ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਭਾਈਚਾਰਕ ਸਾਂਝ ਅਤੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਲੋਕਾਂ ਨੂੰ ਭਗਵਾਨ ਸ਼੍ਰੀ ਰਾਮ ਵੱਲੋਂ ਦਰਸਾਏ ਮਾਰਗ ‘ਤੇ ਚੱਲਣ ਦਾ ਸੱਦਾ ਦਿੱਤਾ।
ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਭਾਈਚਾਰਕ ਸਾਂਝ ਅਤੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਲੋਕਾਂ ਨੂੰ ਭਗਵਾਨ ਸ਼੍ਰੀ ਰਾਮ ਵੱਲੋਂ ਦਰਸਾਏ ਮਾਰਗ ‘ਤੇ ਚੱਲਣ ਦਾ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਰਮਨ ਅਰੋੜਾ, ਸੀਨੀਅਰ ‘ਆਪ’ ਆਗੂ ਪਵਨ ਕੁਮਾਰ ਟੀਨੂੰ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਰਾਮ ਨੌਮੀ ਦੇ ਤਿਉਹਾਰ ਦੀ ਵਧਾਈ ਦਿੱਤੀ।
ਸ਼੍ਰੀ ਦੇਵੀ ਤਲਾਬ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸ਼ੀਤਲ ਵਿੱਜ ਦੀ ਅਗਵਾਈ ਵਿੱਚ ਰਾਮਨੌਮੀ ਦੀ ਪੂਰਵ ਸੰਧਿਆ ‘ਤੇ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿੱਚ ਸਾਰੇ ਵਰਗਾਂ ਦੇ ਲੋਕਾਂ ਨੇ ਹਿੱਸਾ ਲਿਆ। ਸ਼੍ਰੀ ਅਰੋੜਾ ਨੇ ਸ਼ੀਤਲ ਵਿੱਜ ਦੀ ਅਗਵਾਈ ਵਾਲੀ ਸ਼੍ਰੀ ਦੇਵੀ ਤਲਾਬ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਇਸ ਤਿਉਹਾਰ ਨੂੰ ਮਨਾਉਣ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।
ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਨੇ ਸਪੱਸ਼ਟ ਕਿਹਾ ਕਿ ਇਸ ਕਮੇਟੀ ਦਾ ਇਹ ਯਤਨ ਭਗਵਾਨ ਸ਼੍ਰੀ ਰਾਮ ਦੀ ਸ਼ਾਨਦਾਰ ਵਿਰਾਸਤ ਨੂੰ ਕਾਇਮ ਰੱਖਣ ਦੇ ਨਾਲ-ਨਾਲ ਸਮਾਜ ਦੇ ਮੁੱਢਲੇ ਤਾਣੇ-ਬਾਣੇ ਨੂੰ ਵੀ ਮਜ਼ਬੂਤ ਕਰੇਗਾ। ਉਨ੍ਹਾਂ ਨੇ ਰਾਮਨੌਮੀ ਦੀ ਪੂਰਵ ਸੰਧਿਆ ‘ਤੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਖਾਸ ਕਰ ਨੌਜਵਾਨ ਵਰਗ ਨੂੰ ਆਦਰਸ਼ ਸਮਾਜ ਦੇ ਨਿਰਮਾਣ ਲਈ ਭਗਵਾਨ ਸ਼੍ਰੀ ਰਾਮ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸ਼੍ਰੀ ਦੇਵੀ ਤਲਾਬ ਮੰਦਰ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੰਦਿਆਂ ਸ਼੍ਰੀ ਅਰੋੜਾ ਨੇ ਕਿਹਾ ਕਿ ਉਹ ਬੜੇ ਭਾਗਾਂ ਵਾਲੇ ਹਨ ਕਿ ਉਨ੍ਹਾਂ ਨੂੰ ਸ਼੍ਰੀ ਰਾਮਨੌਮੀ ਦੀ ਪੂਰਵ ਸੰਧਿਆ ‘ਤੇ ਨਵਰਾਤਿਆਂ ਵਿੱਚ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ।
ਉਨ੍ਹਾਂ ਨੇ ਆਧੁਨਿਕ ਸਮਾਜ ਵਿੱਚ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਭਗਵਾਨ ਸ਼੍ਰੀ ਰਾਮ ਜੀ ਦੀਆਂ ਸਿੱਖਿਆਵਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਇਸ ਤੋਂ ਪਹਿਲਾਂ ਸ਼੍ਰੀ ਦੇਵੀ ਤਲਾਬ ਮੰਦਰ ਪ੍ਰਬੰਧਕ ਕਮੇਟੀ ਦੇ ਮੁਖੀ ਸ਼ੀਤਲ ਵਿੱਜ ਵੱਲੋਂ ਕਮੇਟੀ ਮੈਂਬਰਾਂ ਦੇ ਨਾਲ ਇਸ ਪਵਿੱਤਰ ਮੌਕੇ ਕੈਬਨਿਟ ਮੰਤਰੀ ਅਤੇ ਹੋਰਨਾਂ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ।