ਦਿੱਲੀ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਮਗਰੋਂ ਪੰਜਾਬ ਕਾਂਗਰਸ ਐਕਟਿਵ ਹੋ ਗਈ ਹੈ।
ਦਿੱਲੀ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਮਗਰੋਂ ਪੰਜਾਬ ਕਾਂਗਰਸ ਐਕਟਿਵ ਹੋ ਗਈ ਹੈ। ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦਾ ਬੁਰਾ ਹਾਲ ਹੋਣ ਕਰਕੇ ਕਾਂਗਰਸ ਨੂੰ ਪੰਜਾਬ ਦੀ ਸੱਤਾ ਉਪਰ ਮੁੜ ਕਾਬਜ਼ ਹੋਣ ਦੀ ਪੂਰੀ ਉਮੀਦ ਹੈ। ਇਸੇ ਲਈ ਵਿਧਾਨ ਸਭਾ ਚੋਣਾਂ ਤੋਂ ਦੋ ਸਾਲ ਪਹਿਲਾਂ ਹੀ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਟੱਕਰ ਦੇਣ ਲਈ ਖਾਸ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਕਾਂਗਰਸ ਆਮ ਆਦਮੀ ਪਾਰਟੀ ਦੀ ਤਰਜ਼ ਉਪਰ ਨਵੇਂ ਚਿਹਰਿਆਂ ਨੂੰ ਮੈਦਾਨ ਵਿੱਚ ਲਿਆਉਣ ਦੀ ਤਿਆਰੀ ਕਰ ਰਹੀ ਹੈ।
ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੰਜਾਬ ਕਾਂਗਰਸ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਘੱਟੋ-ਘੱਟ 60-70 ਨਵੇਂ ਚਿਹਰਿਆਂ ਦੀ ਚੋਣ ਕਰੇਗੀ। ਖਬਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਪੰਜਾਬ ਯੂਥ ਕਾਂਗਰਸ ਦੀ ਸੂਬਾ ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੜਿੰਗ ਨੇ ਕਿਹਾ, ‘‘ਪੰਜਾਬ ਕਾਂਗਰਸ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਧਾਇਕ ਉਮੀਦਵਾਰਾਂ ਵਜੋਂ ਸੂਬੇ ਦੀ ਨੁਮਾਇੰਦਗੀ ਕਰਨ ਲਈ ਘੱਟੋ-ਘੱਟ 60-70 ਨਵੇਂ ਚਿਹਰਿਆਂ ਨੂੰ ਲਿਆਉਣ ਲਈ ਦ੍ਰਿੜ ਹੈ। ਇਹ ਸਾਡੀ ਸਿਆਸੀ ਲੀਡਰਸ਼ਿਪ ਨੂੰ ਮੁੜ ਸੁਰਜੀਤ ਕਰਨ ਤੇ ਇਹ ਯਕੀਨੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੋਵੇਗਾ ਕਿ ਪੰਜਾਬ ਦੇ ਲੋਕਾਂ ਦੀਆਂ ਇੱਛਾਵਾਂ ਦੀ ਨੁਮਾਇੰਦਗੀ ਅਜਿਹੇ ਆਗੂਆਂ ਵੱਲੋਂ ਕੀਤੀ ਜਾਵੇ ਜੋ ਗਤੀਸ਼ੀਲ, ਵਚਨਬੱਧ ਤੇ ਸੂਬੇ ਦੀਆਂ ਲੋੜਾਂ ਮੁਤਾਬਕ ਹੋਣ।’’
ਰਾਜਾ ਵੜਿੰਗ ਨੇ ਕਿਹਾ, ‘‘ਇਹ ਨਵੇਂ ਚਿਹਰੇ ਨਾ ਸਿਰਫ਼ ਤਬਦੀਲੀ ਦਾ ਪ੍ਰਤੀਕ ਹੋਣਗੇ ਸਗੋਂ ਪੰਜਾਬ ਦੇ ਨੌਜਵਾਨਾਂ ਤੇ ਆਮ ਲੋਕਾਂ ਦੇ ਵਿਸ਼ਵਾਸ ਤੇ ਉਮੀਦਾਂ ਨੂੰ ਵੀ ਦਰਸਾਉਂਦੇ ਹਨ।’’ ਉਨ੍ਹਾਂ ਯੂਥ ਕਾਂਗਰਸ ਦੇ ਮੈਂਬਰਾਂ ਨੂੰ ਇਸ ਮੌਕੇ ਨੂੰ ਅਟੁੱਟ ਵਚਨਬੱਧਤਾ ਨਾਲ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਕੋਸ਼ਿਸ਼ਾਂ ਭਵਿੱਖ ਵਿੱਚ ਇੱਕ ਮਜ਼ਬੂਤ, ਵਧੇਰੇ ਸਮਾਵੇਸ਼ੀ ਅਤੇ ਸੰਯੁਕਤ ਪੰਜਾਬ ਦੀ ਨੀਂਹ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ, ‘‘ਇਹ ਤੁਹਾਡੇ ਲਈ ਖ਼ੁਦ ਨੂੰ ਸਾਬਤ ਕਰਨ ਤੇ ਪੰਜਾਬ ਦੇ ਲੋਕਾਂ ਨੂੰ ਦਿਖਾਉਣ ਦਾ ਮੌਕਾ ਹੈ ਕਿ ਅਸੀਂ ਅਸਲ ਅਤੇ ਅਰਥਪੂਰਨ ਤਬਦੀਲੀ ਲਈ ਵਚਨਬੱਧ ਹਾਂ।’’
ਉਨ੍ਹਾਂ ਕਿਹਾ, ‘‘ਅਗਲੀਆਂ ਚੋਣਾਂ ਤੋਂ ਪਹਿਲਾਂ ਸਾਡੇ ਕੋਲ ਸਿਰਫ਼ ਦੋ ਸਾਲ ਬਾਕੀ ਹਨ ਤੇ ਇਹ ਸਮਾਂ ਹੈ ਕਿ ਅਸੀਂ ਲੋਕਾਂ ਦੀਆਂ ਚਿੰਤਾਵਾਂ ਨੂੰ ਮੁਖਾਤਿਬ ਹੋ ਕੇ ਉਨ੍ਹਾਂ ਦੇ ਅਧਿਕਾਰਾਂ ਲਈ ਦ੍ਰਿੜਤਾ ਨਾਲ ਖੜ੍ਹੇ ਹੋ ਕੇ ਆਪਣੀ ਯੋਗਤਾ ਸਾਬਤ ਕਰੀਏ।’’ ਉਨ੍ਹਾਂ ਇਕੱਠ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਨੌਜਵਾਨ ਆਗੂਆਂ ਨੂੰ ਸਿਆਸੀ ਖੇਤਰ ਵਿੱਚ ਵਧਣ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਇੰਡੀਅਨ ਯੂਥ ਕਾਂਗਰਸ (ਆਈਵਾਈਸੀ) ਦੇ ਪ੍ਰਧਾਨ ਉਦੈ ਭਾਨੂ ਚਿਬ ਨੇ ਪੰਜਾਬ ਦੇ ਯੂਥ ਕਾਂਗਰਸ ਵਲੰਟੀਅਰਾਂ ਨੂੰ 2027 ਦੀਆਂ ਚੋਣਾਂ ਲਈ ਤਿਆਰ ਰਹਿਣ ਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਸ਼ਾਸਨ ਨੂੰ ਬਾਹਰ ਕੱਢਣ ਦਾ ਸੱਦਾ ਦਿੱਤਾ। ਚਿਬ ਨੇ ਯੂਥ ਕਾਂਗਰਸ ਨੂੰ ਪਾਰਟੀ ਦੀ ਰੀੜ੍ਹ ਦੀ ਹੱਡੀ ਕਿਹਾ ਕਿਉਂਕਿ ਇਹ ਹਰ ਸਿਆਸੀ ਲੜਾਈ ਵਿੱਚ ਅੱਗੇ ਵਧਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸੱਤ ਸੀਟਾਂ ਜਿੱਤ ਕੇ ਪੰਜਾਬ ਵਿੱਚ ਆਪਣੀ ਤਾਕਤ ਮੁੜ ਪ੍ਰਾਪਤ ਕੀਤੀ।