ਅਸਾਮ ਦੀ ਡਿੱਬਰੂਗੜ੍ਹ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪੰਜਾਬ ਵਾਪਸੀ ਦਾ ਰਾਹ ਸਾਫ਼ ਹੋ ਗਿਆ ਹੈ।
ਅਸਾਮ ਦੀ ਡਿੱਬਰੂਗੜ੍ਹ ਜੇਲ੍ਹ ਵਿੱਚ ਬੰਦ ਵਾਰਸ ਏ ਪੰਜਾਬ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪੰਜਾਬ ਵਾਪਸੀ ਦਾ ਰਾਹ ਸਾਫ਼ ਹੋ ਗਿਆ ਹੈ। ਉਹਨਾਂ ਨੂੰ ਜਲਦ ਹੀ ਪੰਜਾਬ ਲਿਆਂਦਾ ਜਾਵੇਗਾ।
ਇਸ ਸਬੰਧੀ ਇੱਕ ਟੀਮ ਅੰਮ੍ਰਿਤਸਰ ਤੋਂ ਅਸਾਮ ਲਈ ਰਵਾਨਾ ਹੋ ਗਈ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਉਹਨਾਂ ਉੱਪਰ ਲੱਗੇ NSA ਨੂੰ ਅੱਗੇ ਨਹੀਂ ਵਧਾਇਆ ਹੈ।
ਅੰਮ੍ਰਿਤਪਾਲ ਸਿੰਘ ਉੱਪਰ ਲੱਗੇ ਕੌਮੀ ਸੁਰੱਖਿਆ ਐਕਟ (NSA) ਦੀ ਮਿਆਦ 22 ਅਪ੍ਰੈਲ ਨੂੰ ਖ਼ਤਮ ਹੋ ਜਾਵੇਗੀ। ਇਸ ਨੂੰ ਅੱਗੇ ਵਧਾਉਣ ਲਈ ਫਿਲਹਾਲ ਕੋਈ ਨੋਟਿਸ ਜਾਰੀ ਨਹੀਂ ਕੀਤਾ ਗਿਆ ਹੈ।
ਜਿਸ ਤੋਂ ਬਾਅਦ ਮੰਨਿਆ ਜਾ ਸਕਦਾ ਹੈ ਕਿ ਅੰਮ੍ਰਿਤਪਾਲ ਨੂੰ ਪੰਜਾਬ ਵਾਪਿਸ ਲਿਆਕੇ ਉਹਨਾਂ ਨੂੰ ਅਜਨਾਲਾ ਕਾਂਡ ਮਾਮਲੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ।
9 ਸਾਥੀਆਂ ਦੀ ਹੋਈ ਵਾਪਸੀ
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ, ਜਿਨ੍ਹਾਂ ਦਾ NSA ਖਤਮ ਹੋ ਰਿਹਾ ਸੀ, ਨੂੰ ਪੰਜਾਬ ਪੁਲਿਸ ਨੇ ਅਜਨਾਲਾ ਅਦਾਲਤ ਵਿੱਚ ਪੇਸ਼ ਕੀਤਾ ਸੀ ਅਤੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ।
ਜਿਸ ਤੋਂ ਬਾਅਦ ਪੱਪਲਪ੍ਰੀਤ ਨੂੰ ਵੀ ਅਜਨਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉਸਦਾ ਰਿਮਾਂਡ ਪ੍ਰਾਪਤ ਕੀਤਾ ਗਿਆ। ਇਨ੍ਹਾਂ ਸਾਰਿਆਂ ਵਿਰੁੱਧ ਅਜਨਾਲਾ ਅਦਾਲਤ ਵਿੱਚ ਐਫਆਈਆਰ ਨੰਬਰ 39 ਦਰਜ ਕੀਤੀ ਗਈ ਸੀ ਅਤੇ ਉਸ ਤਹਿਤ ਉਨ੍ਹਾਂ ਨੂੰ ਅਜਨਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।