ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੱਧੂ ਨੇ ਪੰਜਾਬ ਦੀ ਹੱਦ ਅੰਦਰ ਹਰਿਆਣਾ ਪੁਲਿਸ ਤੇ ਰਿਜ਼ਰਵ ਫੋਰਸਾਂ ਵੱਲੋਂ ਸੁੱਟੇ ਜਾ ਰਹੇ ਅੱਥਰੂ ਗੈਸ ਦੇ ਗੋਲੇ ਤੇ ਫਾਇਰਿੰਗ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸਿੱਧੂ ਨੇ ਇਹ ਮੰਗ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਰੱਖੀ ਹੈ। ਸਿੱਧੂ ਨੇ ਸੀਐਮ ਮਾਨ ਨੂੰ ਪੰਜਾਬ ਦੀਆਂ ਸਰਹੱਦਾਂ ਦੀ ਰਾਖੀ ਲਈ ਕਾਰਵਾਈ ਕਰਨ ਲਈ ਕਿਹਾ ਹੈ। ਨਵਜੋਤ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਕਰਦਿਆਂ ਕਿਹਾ- ਪੰਜਾਬ ਸਰਕਾਰ ਨੂੰ ਆਪਣੀ ਖੇਤਰੀ ਪ੍ਰਭੂਸੱਤਾ ਦੀ ਰੱਖਿਆ ਕਰਨੀ ਚਾਹੀਦੀ ਹੈ। ਸਾਡੀ ਧਰਤੀ ‘ਤੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਪੰਜਾਬੀਆਂ ‘ਤੇ ਹਮਲਾ/ਜ਼ਖਮੀ ਕਰਨ ਦੇ ਹਰਿਆਣਾ ਦੇ ਯਤਨਾਂ ਨੂੰ ਨਾਕਾਮ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਸਾਡੇ ਸੰਘੀ ਢਾਂਚੇ ਨੂੰ ਮਮਤਾ ਬੈਨਰਜੀ ਵਾਂਗ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ। ਜਦੋਂ ਬੰਗਾਲ ‘ਤੇ ਹਮਲਾ ਕੀਤਾ ਗਿਆ ਸੀ, ਤਾਂ ਉਨ੍ਹਾਂ ਨੇ ਸੀਬੀਆਈ ਅਧਿਕਾਰੀਆਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ। ਭਗਵੰਤ ਮਾਨ ਨੂੰ ਵੀ ਉਹੀ ਕਰਨਾ ਚਾਹੀਦਾ ਹੈ ਜੋ ਸਿੱਧਾਰਮਈਆ ਨੇ ਕੇਰਲਾ ਤੇ ਤੇਲੰਗਾਨਾ ਨਾਲ ਜੰਤਰ-ਮੰਤਰ ‘ਤੇ ਕੀਤਾ ਸੀ। ਦੱਸ ਦਈਏ ਕਿ 13 ਫਰਵਰੀ ਨੂੰ ਸਵੇਰੇ 10 ਵਜੇ ਤੋਂ ਹਰਿਆਣਾ ਵੱਲ ਵਧ ਰਹੇ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ। ਕਿਸਾਨਾਂ ਵੱਲੋਂ ਸੀਜ਼ਫਾਇਰ ਤੋਂ ਬਾਅਦ ਵੀ ਰਾਤ 2 ਵਜੇ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ। ਇੰਨਾ ਹੀ ਨਹੀਂ ਹਰਿਆਣਾ ਪੁਲਿਸ ਤੇ ਅਰਧ ਸੈਨਿਕ ਬਲਾਂ ਵੱਲੋਂ ਗੋਲੇ ਦਾਗਣ ਲਈ ਡ੍ਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ। ਨਵਜੋਤ ਸਿੱਧੂ ਦਾ ਇਹ ਵੀ ਕਹਿਣਾ ਹੈ ਕਿ ਕਿਸਾਨ ਅੱਜ ਵੀ ਪੰਜਾਬ ਦੀ ਧਰਤੀ ‘ਤੇ ਮੌਜੂਦ ਹਨ। ਪੰਜਾਬ ਦੀ ਧਰਤੀ ‘ਤੇ ਖੜ੍ਹੇ ਕਿਸਾਨਾਂ ‘ਤੇ ਹਰਿਆਣਾ ਇਹ ਕਾਰਵਾਈ ਕਰ ਰਿਹਾ ਹੈ। ਹਰਿਆਣਾ ਪੁਲਿਸ ਤੇ ਅਰਧ ਸੈਨਿਕ ਬਲਾਂ ਵੱਲੋਂ ਪੰਜਾਬ ਦੀ ਧਰਤੀ ‘ਤੇ ਗੋਲੇ ਦਾਗੇ ਜਾ ਰਹੇ ਹਨ ਤੇ ਫਾਇਰਿੰਗ ਕੀਤੀ ਜਾ ਰਹੀ ਹੈ। ਇਸ ‘ਤੇ ਕਾਰਵਾਈ ਦੀ ਲੋੜ ਹੈ।





