨੇ ਰੋਕ ਲਿਆ।
ਕਾਂਗਰਸੀ ਲੀਡਰਾਂ ਨੇ ਇਲਜ਼ਾਮ ਲਗਾਇਆ ਕਿ ਸੱਤਾ ਵਿੱਚ ਬੈਠੇ ਲੋਕ ਲੋਕਾਂ ਦੇ ਘਰਾਂ ਵਿੱਚ ਵੜ ਕੇ ਉਨ੍ਹਾਂ ਦੇ ਨਿੱਜੀ ਵੇਰਵੇ ਇਕੱਠੇ ਕਰ ਰਹੇ ਹਨ। ਨਗਰ ਨਿਗਮ ਚੋਣਾਂ ਵਾਂਗ, ਇਸ ਵਾਰ ਵੀ ਪੱਛਮੀ ਹਲਕੇ ਵਿੱਚ ਕਾਂਗਰਸੀ ਵੋਟਰਾਂ ਦੀਆਂ ਵੋਟਾਂ ਕੱਟਣ ਦੀ ਯੋਜਨਾ ਬਣਾਈ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਕਾਂਗਰਸੀ ਆਗੂ ਇੰਦਰਜੀਤ ਇੰਦੀ ਅਤੇ ਮਮਤਾ ਆਸ਼ੂ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਵਿੱਚ ਕੁਝ ਲੋਕ ਆਪਣੇ ਆਪ ਨੂੰ ਚੇਅਰਮੈਨ ਦੱਸ ਕੇ ਲੋਕਾਂ ਦੀ ਨਿੱਜੀ ਜਾਣਕਾਰੀ ਇਕੱਠੀ ਕਰ ਰਹੇ ਹਨ। ਲੋਕਾਂ ਤੋਂ ਪੁੱਛਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਘਰ ਵਿੱਚ ਕੌਣ-ਕੌਣ ਰਹਿੰਦੇ ਹਨ। ਉਹਨਾਂ ਦੇ ਕਿੰਨੇ ਬੱਚੇ ਲੁਧਿਆਣਾ ਜਾਂ ਵਿਦੇਸ਼ ਵਿੱਚ ਰਹਿੰਦੇ ਹਨ? ਲੋਕਾਂ ਤੋਂ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਉਹ ਕਿਸ ਨੂੰ ਵੋਟ ਪਾਉਣਗੇ।
ਸਸਤੀ ਮਸ਼ਹੂਰੀ ਨਾ ਕਰੋ, ਕੰਮਾਂ ਵਿੱਚ ਦਿਓ ਧਿਆਨ- ਪੱਪੀ
ਓਧਰ ਹਲਕਾ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਾਂਗਰਸੀ ਲੀਡਰਾਂ ਤੇ ਪਲਟਵਾਰ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਨੇ 70 ਸਾਲ ਰਾਜ ਭੋਗਿਆ ਹੈ ਅਤੇ ਜੋ ਉਹਨਾਂ ਨੇ ਖੁਦ ਕੀਤਾ ਹੈ ਉਹੀ ਦੂਜਿਆਂ ਬਾਰੇ ਸੋਚਦੇ ਹਨ। ਪੱਪੀ ਨੇ ਕਿਹਾ ਕਿ ਆਸ਼ੂ ਅਤੇ ਹੋਰਨਾਂ ਕਾਂਗਰਸੀ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਸਸਤੀ ਮਸ਼ਹੂਰੀ ਨਾ ਕਰਨ, ਸਗੋਂ ਜੋ ਕੀਤਾ ਹੈ ਲੋਕਾਂ ਵਿੱਚ ਜਾ ਕੇ ਦੱਸੇ ਉਹ ਦੱਸ।
ਪੱਪੀ ਨੇ ਇਲਜ਼ਾਮ ਲਗਾਇਆ ਕਿ ਭਾਰਤ ਭੂਸ਼ਣ ਆਸ਼ੂ ਚਾਹੁੰਦੇ ਹਨ ਕਿ ਉਹ ਇਕੱਲੇ ਹੀ ਦੌੜ ਵਿੱਚ ਦੌੜਨ ਅਤੇ ਪਹਿਲੇ ਨੰਬਰ ਤੇ ਆਉਣ। ਪੱਪੀ ਨੇ ਕਿਹਾ ਕਿ ਆਸ਼ੂ ਵਿਰੋਧੀ ਪਾਰਟੀਆਂ ਤੋਂ ਡਰ ਰਹੇ ਹਨ। ਪੱਪੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਨਤਾ ਨੂੰ ਜਵਾਹਦੇਹ ਹੈ।