ਸੜਕ ਤੋਂ ਲੰਘ ਰਿਹਾ ਓਵਰਲੋਡ ਟਰੱਕ ਪਹਿਲਾਂ ਬਿਜਲੀ ਦੀਆਂ ਤਾਰਾਂ ਨੂੰ ਤੋੜਦਾ ਹੈ ਅਤੇ ਫਿਰ ਕੁਝ ਮੀਟਰ ਦੀ ਦੂਰੀ ‘ਤੇ ਬਿਜਲੀ ਦੇ ਖੰਭੇ ਨੂੰ ਤੋੜ ਦਿੰਦਾ ਹੈ।
ਜਲੰਧਰ ਵਿੱਚ ਓਵਰਲੋਡਿਡ ਟਰੱਕਾਂ ਦਾ ਕਹਿਰ ਜਾਰੀ ਹੈ। ਪ੍ਰਸ਼ਾਸਨ ਵੱਲੋਂ ਆਵਾਜਾਈ ਦੇ ਸਮੇਂ ਨਿਰਧਾਰਤ ਕੀਤੇ ਜਾਣ ਦੇ ਬਾਵਜੂਦ, ਓਵਰਲੋਡ ਟਰੱਕਾਂ ਕਾਰਨ ਹਾਦਸਿਆਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲੇ ਵਿੱਚ, ਕਾਲੀਆ ਕਲੋਨੀ ਵਿੱਚ ਇੱਕ ਓਵਰਲੋਡਿਡ ਟਰੱਕ ਨੇ ਬਿਜਲੀ ਦਾ ਖੰਭਾ ਤੋੜ ਦਿੱਤਾ। ਇਸ ਤੋਂ ਬਾਅਦ ਉਹ ਟਰੱਕ ਡਰਾਈਵਰ ਮੌਕੇ ਤੇ ਫਰਾਰ ਹੋ ਗਿਆ। ਇਸ ਤੋਂ ਇਲਾਵਾ ਹਾਦਸੇ ਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਹਾਦਸੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੜਕ ਤੋਂ ਲੰਘ ਰਿਹਾ ਓਵਰਲੋਡ ਟਰੱਕ ਪਹਿਲਾਂ ਬਿਜਲੀ ਦੀਆਂ ਤਾਰਾਂ ਨੂੰ ਤੋੜਦਾ ਹੈ ਅਤੇ ਫਿਰ ਕੁਝ ਮੀਟਰ ਦੀ ਦੂਰੀ ‘ਤੇ ਬਿਜਲੀ ਦੇ ਖੰਭੇ ਨੂੰ ਤੋੜ ਦਿੰਦਾ ਹੈ। ਖੰਭਾ ਟੁੱਟ ਕੇ ਟਰੱਕ ਉੱਤੇ ਡਿੱਗਦਾ ਹੈ ਅਤੇ ਤਾਰਾਂ ਵਿੱਚ ਚੰਗਿਆੜੀਆਂ ਅਤੇ ਸ਼ਾਰਟ ਸਰਕਟ ਕਾਰਨ ਪਟਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ। ਆਵਾਜ਼ਾਂ ਸੁਣ ਕੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਜਾਂਦੇ ਹਨ।
ਇਸ ਘਟਨਾ ਨੂੰ ਲੈ ਕੇ ਲੋਕਾਂ ਵਿੱਚ ਅਚਾਨਕ ਹੰਗਾਮਾ ਹੋ ਗਿਆ। ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਬਿਜਲੀ ਦਾ ਖੰਭਾ ਤੋੜਨ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੇ ਸਮੇਂ ਐਕਟਿਵਾ ਸਵਾਰ ਲੋਕ ਟਰੱਕ ਤੋਂ ਕੁਝ ਦੂਰੀ ‘ਤੇ ਸਨ, ਖੁਸ਼ਕਿਸਮਤੀ ਨਾਲ ਉਨ੍ਹਾਂ ਨੂੰ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਲੋਕਾਂ ਦਾ ਕਹਿਣਾ ਹੈ ਕਿ ਓਵਰਲੋਡਿਡ ਟਰੱਕਾਂ ਸਬੰਧੀ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਹਨ, ਪਰ ਕੋਈ ਹੱਲ ਨਹੀਂ ਨਿਕਲਿਆ। ਓਵਰਲੋਡਿਡ ਟਰੱਕਾਂ ਕਾਰਨ ਹਰ ਰੋਜ਼ ਨੁਕਸਾਨ ਹੋ ਰਿਹਾ ਹੈ। ਇਸ ਵੇਲੇ, ਇੱਕ ਬਿਜਲੀ ਦਾ ਖੰਭਾ ਡਿੱਗਣ ਕਾਰਨ, ਦੇਰ ਰਾਤ ਤੋਂ ਇਲਾਕੇ ਵਿੱਚ ਬਿਜਲੀ ਬੰਦ ਹੈ। ਬਿਜਲੀ ਵਿਭਾਗ ਨੂੰ ਅੱਜ ਸਵੇਰੇ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।