Bhagwant Mann ਨੇ ਆਪਣੇ ਐਕਸ ਅਕਾਊਂਟ ‘ਤੇ ਲਿਖਿਆ ਹੈ ਕਿ ਸਾਡੀ ਫੌਜ ਦੇ ਨਿਰਦੇਸ਼ਾਂ ਅਨੁਸਾਰ, ਅਸੀਂ ਆਮ ਲੋਕਾਂ ਨੂੰ ਅਪੀਲ ਕਰਦੇ ਹਾਂ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨਿੱਚਰਵਾਰ ਨੂੰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਮਿਜ਼ਾਈਲ ਜਾਂ ਡਰੋਨ ਹਮਲੇ ਵਾਲੀ ਥਾਂ ‘ਤੇ ਜਲਦੀ ਨਾ ਜਾਣ ਅਤੇ ਅਣਪਛਾਤੇ ਮਲਬੇ ਨੂੰ ਛੂਹਣ ਤੋਂ ਗੁਰੇਜ਼ ਕਰਨ, ਜਦੋਂ ਤੱਕ ਫੌਜ ਦੇ ਅਧਿਕਾਰੀਆਂ ਦੁਆਰਾ ਇਸ ਨੂੰ ਨਕਾਰਾ ਨਹੀਂ ਕਰ ਲਿਆ ਜਾਂਦਾ।
ਲੋਕਾਂ ਨੂੰ ਭਾਵੁਕ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਡਰੋਨ ਜਾਂ ਮਿਜ਼ਾਈਲ ਦਾ ਕੋਈ ਵੀ ਹਿੱਸਾ ਮਿਲਦਾ ਹੈ, ਲੋਕਾਂ ਨੂੰ ਉਸ ਥਾਂ ਜਲਦੀ ਨਹੀਂ ਜਾਣਾ ਚਾਹੀਦਾ ਕਿਉਂਕਿ ਇਹ ਨਕਾਰਾ ਹੋਣ ਤੋਂ ਪਹਿਲਾਂ ਨੁਕਸਾਨਦੇਹ ਹੋ ਸਕਦਾ ਹੈ। ਆਮ ਲੋਕਾਂ ਤੋਂ ਪੂਰਨ ਸਹਿਯੋਗ ਦੀ ਮੰਗ ਕਰਦਿਆਂ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਹ ਕੋਈ ਮਿਜ਼ਾਈਲ ਜਾਂ ਬੈਲਿਸਟਿਕ ਸਮੱਗਰੀ ਦੇਖਦੇ ਹਨ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਅਜਿਹੀਆਂ ਖਤਰਨਾਕ ਵਸਤੂਆਂ ਦੇ ਨੇੜੇ ਜਾਣ ਜਾਂ ਛੂਹਣ ਤੋਂ ਸੁਚੇਤ ਕੀਤਾ ਕਿਉਂਕਿ ਇਹ ਘਾਤਕ ਹੋ ਸਕਦੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪਾਕਿਸਤਾਨ ਵਿਰੁੱਧ ਇਸ ਜੰਗ ਵਿੱਚ ਭਾਰਤੀ ਹਥਿਆਰਬੰਦ ਸੈਨਾਵਾਂ ਨੂੰ ਹਰ ਸੰਭਵ ਮਦਦ ਦੇ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਾਕਿਸਤਾਨ ਦਾ ਦੋਹਰਾ ਚਿਹਰਾ ਨੰਗਾ ਹੋ ਗਿਆ ਹੈ ਕਿਉਂਕਿ ਉਹ ਹਥਿਆਰਾਂ ਦੀ ਵਰਤੋਂ ਤੇਜ਼ ਕਰ ਕੇ ਆਮ ਆਦਮੀ ਨੂੰ ਨਿਸ਼ਾਨਾ ਬਣਾ ਰਿਹਾ ਹੈ ਅਤੇ ਦੂਜੇ ਪਾਸੇ ਸ਼ਾਂਤੀ ਦੀ ਗੱਲ ਕਰ ਰਿਹਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਅੱਗੇ ਹੋ ਕੇ ਅਗਵਾਈ ਕਰੇਗਾ ਅਤੇ ਹਮੇਸ਼ਾ ਵਾਂਗ ਅਸੀਂ ਦੇਸ਼ ਲਈ ਹਰ ਕੁਰਬਾਨੀ ਦੇਵਾਂਗੇ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਬਹਾਦਰ ਹਨ ਅਤੇ ਪੰਜਾਬੀਆਂ ਨੇ ਹਮੇਸ਼ਾ ਦੇਸ਼ ਦੀ ਖੜਗ ਭੁਜਾ ਵਾਂਗ ਕੰਮ ਕੀਤਾ ਹੈ ਅਤੇ ਇਹ ਸਮਾਂ ਵੀ ਕੋਈ ਵੱਖਰਾ ਨਹੀਂ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਰਤੀ ਫੌਜਾਂ ਨੇ ਪਾਕਿਸਤਾਨ ਵਿੱਚ ਚੱਲ ਰਹੇ ਅਤਿਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਹੈ, ਜਦੋਂ ਕਿ ਸਾਡਾ ਗੁਆਂਢੀ ਦੇਸ਼ ਰਿਹਾਇਸ਼ੀ ਇਲਾਕਿਆਂ ‘ਤੇ ਹਮਲਾ ਕਰ ਰਿਹਾ ਹੈ। ਸੂਬੇ ਦੇ ਸਿਵਲ ਅਤੇ ਫੌਜੀ ਖੇਤਰਾਂ ਨੂੰ ਨਿਸ਼ਾਨਾ ਬਣਾਉਣ ਲਈ ਪਾਕਿਸਤਾਨ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਇੱਕ ਕਾਇਰਤਾਪੂਰਨ ਕਾਰਵਾਈ ਹੈ ਕਿਉਂਕਿ ਗੁਆਂਢੀ ਦੇਸ਼ ਬੇਦੋਸ਼ਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੀਆਂ ਹਥਿਆਰਬੰਦ ਫੌਜਾਂ ਪਾਕਿਸਤਾਨ ਦੀਆਂ ਅਜਿਹੀਆਂ ਕਾਰਵਾਈਆਂ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਪੂਰੀ ਤਰ੍ਹਾਂ ਸਮਰੱਥ ਹਨ ਅਤੇ ਇਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਧਾਰਮਿਕ ਸਹਿਣਸ਼ੀਲਤਾ, ਏਕਤਾ ਅਤੇ ਭਾਈਚਾਰਕ ਸਾਂਝ ਦਾ ਪ੍ਰਗਟਾਵਾ ਕਰਕੇ ਇਨ੍ਹਾਂ ਹਾਲਾਤ ਵਿੱਚ ਸੰਜਮ ਵਰਤਣ ਦੀ ਅਪੀਲ ਵੀ ਕੀਤੀ। ਪੰਜਾਬ ਦੀ ਬਹਾਦਰੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸੂਬਾ ਭਾਰਤੀ ਫੌਜ ਦੇ ਨਾਲ ਡਟ ਕੇ ਨਾਲ ਖੜ੍ਹਾ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਪਹਿਰਾ ਦੇ ਰਹੀਆਂ ਹਥਿਆਰਬੰਦ ਸੈਨਾਵਾਂ ਨੂੰ ਪਹਿਲਾਂ ਹੀ ਹਰ ਸੰਭਵ ਮਦਦ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸਰਹੱਦਾਂ ‘ਤੇ ਡਰੋਨਾਂ ਰਾਹੀਂ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਐਂਟੀ-ਡਰੋਨ ਸਿਸਟਮ ਖਰੀਦਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਾਕਿਸਤਾਨ ਨਾਲ ਲੱਗਦੀ 532 ਕਿਲੋਮੀਟਰ ਸਰਹੱਦ ‘ਤੇ ਐਂਟੀ-ਡਰੋਨ ਸਿਸਟਮ ਲਾਏ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਵਿਵਸਥਾ ਡਰੋਨਾਂ ਰਾਹੀਂ ਸਰਹੱਦ ‘ਤੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਰੋਕਣ ਵਿੱਚ ਮਦਦ ਕਰੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਹੱਦ ‘ਤੇ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਇਸ ਨੇਕ ਉਪਰਾਲੇ ਲਈ ਸੂਬਾ ਸਰਕਾਰ ਵੱਲੋਂ 51.41 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਇਸ ਯੁੱਧ ਵਿੱਚ ਹਥਿਆਰਬੰਦ ਸੈਨਾਵਾਂ ਵੱਲੋਂ ਮੰਗੀ ਗਈ ਕਿਸੇ ਵੀ ਹੋਰ ਮਦਦ ਨੂੰ ਵੀ ਸੂਬਾ ਸਰਕਾਰ ਹਰ ਤਰੀਕੇ ਨਾਲ ਪੂਰਾ ਕਰੇਗੀ।