ਸੋਨਮ ਵਾਂਗਚੁਕ ਨੂੰ 21 ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ ਸਫਦਰਜੰਗ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਦੇ 21ਵੇਂ ਦਿਨ ਸੋਨਮ ਵਾਂਗਚੁਕ ਨੂੰ ਸ਼ਨੀਵਾਰ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ‘ਚ ਲਿਜਾਇਆ ਗਿਆ। ਉਨ੍ਹਾਂ ਦੀ ਪਤਨੀ, ਗੀਤਾਂਜਲੀ ਜੇ. ਆਂਗਮੋ ਨੇ ਕਿਹਾ ਕਿ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਵਾਂਗਚੁਕ ਨੂੰ ਕੋਈ ਡਾਕਟਰੀ ਇਲਾਜ ਨਹੀਂ ਦਿੱਤਾ ਜਾਣਾ ਚਾਹੀਦਾ। ਜੰਤਰ-ਮੰਤਰ ਵਿਖੇ ਵਿਰੋਧ ਪ੍ਰਦਰਸ਼ਨ ਵਾਲੀ ਥਾਂ ਤੋਂ ਵਾਂਗਚੁਕ ਨੂੰ ਲਿਜਾਏ ਜਾਣ ਤੋਂ ਬਾਅਦ ਆਂਗਮੋ ਨੇ ਕਿਹਾ, “ਉਹ ਸਫਦਰਜੰਗ ਹਸਪਤਾਲ ‘ਚ ਹੈ। ਮੈਂ ਉਨ੍ਹਾਂ ਨੂੰ ਮੇਰੀ ਮਨਜ਼ੂਰੀ ਤੋਂ ਬਿਨਾਂ ਉਨ੍ਹਾਂ ਨੂੰ ਕੁਝ ਵੀ ਦੇਣ ਤੋਂ ਮਨ੍ਹਾ ਕੀਤਾ ਹੈ।”
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਕੋਈ ਵੀ ਇਲਾਜ ਸ਼ੁਰੂ ਨਹੀਂ ਹੋਣਾ ਚਾਹੀਦਾ। ਜੇਕਰ ਕੁਝ ਹੁੰਦਾ ਹੈ, ਤਾਂ ਹਰ ਕੋਈ ਜ਼ਿੰਮੇਵਾਰ ਹੋਵੇਗਾ। ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਪੋਸਟ ‘ਚ, ਉਨ੍ਹਾਂ ਨੇ ਲਿਖਿਆ, “ਮੈਂ ਦਿੱਲੀ ਦੇ ਸਫਦਰਜੰਗ ਹਸਪਤਾਲ ‘ਚ ਹਾਂ ਜਿੱਥੇ ਵਾਂਗਚੁਕ ਨੂੰ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੇ ਪਰਿਵਾਰ ਤੇ ਪਿਛਲੇ 20 ਦਿਨਾਂ ਤੋਂ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੇ ਡਾਕਟਰਾਂ ਦੀ ਪ੍ਰਵਾਨਗੀ ਤੋਂ ਬਿਨਾਂ ਮੂੰਹ ਰਾਹੀਂ ਜਾਂ ਨਾੜੀ ਰਾਹੀਂ ਉਨ੍ਹਾਂ ਨੂੰ ਕੁਝ ਵੀ ਨਹੀਂ ਦਿੱਤਾ ਜਾਣਾ ਚਾਹੀਦਾ।”
‘ਇਹ ਮੇਰਾ ਅਧਿਕਾਰ ਹੈ’
ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਨ ਦੇ ਫੈਸਲੇ ‘ਤੇ ਸਵਾਲ ਉਠਾਉਂਦੇ ਹੋਏ, ਪਤਨੀ ਆਂਗਮੋ ਨੇ ਕਿਹਾ ਕਿ ਵਾਂਗਚੁਕ ਸ਼ੁੱਕਰਵਾਰ ਨੂੰ ਠੀਕ ਜਾਪਦੇ ਸਨ। ਉਨ੍ਹਾਂ ਨੂੰ ਹਸਪਤਾਲ ਲਿਆਉਣ ਦੀ ਕੋਈ ਲੋੜ ਨਹੀਂ ਸੀ। “ਇਹ ਧਾਰਾ 32 ਦੇ ਤਹਿਤ ਮੇਰਾ ਅਧਿਕਾਰ ਹੈ। ਮੇਰੀ ਤੇ ਉਨ੍ਹਾਂ ਦੇ ਡਾਕਟਰ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਨੂੰ ਕੋਈ ਦਵਾਈ ਜਾਂ ਇਲਾਜ ਨਹੀਂ ਦਿੱਤਾ ਜਾ ਸਕਦਾ।”
ਡੀਸੀਪੀ ਨੇ ਕੀ ਕਿਹਾ?
ਨਵੀਂ ਦਿੱਲੀ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਡੀਸੀਪੀ) ਨੇ ਕਿਹਾ ਕਿ ਵਾਂਗਚੁਕ ਦੀ ਸਿਹਤ ਵਿਗੜਨ ਕਾਰਨ, ਉਨ੍ਹਾਂ ਨੂੰ ਮਾਹਿਰ ਡਾਕਟਰੀ ਸਲਾਹ ਤੇ ਦਿੱਲੀ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ‘ਚ ਜ਼ਰੂਰੀ ਡਾਕਟਰੀ ਦੇਖਭਾਲ ਲਈ ਹਸਪਤਾਲ ‘ਚ ਸ਼ਿਫਟ ਕੀਤਾ ਗਿਆ ਹੈ।
ਡੀਸੀਪੀ ਨੇ ਕਿਹਾ, “ਮਾਨਯੋਗ ਹਾਈ ਕੋਰਟ ਦੇ ਹੁਕਮਾਂ ਤੇ ਡਾਕਟਰੀ ਮਾਹਿਰਾਂ ਦੀ ਸਲਾਹ ਅਨੁਸਾਰ, ਸੋਨਮ ਵਾਂਗਚੁਕ ਨੂੰ ਉਨ੍ਹਾਂ ਦੀ ਵਿਗੜਦੀ ਸਿਹਤ ਕਾਰਨ ਜ਼ਰੂਰੀ ਡਾਕਟਰੀ ਦੇਖਭਾਲ ਲਈ ਹਸਪਤਾਲ ਲਿਜਾਇਆ ਗਿਆ ਹੈ। ਜਦੋਂ ਉਨ੍ਹਾਂ ਨੂੰ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ‘ਚ ਲਿਜਾਇਆ ਜਾ ਰਿਹਾ ਸੀ ਤਾਂ ਪ੍ਰਦਰਸ਼ਨਕਾਰੀਆਂ ਨੇ ਪ੍ਰਕਿਰਿਆ ‘ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਕੁਝ ਹੰਗਾਮਾ ਹੋਇਆ।
ਹਾਲਾਂਕਿ, ਪੁਲਿਸ ਨੇ ਸੰਜਮ ਵਰਤਿਆ ਤੇ ਪੂਰੀ ਪ੍ਰਕਿਰਿਆ ਨੂੰ ਸੁਰੱਖਿਅਤ ਢੰਗ ਨਾਲ ਪੂਰਾ ਕੀਤਾ। ਪ੍ਰਦਰਸ਼ਨਕਾਰੀਆਂ ਨੂੰ ਆਪਣਾ ਅੰਦੋਲਨ ਖਤਮ ਕਰਨ ਦੀ ਅਪੀਲ ਕਰਦੇ ਹੋਏ, ਪੁਲਿਸ ਨੇ ਕਿਹਾ ਕਿ ਅਸੀਂ ਜੰਤਰ-ਮੰਤਰ ‘ਤੇ ਮੌਜੂਦ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀਪੂਰਵਕ ਤੇ ਜਲਦੀ ਤੋਂ ਜਲਦੀ ਜਗ੍ਹਾ ਖਾਲੀ ਕਰਨ ਦੀ ਬੇਨਤੀ ਕਰਦੇ ਹਾਂ।
ਸਫਦਰਜੰਗ ਹਸਪਤਾਲ ‘ਚ ਸੋਨਮ ਵਾਂਗਚੁਕ
ਦਿੱਲੀ ਪੁਲਿਸ ਸ਼ਨੀਵਾਰ ਸਵੇਰੇ ਜੰਤਰ-ਮੰਤਰ ਪਹੁੰਚੀ ਤੇ ਭੁੱਖ ਹੜਤਾਲ ‘ਤੇ ਬੈਠੇ ਸੋਨਮ ਵਾਂਗਚੁਕ ਨੂੰ ਸਫਦਰਜੰਗ ਹਸਪਤਾਲ ਲੈ ਗਈ। ਸੋਨਮ ਪਿਛਲੇ 20 ਦਿਨਾਂ ਤੋਂ ਉੱਥੇ ਭੁੱਖ ਹੜਤਾਲ ‘ਤੇ ਸੀ। ਹਸਪਤਾਲ ‘ਚ ਲਿਜਾਉਣ ਬਾਰੇ ਦਿੱਲੀ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ‘ਚ ਕਾਰਵਾਈ ਕੀਤੀ।