ਅੰਮ੍ਰਿਤਸਰ ਦੇ ਖੰਡਵਾਲਾ ਇਲਾਕੇ ਵਿੱਚ ਠਾਕੁਰਦੁਆਰਾ ਮੰਦਰ ‘ਤੇ ਹੋਏ ਗ੍ਰਨੇਡ ਹਮਲੇ ਦੇ ਮੁਲਜ਼ਮਾਂ ਨੂੰ ਪੁਲਿਸ ਨੇ ਐਨਕਾਉਂਟਰ ਵਿੱਚ ਜ਼ਖ਼ਮੀ ਕੀਤਾ ਹੈ।
ਅੰਮ੍ਰਿਤਸਰ ਦੇ ਮੰਦਰ ‘ਤੇ ਗ੍ਰਨੇਡ ਸੁੱਟਣ ਵਾਲਿਆਂ ਨਾਲ ਮੁਕਾਬਲਾ ਹੋਇਆ ਹੈ। ਇਹ ਮੁਕਾਬਲਾ ਏਅਰਪੋਰਟ ਰੋਡ ‘ਤੇ ਹੋਟਲ ਰੈਡੀਸਨ ਨੇੜੇ ਹੋਇਆ। ਦੋਵੇਂ ਮੁਲਜ਼ਮਾਂ ਨੂੰ ਗੋਲੀ ਲੱਗਣ ਮਗਰੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਗੁਰਸਿਦਕ ਉਰਫ਼ ਸਿੱਦੀਕੀ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਬੱਲ, ਅੰਮ੍ਰਿਤਸਰ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਫਿਲਹਾਲ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਅੰਮ੍ਰਿਤਸਰ ਦੇ ਖੰਡਵਾਲਾ ਇਲਾਕੇ ਵਿੱਚ ਸਥਿਤ ਠਾਕੁਰਦੁਆਰਾ ਮੰਦਰ ਵਿੱਚ ਧਮਾਕਾ ਹੋਇਆ ਸੀ। ਸੀਸੀਟੀਵੀ ਤੋਂ ਸਾਫ਼ ਦਿਖਾਈ ਦੇ ਰਿਹਾ ਸੀ ਕਿ ਹਮਲਾਵਰ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨ ਸਨ, ਜਿਨ੍ਹਾਂ ਨੇ ਬੰਬ ਵਰਗੀ ਕੋਈ ਚੀਜ਼ ਸੁੱਟ ਕੇ ਮੰਦਰ ‘ਤੇ ਹਮਲਾ ਕੀਤਾ।
ਪੰਜਾਬ ਪੁਲਿਸ ਨੇ ਐਨਕਾਊਂਟਰ ‘ਤੇ ਕੀ ਕਿਹਾ?
ਮੁਕਾਬਲੇ ਬਾਰੇ ਪੰਜਾਬ ਪੁਲਿਸ ਨੇ ਕਿਹਾ ਕਿ ਮੁੱਖ ਮੁਲਜ਼ਮ ਗੁਰਸਿਦਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਜਦੋਂ ਕਿ ਇੱਕ ਹੋਰ ਦੋਸ਼ੀ ਜ਼ਖਮੀ ਹੋ ਗਿਆ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਅੱਜ ਸਵੇਰੇ ਮੁਲਜ਼ਮਾਂ ਬਾਰੇ ਖਾਸ ਜਾਣਕਾਰੀ ਮਿਲੀ ਕਿ ਉਹ ਰਾਜਾਸਾਂਸੀ ਦੇ ਇਲਾਕੇ ਵਿੱਚ ਘੁੰਮ ਰਹੇ ਹਨ। ਸੀਆਈਏ ਅਤੇ ਐਸਐਚਓ ਛੇਹਰਟਾ ਪੁਲਿਸ ਟੀਮ ਉਨ੍ਹਾਂ ਨੂੰ ਫੜਨ ਲਈ ਉੱਥੇ ਪਹੁੰਚੀ।
ਜਦੋਂ ਐਸਐਚਓ ਛੇਹਰਟਾ ਨੇ ਮੁਲਜ਼ਮ ਦੇ ਮੋਟਰਸਾਈਕਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਆਪਣਾ ਮੋਟਰਸਾਈਕਲ ਛੱਡ ਦਿੱਤਾ ਅਤੇ ਪੁਲਿਸ ਟੀਮ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਦੌਰਾਨ ਇੱਕ ਗੋਲੀ ਕਾਂਸਟੇਬਲ ਗੁਰਪ੍ਰੀਤ ਸਿੰਘ ਦੇ ਖੱਬੇ ਹੱਥ ਵਿੱਚ, ਇੱਕ ਗੋਲੀ ਇੰਸਪੈਕਟਰ ਅਮੋਲਕ ਸਿੰਘ ਦੀ ਪੱਗ ਵਿੱਚ ਅਤੇ ਇੱਕ ਗੋਲੀ ਪੁਲਿਸ ਦੀ ਗੱਡੀ ਵਿੱਚ ਲੱਗੀ। ਇੰਸਪੈਕਟਰ ਵਿਨੋਦ ਕੁਮਾਰ ਨੇ ਸਵੈ-ਰੱਖਿਆ ਵਿੱਚ ਆਪਣੀ ਪਿਸਤੌਲ ਤੋਂ ਗੋਲੀ ਚਲਾਈ; ਗੋਲੀ ਗੁਰਸਿਦਕ ਨੂੰ ਲੱਗੀ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਵਿਸ਼ਾਲ ਸਮੇਤ ਹੋਰ ਮੁਲਜ਼ਮ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ।
ਗੁਰਪ੍ਰੀਤ ਸਿੰਘ ਅਤੇ ਗੁਰਸਿਦਕ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਗੁਰਸਿਦਕ ਦੀ ਹਸਪਤਾਲ ਵਿੱਚ ਮੌਤ ਹੋ ਗਈ। ਹਮਲਾਵਰਾਂ ਦੇ ਪਾਕਿਸਤਾਨ ਅਤੇ ਆਈਐਸਆਈ ਨਾਲ ਸਬੰਧਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।