ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਦਾ ਰਹਿਣ ਵਾਲਾ ਸੋਨੂੰ CRP ‘ਚ ਤਾਇਨਾਤ ਹੈ ਤੇ ਉਸ ਦੀ ਪੋਸਟਿੰਗ ਪੰਜਾਬ ਤੋਂ ਬਾਹਰ ਹੈ।
ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ‘ਚ ਨਸ਼ੇ ਨਾਲ ਸਬੰਧਤ ਸਮੱਗਰੀ ਮਿਲਣ ਦਾ ਦਾਅਵਾ ਕਰਨ ਵਾਲੇ CRPF ਜਵਾਨ ਸੋਨੂੰ ਨੂੰ ਪੁਲਿਸ ਵੱਲੋਂ ਦੇਰ ਰਾਤ ਧਰਨੇ ‘ਚੋਂ ਜ਼ਬਰਦਸਤੀ ਚੁੱਕ ਕੇ ਲਿਜਾਣ ਦੇ ਇਲਜ਼ਾਮ ਲੱਗੇ ਹਨ। ਜਵਾਨ ਦੀ ਪਤਨੀ ਮੁਤਾਬਕ, ਰਾਤ ਕਰੀਬ 12 ਵੱਜ ਕੇ 33 ਮਿੰਟ ਤੇ ਪੁਲਿਸ ਸੋਨੂੰ ਨੂੰ ਗੱਡੀ ‘ਚ ਬਿਠਾ ਕੇ ਲੈ ਗਈ। ਇਸ ਤੋਂ ਬਾਅਦ ਉਸ ਦੀ ਪਤਨੀ ਸੜਕ ਤੇ ਬੈਠ ਕੇ ਆਪਣੇ ਪਤੀ ਨੂੰ ਛੱਡਣ ਦੀ ਗੁਹਾਰ ਲਗਾਉਂਦੀ ਰਹੀ।
ਹਸਪਤਾਲ ਦੇ ਬਾਥਰੂਮ ਚੋਂ ਨਸ਼ੇ ਨਾਲ ਸਬੰਧਤ ਸਮੱਗਰੀ ਮਿਲਣ ਦਾ ਦਾਅਵਾ
ਜਾਣਕਾਰੀ ਮੁਤਾਬਕ, ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਦਾ ਰਹਿਣ ਵਾਲਾ ਸੋਨੂੰ CRPF ‘ਚ ਤਾਇਨਾਤ ਹੈ ਤੇ ਉਸ ਦੀ ਪੋਸਟਿੰਗ ਪੰਜਾਬ ਤੋਂ ਬਾਹਰ ਹੈ। ਉਹ ਛੁੱਟੀ ਲੈ ਕੇ ਇਲਾਜ ਕਰਵਾਉਣ ਲਈ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ‘ਚ ਦਾਖ਼ਲ ਹੋਇਆ ਸੀ। ਸੋਨੂੰ ਨੇ ਦਾਅਵਾ ਕੀਤਾ ਕਿ ਹਸਪਤਾਲ ਦੇ ਵਾਰਡ ਦੇ ਬਾਥਰੂਮ ‘ਚੋਂ ਉਸ ਨੂੰ ਸਰਿੰਜਾਂ, ਨਸ਼ੇ ਦੀ ਵਰਤੋਂ ਨਾਲ ਸਬੰਧਤ ਲਿਫ਼ਾਫ਼ੇ ਤੇ 10 ਤੋਂ 12 ਲਾਈਟਰ ਮਿਲੇ ਸਨ। ਉਸ ਦਾ ਕਹਿਣਾ ਹੈ ਕਿ ਉਸ ਨੇ ਇਹ ਸਮੱਗਰੀ ਹਸਪਤਾਲ ਪ੍ਰਸ਼ਾਸਨ ਤੇ ਡਾਕਟਰਾਂ ਨੂੰ ਦਿਖਾਈ ਸੀ।
ਡਾਕਟਰਾਂ ‘ਤੇ ਦੁਰਵਿਵਹਾਰ ਦੇ ਇਲਜ਼ਾਮ
ਜਵਾਨ ਦਾ ਇਲਜ਼ਾਮ ਹੈ ਕਿ ਸ਼ਿਕਾਇਤ ਕਰਨ ਤੋਂ ਬਾਅਦ ਡਾਕਟਰਾਂ ਨੇ ਉਸ ਨਾਲ ਦੁਰਵਿਵਹਾਰ ਕੀਤਾ ਤੇ ਅਨੁਸ਼ਾਸਨਾਤਮਕ ਆਧਾਰ ਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ। ਇਸ ਤੋਂ ਬਾਅਦ ਸੋਨੂੰ ਤੇ ਉਸ ਦੀ ਪਤਨੀ ਹਸਪਤਾਲ ਦੇ ਮੁੱਖ ਗੇਟ ਤੇ ਧਰਨੇ ਤੇ ਬੈਠ ਗਏ। ਸੋਨੂੰ ਨੇ ਡੀਐੱਸਪੀ ਸੰਜੀਵ ਸਿੰਗਲਾ ਤੇ ਕੁੱਟਮਾਰ ਕਰਨ ਅਤੇ ਮੋਬਾਈਲ ਫ਼ੋਨ ਖੋਹਣ ਦੇ ਇਲਜ਼ਾਮ ਵੀ ਲਗਾਏ ਹਨ। ਉਸ ਨੇ ਸਬੰਧਤ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਪੁਲਿਸ ਦੇ ਅਧਿਕਾਰਤ ਪੱਖ ਦੀ ਉਡੀਕ
ਦੇਰ ਰਾਤ ਪੁਲਿਸ ਵੱਲੋਂ ਸੋਨੂੰ ਨੂੰ ਗੱਡੀ ‘ਚ ਲਿਜਾਣ ਤੋਂ ਬਾਅਦ ਉਸ ਦੀ ਪਤਨੀ ਹਸਪਤਾਲ ਦੇ ਬਾਹਰ ਮੁੱਖ ਸੜਕ ਤੇ ਬੈਠ ਗਈ ਤੇ ਆਪਣੇ ਪਤੀ ਨੂੰ ਜਲਦ ਰਿਹਾਅ ਕਰਨ ਦੀ ਮੰਗ ਕਰਨ ਲੱਗੀ। ਫਿਲਹਾਲ ਜਵਾਨ ਵੱਲੋਂ ਲਗਾਏ ਗਏ ਇਲਜ਼ਾਮਾਂ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ। ਇਸ ਮਾਮਲੇ ‘ਚ ਪੁਲਿਸ ਦਾ ਅਧਿਕਾਰਤ ਪੱਖ ਸਾਹਮਣੇ ਆਉਣਾ ਅਜੇ ਬਾਕੀ ਹੈ।