Saturday, September 5, 2026
Google search engine
Homelatest NewsLudhiana ‘ਚ ਅਮਰੀਕਾ ਭੇਜਣ ਦਾ ਝਾਂਸਾ ਦੇ 40 ਲੱਖ ਦੀ ਧੋਖਾਧੜੀ, ਮੁਲਜ਼ਮ...

Ludhiana ‘ਚ ਅਮਰੀਕਾ ਭੇਜਣ ਦਾ ਝਾਂਸਾ ਦੇ 40 ਲੱਖ ਦੀ ਧੋਖਾਧੜੀ, ਮੁਲਜ਼ਮ ਏਜੰਟ ਖ਼ਿਲਾਫ਼ FIR ਦਰਜ

ਲੁਧਿਆਣਾ ‘ਚ ਵਿਦੇਸ਼ ਭੇਜਣ ਦੇ ਝਾਂਸੇ ਹੇਠ ਧੋਖਾਧੜੀ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ।

ਲੁਧਿਆਣਾ ‘ਚ ਵਿਦੇਸ਼ ਭੇਜਣ ਦੇ ਝਾਂਸੇ ਹੇਠ ਧੋਖਾਧੜੀ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਨੂੰ ਅਮਰੀਕਾ ਭੇਜਣ ਦੇ ਨਾਂ ‘ਤੇ 40 ਲੱਖ ਰੁਪਏ ਦੀ ਵੱਡੀ ਠੱਗੀ ਮਾਰੀ ਗਈ। ਪੀੜਤ ਨੌਜਵਾਨ ਜਮਾਲਪੁਰ ਦੇ ਸੁਖਦੇਵ ਨਗਰ ਦਾ ਵਸਨੀਕ ਗੁਰਦੀਪ ਸਿੰਘ ਹੈ, ਜਿਸ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਆਰੋਪ ਲਾਇਆ ਕਿ ਟਰੈਵਲ ਏਜੰਟ ਨੇ ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚਾਉਣ ਦਾ ਭਰੋਸਾ ਦੇ ਕੇ ਉਸ ਕੋਲੋਂ ਲੱਖਾਂ ਰੁਪਏ ਬਟੋਰ ਲਏ। ਇਸ ਮਗਰੋਂ ਉਸ ਨੂੰ ਕੰਬੋਡੀਆ ਸਮੇਤ ਕਈ ਮੁਲਕਾਂ ਵਿੱਚ ਭਟਕਾਇਆ ਗਿਆ।
ਪੀੜਤ ਜਦੋਂ ਅਮਰੀਕਾ ਪਹੁੰਚਿਆ ਤਾਂ ਉਸ ਨੂੰ ਟੈਕਸਾਸ ਦੇ ਰਿਫਿਊਜੀ ਕੈਂਪ ਵਿੱਚ ਤਕਰੀਬਨ 10 ਮਹੀਨੇ ਬਿਤਾਉਣੇ ਪਏ, ਪਰ ਅੰਤ ਵਿੱਚ 25 ਜੂਨ 2025 ਨੂੰ ਅਮਰੀਕੀ ਪ੍ਰਸ਼ਾਸਨ ਵੱਲੋਂ ਉਸ ਨੂੰ ਡਿਪੋਰਟ ਕਰਕੇ ਵਾਪਸ ਭਾਰਤ ਭੇਜ ਦਿੱਤਾ ਗਿਆ। ਪੁਲਿਸ ਨੇ ਪਿੰਡ ਖੱਸਾਂ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਉਰਫ਼ ਗੋਰਾ ਵਿਰੁੱਧ ਥਾਣਾ ਜਮਾਲਪੁਰ ਵਿਖੇ ਆਈ.ਪੀ.ਸੀ. ਦੀ ਧਾਰਾ 420 ਤਹਿਤ ਕੇਸ ਦਰਜ ਕਰ ਲਿਆ ਹੈ।

ਮਾਮੇ ਨੇ ਕਰਵਾਈ ਸੀ ਮੁਲਜ਼ਮ ਏਜੰਟ ਨਾਲ ਮੁਲਾਕਾਤ

ਗੁਰਦੀਪ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਉਹ ਰੋਜ਼ੀ-ਰੋਟੀ ਖ਼ਾਤਰ ਬਾਹਰਲੇ ਮੁਲਕ ਜਾਣਾ ਚਾਹੁੰਦਾ ਸੀ। ਇਸ ਸਬੰਧੀ ਉਸ ਨੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਕੁਮਰਾਵਾਂ ਰਹਿੰਦੇ ਆਪਣੇ ਮਾਮੇ ਸੰਤੋਖ ਸਿੰਘ ਨਾਲ ਰਾਬਤਾ ਕਾਇਮ ਕੀਤਾ। ਮਾਮੇ ਨੇ ਉਸ ਦੀ ਗੱਲਬਾਤ ਪਿੰਡ ਖੱਸਾਂ ਦੇ ਵਸਨੀਕ ਰਾਕੇਸ਼ ਕੁਮਾਰ ਨਾਲ ਕਰਵਾਈ, ਜੋ ਪਿੰਡ ਕੁਮਰਾਵਾਂ ਵਿਖੇ ਕੱਪੜਿਆਂ ਦੀ ਦੁਕਾਨ ਚਲਾਉਣ ਦੇ ਨਾਲ-ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਦਾ ਧੰਦਾ ਵੀ ਕਰਦਾ ਸੀ। ਗੁਰਦੀਪ ਅਨੁਸਾਰ 15 ਅਗਸਤ 2023 ਨੂੰ ਉਹ ਆਪਣੇ ਪਿਤਾ ਨਾਲ ਰਾਕੇਸ਼ ਦੀ ਦੁਕਾਨ ‘ਤੇ ਪਹੁੰਚਿਆ। ਰਾਕੇਸ਼ ਨੇ ਦਾਅਵਾ ਕੀਤਾ ਕਿ ਉਹ ਪਹਿਲਾਂ ਵੀ ਕਈ ਨੌਜਵਾਨਾਂ ਨੂੰ ਵਿਦੇਸ਼ ਭੇਜ ਚੁੱਕਾ ਹੈ। ਸ਼ੁਰੂਆਤ ਵਿੱਚ ਉਸ ਨੇ ਅਮਰੀਕਾ ਭੇਜਣ ਬਦਲੇ 44 ਲੱਖ ਰੁਪਏ ਮੰਗੇ ਸਨ, ਪਰ ਆਪਸੀ ਗੱਲਬਾਤ ਮਗਰੋਂ ਸੌਦਾ 40 ਲੱਖ ਰੁਪਏ ਵਿੱਚ ਤੈਅ ਹੋ ਗਿਆ। ਪਹਿਲੀ ਕਿਸ਼ਤ ਵਜੋਂ ਰਾਕੇਸ਼ ਨੇ 2 ਲੱਖ ਰੁਪਏ ਨਕਦ, ਅਸਲ ਪਾਸਪੋਰਟ ਅਤੇ ਰਿਹਾਇਸ਼ੀ ਦਸਤਾਵੇਜ਼ ਲੈ ਲਏ।

ਕੰਬੋਡੀਆ ਭੇਜ ਕੇ ਵੱਖ-ਵੱਖ ਦੇਸ਼ਾਂ ‘ਚ ਘੁਮਾਇਆ

ਦਰਜ ਸ਼ਿਕਾਇਤ ਮੁਤਾਬਕ ਰਾਕੇਸ਼ ਨੇ ਗੁਰਦੀਪ ਨੂੰ ਝਾਂਸਾ ਦਿੱਤਾ ਕਿ ਉਸ ਨੂੰ ਕੰਬੋਡੀਆ ਦੇ ਰਸਤੇ ਅਮਰੀਕਾ ਦਾਖ਼ਲ ਕਰਵਾਇਆ ਜਾਵੇਗਾ। 29 ਅਗਸਤ 2023 ਨੂੰ ਗੁਰਦੀਪ ਦਿੱਲੀ ਏਅਰਪੋਰਟ ਤੋਂ ਰਵਾਨਾ ਹੋਇਆ। ਪਹਿਲਾਂ ਉਸ ਨੂੰ ਮੁੰਬਈ ਦੀ ਟਿਕਟ ਫੜਾਈ ਗਈ ਅਤੇ ਮੁੰਬਈ ਪਹੁੰਚਣ ਉਪਰੰਤ ਵਟਸਐਪ ਰਾਹੀਂ ਕੰਬੋਡੀਆ ਦੀ ਟਿਕਟ ਭੇਜੀ ਗਈ। ਗੁਰਦੀਪ ਨੇ ਦੋਸ਼ ਲਾਇਆ ਕਿ ਕੰਬੋਡੀਆ ਪਹੁੰਚਦਿਆਂ ਹੀ ਰਾਕੇਸ਼ ਨੇ 6 ਲੱਖ ਰੁਪਏ ਹੋਰ ਮੰਗੇ, ਜੋ ਉਸ ਦੇ ਪਿਤਾ ਅਤੇ ਮਾਮੇ ਨੇ ਮੁਲਜ਼ਮ ਨੂੰ ਅਦਾ ਕੀਤੇ।
ਇਸ ਤੋਂ ਬਾਅਦ ਏਜੰਟ ਦੇ ਸਾਥੀਆਂ ਨੇ ਉਸ ਨੂੰ ਵੱਖ-ਵੱਖ ਮੁਲਕਾਂ ਵਿੱਚੋਂ ਘੁਮਾਉਂਦੇ ਹੋਏ ਦੁਬਈ ਪਹੁੰਚਾ ਦਿੱਤਾ। ਉੱਥੋਂ ਰਾਕੇਸ਼ ਨੇ ਉਸ ਨੂੰ ਇਹ ਕਹਿ ਕੇ ਵਾਪਸ ਭਾਰਤ ਬੁਲਾ ਲਿਆ ਕਿ ਹੁਣ ਉਹ ਉਸ ਨੂੰ ਸਿੱਧਾ ਅਮਰੀਕਾ ਭੇਜੇਗਾ। ਗੁਰਦੀਪ 6 ਜਨਵਰੀ 2024 ਨੂੰ ਦੇਸ਼ ਪਰਤ ਆਇਆ। ਰਾਕੇਸ਼ ਨੇ ਮੁੜ ਉਸ ਦਾ ਪਾਸਪੋਰਟ ਤੇ ਕਾਗਜ਼ਾਤ ਆਪਣੇ ਕੋਲ ਰੱਖ ਲਏ। ਕਾਫ਼ੀ ਸਮਾਂ ਬੀਤਣ ‘ਤੇ ਵੀ ਜਦੋਂ ਗੱਲ ਅੱਗੇ ਨਾ ਤੁਰੀ ਤਾਂ ਗੁਰਦੀਪ ਨੇ ਅਸਲ ਖ਼ਰਚਾ ਕੱਟ ਕੇ ਬਾਕੀ ਰਕਮ ਅਤੇ ਦਸਤਾਵੇਜ਼ ਵਾਪਸ ਮੰਗੇ, ਪਰ ਏਜੰਟ ਟਾਲ-ਮਟੋਲ ਕਰਦਾ ਰਿਹਾ।

ਦੂਜੀ ਵਾਰ ਸੁਰੀਨਾਮ ਭੇਜਿਆ, ਫਿਰ ਮੰਗੇ 22 ਲੱਖ ਹੋਰ

ਪੀੜਤ ਨੇ ਦੱਸਿਆ ਕਿ 13 ਮਈ 2024 ਨੂੰ ਰਾਕੇਸ਼ ਨੇ ਉਸ ਨੂੰ ਮੁੜ ਦੱਖਣੀ ਅਮਰੀਕੀ ਦੇਸ਼ ਸੁਰੀਨਾਮ ਭੇਜ ਦਿੱਤਾ। ਇਸ ਉਪਰੰਤ ਉਸ ਦੇ ਪਿਤਾ ਨੇ ਕੁਮਰਾਵਾਂ ਵਿਖੇ ਸੰਤੋਖ ਸਿੰਘ ਦੇ ਘਰ ਰਾਕੇਸ਼ ਨੂੰ 13 ਲੱਖ ਰੁਪਏ ਸੌਂਪੇ। ਗੁਰਦੀਪ ਨੇ ਇਸ ਲੈਣ-ਦੇਣ ਦੀ ਵੀਡੀਓ ਫੁਟੇਜ ਵੀ ਪੁਲਿਸ ਨੂੰ ਸਬੂਤ ਵਜੋਂ ਪੇਸ਼ ਕੀਤੀ ਹੈ। ਸੁਰੀਨਾਮ ਤੋਂ ਉਸ ਨੂੰ ਗੁਆਟੇਮਾਲਾ ਭੇਜਿਆ ਗਿਆ, ਜਿੱਥੇ ਪਹੁੰਚਣ ‘ਤੇ ਰਾਕੇਸ਼ ਨੇ 15 ਲੱਖ ਰੁਪਏ ਦੀ ਹੋਰ ਮੰਗ ਕੀਤੀ। ਇਸ ਪਿੱਛੋਂ ਗੁਰਦੀਪ ਲਗਭਗ ਦੋ ਮਹੀਨੇ ਮੈਕਸੀਕੋ ਸਿਟੀ ਵਿੱਚ ਰਿਹਾ ਅਤੇ ਇਸ ਦੌਰਾਨ ਏਜੰਟ ਨੇ 4 ਲੱਖ ਰੁਪਏ ਹੋਰ ਵਸੂਲ ਲਏ, ਜੋ ਉਸ ਦੇ ਪਰਿਵਾਰ ਨੇ ਮਜਬੂਰੀਵੱਸ ਅਦਾ ਕੀਤੇ।

ਅਮਰੀਕਾ ਪਹੁੰਚਿਆ, ਟੈਕਸਾਸ ਕੈਂਪ ‘ਚ 10 ਮਹੀਨੇ ਬਿਤਾਏ

ਗੁਰਦੀਪ ਨੇ ਦੱਸਿਆ ਕਿ ਡੌਂਕੀ ਰਸਤੇ ਰਾਹੀਂ ਉਸ ਨੇ ਆਖ਼ਰਕਾਰ ਅਮਰੀਕੀ ਸਰਹੱਦ ਪਾਰ ਕੀਤੀ ਅਤੇ ਟੈਕਸਾਸ ਦੇ ਇੱਕ ਰਿਫਿਊਜੀ ਕੈਂਪ ਵਿੱਚ ਪਹੁੰਚ ਗਿਆ। ਉੱਥੇ ਉਹ ਤਕਰੀਬਨ 10 ਮਹੀਨੇ ਹਿਰਾਸਤ/ਕੈਂਪ ਵਿੱਚ ਰਿਹਾ। ਇਸ ਦੇ ਬਾਵਜੂਦ ਉਸ ਨੂੰ ਪੱਕੀ ਰਿਹਾਇਸ਼ ਜਾਂ ਐਂਟਰੀ ਨਾ ਮਿਲੀ ਅਤੇ ਅਮਰੀਕੀ ਅਧਿਕਾਰੀਆਂ ਨੇ 25 ਜੂਨ 2025 ਨੂੰ ਉਸ ਨੂੰ ਦੇਸ਼ ਨਿਕਾਲਾ ਦੇ ਕੇ ਭਾਰਤ ਵਾਪਸ ਭੇਜ ਦਿੱਤਾ। ਵਾਪਸ ਆਉਣ ਮਗਰੋਂ ਗੁਰਦੀਪ ਨੇ ਵਾਰ-ਵਾਰ ਆਪਣੀ ਮਿਹਨਤ ਦੀ ਕਮਾਈ ਵਾਪਸ ਮੰਗੀ, ਪਰ ਮੁਲਜ਼ਮ ਲਗਾਤਾਰ ਬਹਾਨੇ ਬਣਾਉਂਦਾ ਰਿਹਾ। ਪੀੜਤ ਮੁਤਾਬਕ ਵਾਪਸੀ ਨੂੰ ਕਰੀਬ ਇੱਕ ਸਾਲ ਹੋ ਜਾਣ ਦੇ ਬਾਵਜੂਦ ਉਸ ਨੂੰ ਕੋਈ ਪੈਸਾ ਵਾਪਸ ਨਹੀਂ ਕੀਤਾ ਗਿਆ।

ਜਾਂਚ ‘ਚ ਸ਼ਾਮਲ ਹੋਣ ਲਈ ਭੇਜੇ ਗਏ ਕਈ ਨੋਟਿਸ

ਪੁਲਿਸ ਵੱਲੋਂ ਰਾਕੇਸ਼ ਕੁਮਾਰ ਦੇ ਮੋਬਾਈਲ ਨੰਬਰ ‘ਤੇ ਵਾਰ-ਵਾਰ ਨੋਟਿਸ ਭੇਜ ਕੇ ਉਸ ਨੂੰ ਤਫ਼ਤੀਸ਼ ਵਿੱਚ ਸ਼ਾਮਲ ਹੋਣ ਦੇ ਹੁਕਮ ਦਿੱਤੇ ਗਏ। ਪੁਲਿਸ ਰਿਪੋਰਟ ਅਨੁਸਾਰ ਉਸ ਨੂੰ 23 ਅਪ੍ਰੈਲ, 13 ਮਈ, 22 ਮਈ, 9 ਜੂਨ ਅਤੇ 22 ਜੂਨ 2026 ਨੂੰ ਕਾਨੂੰਨੀ ਨੋਟਿਸ ਜਾਰੀ ਕੀਤੇ ਗਏ ਅਤੇ ਫ਼ੋਨ ‘ਤੇ ਵੀ ਸੰਪਰਕ ਕੀਤਾ ਗਿਆ, ਪਰ ਉਹ ਜਾਣਬੁੱਝ ਕੇ ਜਾਂਚ ਤੋਂ ਭੱਜਦਾ ਰਿਹਾ। ਜਾਂਚ ਅਧਿਕਾਰੀ ਏ.ਐੱਸ.ਆਈ. ਸਾਹਿਬ ਸਿੰਘ ਨੇ ਪੁਸ਼ਟੀ ਕੀਤੀ ਕਿ ਮੁਲਜ਼ਮ ਰਾਕੇਸ਼ ਕੁਮਾਰ ਉਰਫ਼ ਗੋਰਾ ਵਿਰੁੱਧ ਥਾਣਾ ਜਮਾਲਪੁਰ ਵਿਖੇ ਆਈ.ਪੀ.ਸੀ. ਦੀ ਧਾਰਾ 420 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਜਾਰੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments