ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੀ ਹੈਰੀਟੇਜ ਸਟ੍ਰੀਟ ਪ੍ਰੀ-ਵੈਡਿੰਗ ਫੋਟੋਸ਼ੂਟ ਲਈ ਹਾਟਸਪੌਟ ਬਣ ਗਈ ਹੈ। ਨਵੇਂ ਜੋੜੇ ਜੋ ਵਿਆਹ ਦੇ ਬੰਧਨ ‘ਚ ਬੱਝਣ ਵਾਲੇ ਹੁੰਦੇ ਹਨ, ਉਹ ਇਸ ਇਤਿਹਾਸਕ ਖ਼ੇਤਰ ‘ਚ ਹਰ ਰੋਜ਼ ਇੱਕ ਫੋਟੋਗ੍ਰਾਫ਼ਰ ਨਾਲ ਦੇਖੇ ਜਾ ਰਹੇ ਹਨ।
ਸ਼ਰਧਾਲੂਆਂ ਦੀ ਭੀੜ ਤੋਂ ਬਚਣ ਲਈ ਸ਼ੂਟਿੰਗ ਆਮ ਤੌਰ ‘ਤੇ ਸਵੇਰੇ ਤੜਕੇ ਕੀਤੀ ਜਾਂਦੀ ਹੈ। ਉੱਥੇ ਹੀ ਇਕ ਫੋਟੋਗ੍ਰਾਫਰ ਦਾ ਕਹਿਣਾ ਹੈ ਕਿ ਜ਼ਿਆਦਾਤਰ ਜੋੜੇ ਇਸ ਲੋਕੇਸ਼ਨ ‘ਤੇ ਪ੍ਰੀ-ਵੈਡਿੰਗ ਸ਼ੂਟ ਕਰਨ ਲਈ ਕਹਿੰਦੇ ਹਨ, ਜਦੋਂ ਕਿ ਕਈ ਵਾਰ ਫੋਟੋਗ੍ਰਾਫਰ ਉਨ੍ਹਾਂ ਨੂੰ ਇੱਥੇ ਲੈ ਕੇ ਆਉਂਦੇ ਹਨ ਅਤੇ ਭੀੜ ਤੋਂ ਬਚਣ ਲਈ ਸਵੇਰੇ ਸ਼ੂਟ ਕੀਤਾ ਜਾਂਦਾ ਹੈ। ਸੂਤਰਾਂ ਮੁਤਾਬਕ ਇੱਕ ਕਾਰਕੁੰਨ ਮਨਮੋਹਨ ਸਿੰਘ ਨੇ ਮੰਗ ਕੀਤੀ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਐੱਸਜੀਪੀਸੀ ਨੂੰ ਕਹਿ ਕੇ ਇਨ੍ਹਾਂ ਪ੍ਰੀ-ਵੈਡਿੰਗ ਫੋਟੋਸ਼ੂਟ ‘ਤੇ ਪੱਕੇ ਤੌਰ ‘ਤੇ ਪਾਬੰਦੀ ਲਗਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਇਹ ਮਾਮਲਾ ਅਧਿਕਾਰੀਆਂ ਕੋਲ ਉਠਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ‘ਤੇ ਪ੍ਰਸ਼ਾਸਨ ਨਾਲ ਗੱਲ ਕੀਤੀ ਗਈ ਹੈ।
ਇਹ ਗੁਰੂ ਰਾਮਦਾਸ ਜੀ ਦੁਆਰਾ ਸਥਾਪਿਤ ਇੱਕ ਪਵਿੱਤਰ ਸਥਾਨ ਅਤੇ ਅਧਿਆਤਮਿਕਤਾ ਦਾ ਕੇਂਦਰ ਹੈ। ਸੰਗਤਾਂ ਇਸ ਅਸਥਾਨ ‘ਤੇ ਸ਼ਰਧਾ ਨਾਲ ਆਉਂਦੀਆਂ ਹਨ। ਪ੍ਰਸ਼ਾਸਨ ਨੂੰ ਇਸ ਨੂੰ ਸਮਝਣਾ ਚਾਹੀਦਾ ਹੈ ਅਤੇ ਇਸ ਵਰਤਾਰੇ ਨੂੰ ਬੰਦ ਕਰਨਾ ਚਾਹੀਦਾ ਹੈ।





