ਮੁੰਬਈ ਤੋਂ ਮਸਕਟ ਜਾ ਰਹੀ ਇੰਡੀਗੋ ਦੀ ਫਲਾਈਟ 6E 1275 ਅਤੇ ਮੁੰਬਈ ਤੋਂ ਜੇਦਾਹ ਜਾ ਰਹੀ ਇੰਡੀਗੋ ਦੀ ਫਲਾਈਟ 6E 56 ਨੂੰ ਬੰਬ ਦੀ ਧਮਕੀ ਦਿੱਤੀ ਗਈ ਸੀ। ਇੰਡੀਗੋ ਦੀਆਂ ਦੋਵੇਂ ਉਡਾਣਾਂ ਵਿੱਚ 258 ਯਾਤਰੀ ਸਵਾਰ ਸਨ। ਹਾਲਾਂਕਿ ਜਾਂਚ ਤੋਂ ਬਾਅਦ ਫਲਾਈਟਾਂ ਨੂੰ ਮੁੜ ਉਨ੍ਹਾਂ ਦੀ ਮੰਜ਼ਿਲ ‘ਤੇ ਭੇਜ ਦਿੱਤਾ ਗਿਆ। ਬਿਊਰੋ ਆਫ ਸਿਵਲ ਏਵੀਏਸ਼ਨ ਸਕਿਓਰਿਟੀ (ਬੀ.ਸੀ.ਏ.ਐੱਸ.) ਦੇ ਮੁਤਾਬਕ ਕੁੱਲ ਤਿੰਨ ਜਹਾਜ਼ਾਂ ਨੂੰ ਬੰਬ ਦੀ ਧਮਕੀ ਮਿਲੀ ਹੈ।
ਇੰਡੀਗੋ ਨੇ ਕੀ ਕਿਹਾ
ਇੰਡੀਗੋ ਦੇ ਬੁਲਾਰੇ ਅਨੁਸਾਰ ਜਿਵੇਂ ਹੀ ਇਨ੍ਹਾਂ ਦੋਵਾਂ ਜਹਾਜ਼ਾਂ ਨੂੰ ਬੰਬ ਦੀ ਧਮਕੀ ਮਿਲੀ, ਸੁਰੱਖਿਆ ਪ੍ਰੋਟੋਕੋਲ ਅਨੁਸਾਰ ਦੋਵਾਂ ਨੂੰ ਤੁਰੰਤ ਹਵਾਈ ਅੱਡੇ ਤੋਂ ਵੱਖਰੇ ਖੇਤਰ ਵਿੱਚ ਲਿਜਾਇਆ ਗਿਆ। ਇਸ ਤੋਂ ਬਾਅਦ ਜਹਾਜ਼ ਦੀ ਜਾਂਚ ਕੀਤੀ ਗਈ।
ਹਵਾਈ ਅੱਡੇ ਦੀ ਸੁਰੱਖਿਆ ਟੀਮ, ਬੰਬ ਨਿਰੋਧਕ ਦਸਤਾ ਅਤੇ ਹੋਰ ਸਬੰਧਤ ਏਜੰਸੀਆਂ ਇਸ ਪ੍ਰਕਿਰਿਆ ਵਿੱਚ ਸ਼ਾਮਲ ਸਨ। ਇੰਡੀਗੋ ਨੇ ਕਿਹਾ ਹੈ ਕਿ ਯਾਤਰੀਆਂ ਦੀ ਸੁਰੱਖਿਆ ਉਨ੍ਹਾਂ ਦੀ ਪਹਿਲ ਹੈ, ਅਤੇ ਇਹ ਯਕੀਨੀ ਬਣਾਉਣ ਲਈ ਹਰ ਕਦਮ ਚੁੱਕਿਆ ਜਾ ਰਿਹਾ ਹੈ ਕਿ ਯਾਤਰੀਆਂ ਨੂੰ ਕੋਈ ਨੁਕਸਾਨ ਨਾ ਪਹੁੰਚੇ।
ਏਅਰ ਇੰਡੀਆ ਦੀ ਫਲਾਈਟ ‘ਚ 135 ਯਾਤਰੀ ਸਵਾਰ
ਬੰਬ ਦੀ ਧਮਕੀ ਮਿਲਣ ਤੋਂ ਬਾਅਦ ਏਅਰ ਇੰਡੀਆ ਦੀ ਫਲਾਈਟ ਦੀ ਵੀ ਜਾਂਚ ਕੀਤੀ ਗਈ। ਫਲਾਈਟ ਨੂੰ ਵੱਖਰੇ ਰਨਵੇ ‘ਤੇ ਮੋੜ ਦਿੱਤਾ ਗਿਆ। ਕਈ ਘੰਟਿਆਂ ਤੱਕ ਉਡਾਣਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਏਅਰ ਇੰਡੀਆ ਦੀ ਉਡਾਣ ਏਆਈ 657 ਵਿੱਚ 135 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ।
ਸੋਸ਼ਲ ਮੀਡੀਆ ‘ਤੇ ਦਿੱਤੀ ਗਈ ਸੀ ਧਮਕੀ
ਜ਼ਿਕਰਯੋਗ ਹੈ ਕਿ ਅੱਜ ਸਵੇਰੇ (14 ਅਕਤੂਬਰ) ਫਜ਼ਲੂਦੀਨ ਨਾਮ ਦੇ ਅਕਾਊਂਟ ਰਾਹੀਂ ਰੇਲ ਗੱਡੀਆਂ ਅਤੇ ਜਹਾਜ਼ਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਪੋਸਟ ‘ਚ ਲਿਖਿਆ ਸੀ, ” ਅੱਜ ਸਵੇਰੇ ਖੂਨ ਦੇ ਹੰਝੂ ਰੋਵੇਗੀ, ਹਿੰਦੁਸਤਾਨੀ ਰੇਲਵੇ? ਅੱਜ ਫਲਾਈਟ ਅਤੇ ਟਰੇਨ 12809 ‘ਚ ‘ਚ ਬੰਬ ਲਗਾਇਆ ਹੈ, ਨਾਸਿਕ ਪਹੁੰਚਣ ਤੋਂ ਪਹਿਲਾਂ ਵੱਡਾ ਧਮਾਕਾ ਹੋਵੇਗਾ।”