HomeDeshChandigarh Medical Store ਕਤਲਕਾਂਡ: ਪੁਲਿਸ ਕਸਟਡੀ ‘ਚੋਂ 2 ਮੁਲਜ਼ਮਾਂ ਵੱਲੋਂ ਭੱਜਣ ਦੀ...
Chandigarh Medical Store ਕਤਲਕਾਂਡ: ਪੁਲਿਸ ਕਸਟਡੀ ‘ਚੋਂ 2 ਮੁਲਜ਼ਮਾਂ ਵੱਲੋਂ ਭੱਜਣ ਦੀ ਕੋਸ਼ਿਸ਼, ਪੁਲਿਸ ਦੀ ਗੋਲੀ ਨਾਲ ਦੋਵੇਂ ਜ਼ਖ਼ਮੀ
ਪੁਲਿਸ ਨੇ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।
ਚੰਡੀਗੜ੍ਹ ਦੇ ਸੈਕਟਰ-11 ਦੇ ਇੱਕ ਮੈਡੀਕਲ ਸਟੋਰ ਦੇ ਕੈਸ਼ੀਅਰ ਕਤਲਕਾਂਡ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਚੰਡੀਗੜ੍ਹ ਪੁਲਿਸ ਨੇ ਇਸ ਮਾਮਲੇ ‘ਚ ਤਿੰਨ ਮੁੱਖ ਮੁਲਜ਼ਮਾਂ ‘ਚੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਜੰਮੂ-ਕਸ਼ਮੀਰ ਤੋਂ ਮੁਲਜ਼ਮ ਆਰੀਅਨ ਤੇ ਸੰਨੀ ਮਹਿਰਾ ਨੂੰ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ, ਪੁਲਿਸ ਵੱਲੋਂ ਚੰਡੀਗੜ੍ਹ ਲਿਆਉਂਦੇ ਸਮੇਂ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ। ਚੰਡੀਗੜ੍ਹ ਦੇ ਧਨਾਸ ਨੇੜੇ ਬਾਥਰੂਮ ਜਾਣ ਦਾ ਬਹਾਨਾ ਲਗਾ ਕੇ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ।
ਹਾਲਾਂਕਿ, ਪੁਲਿਸ ਨੇ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਮੁਲਜ਼ਮਾਂ ਵਿਰੁੱਧ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੌਰਾਨ ਦੋਵੇਂ ਮੁਲਜ਼ਮ ਗੋਲੀ ਨਾਲ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ, ਦੋਵਾਂ ਮੁਲਜ਼ਮਾਂ ਦੇ ਪੈਰਾਂ ‘ਚ ਗੋਲੀ ਲੱਗੀ ਹੈ। ਪੁਲਿਸ ਨੇ ਉਨ੍ਹਾਂ ਨੂੰ ਭੱਜਦੇ ਦੇਖ ਗੋਲੀ ਚਲਾਈ।
13 ਜੂਨ ਨੂੰ ਹੋਇਆ ਸੀ ਕਤਲ
ਦੱਸ ਦੇਈਏ ਕਿ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਨੇੜੇ ਸੈਕਟਰ-11 ‘ਚ ਇੱਕ ਮੈਡੀਕਲ ਸਟੋਰ ਦੇ ਕੈਸ਼ੀਅਰ ਦਾ ਕਤਲ ਕਰ ਦਿੱਤਾ ਗਿਆ ਸੀ। 13 ਜੂਨ ਨੂੰ ਦੁਪਹਿਰ ਸਮੇਂ ਸ਼੍ਰੀ ਕੁਮਾਰ ਮੈਡੀਕੋਸ ‘ਚ ਦੋ ਮੁਲਜ਼ਮ ਆਏ, ਉਨ੍ਹਾਂ ‘ਚੋਂ ਇੱਕ ਮੁਲਜ਼ਮ ਨੇ ਪਿਸਤੌਲ ਨਾਲ ਕੈਸ਼ੀਅਰ ਜਾਨਕੀ ਦਾਸ ‘ਤੇ ਕਈ ਰਾਊਂਡ ਫਾਇਰਿੰਗ ਕੀਤੀ ਸੀ। ਇਸ ਤੋਂ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਦਾ ਤੀਜ਼ਾ ਸਾਥੀ ਬਾਹਰ ਸੜਕ ‘ਤੇ ਦੋ ਪਹੀਆ ਵਾਹਨ ‘ਤੇ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਤਿੰਨੇ ਮੁਲਜ਼ਮ ਇਸ ਤੋਂ ਬਾਅਦ ਫ਼ਰਾਰ ਹੋ ਗਏ। ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਮੁਲਜ਼ਮ ਪੰਜਾਬ ਦੇ ਰਸਤੇ ਜੰਮੂ-ਕਸ਼ਮੀਰ ਫ਼ਰਾਰ ਹੋ ਗਏ ਹਨ। ਚੰਡੀਗੜ੍ਹ ਪੁਲਿਸ ਨੇ ਇਸ ਤੋਂ ਬਾਅਦ ਜੰਮੂ-ਕਸ਼ਮੀਰ ਪੁਲਿਸ ਨਾਲ ਜੁਆਇੰਟ ਆਪ੍ਰੇਸ਼ਨ ‘ਚ ਦੋ ਮੁਲਜ਼ਮਾਂ ਨੂੰ ਬੀਤੀ ਰਾਤ ਗ੍ਰਿਫ਼ਤਾਰ ਕੀਤਾ। ਪੁਲਿਸ ਉਨ੍ਹਾਂ ਨੂੰ ਅੱਜ ਚੰਡੀਗੜ੍ਹ ਲੈ ਕੇ ਆ ਰਹੀ ਸੀ। ਹਾਲਾਂਕਿ, ਇਸ ਦੌਰਾਨ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪੁਲਿਸ ਨੇ ਨਾਕਾਮ ਕਰ ਦਿੱਤਾ ਹੈ। ਚੰਡੀਗੜ੍ਹ ਕਤਲਕਾਂਡ ‘ਚ ਤੀਜ਼ੇ ਮੁੱਖ ਮੁਲਜ਼ਮ ਦੀ ਤਲਾਸ਼ ਜਾਰੀ ਹੈ।
ਕਤਲ ਦੀ ਜ਼ਿੰਮੇਵਾਰੀ
ਇਸ ਕਤਲਕਾਂਡ ਤੋਂ ਬਾਅਦ ਇੱਕ ਆਡੀਓ ਰਿਕਾਰਡਿੰਗ ਵੀ ਸਾਹਮਣੇ ਆਈ ਸੀ। ਆਡੀਓ ਚ ਬੋਲ ਰਿਹਾ ਵਿਅਕਤੀ ਕਤਲ ਦੀ ਜ਼ਿੰਮੇਵਾਰੀ ਲੈਂਦਾ ਹੈ ਤੇ ਆਪਣੀ ਪਛਾਣ ਗੈਂਗਸਟਰ ਗੋਲਡੀ ਢਿੱਲੋਂ ਵਜੋਂ ਕਰਦਾ ਹੈ। ਵੀਡੀਓ ਚ ਵਿਅਕਤੀ ਕਹਿ ਰਿਹਾ ਹੈ ਕਿ, ਮੈਂ ਗੈਂਗਸਟਰ ਗੋਲਡੀ ਢਿੱਲੋਂ ਹਾਂ। ਮੈਂ, ਮੇਰਾ ਭਰਾ ਰਾਣਾ ਢਿੱਲੋਂ, ਬ੍ਰਦਰਜ਼ ਮੈਡੀਕਲ ਸਟੋਰ ਤੇ ਹੋਏ ਕਤਲ ਦੀ ਜ਼ਿੰਮੇਵਾਰੀ ਲੈਂਦਾ ਹਾਂ। ਆਡੀਓ ਚ ਵਿਅਕਤੀ ਚੇਤਾਵਨੀ ਵੀ ਦਿੰਦਾ ਹੈ ਕਿ ਜਿਹੜੇ ਸਾਡੇ ਫੋਨ ਨਹੀਂ ਸੁਣ ਸਕਦੇ, ਉਹ ਗੋਲੀਆਂ ਨਾਲ ਜਗਾ ਦਿੱਤੇ ਜਾਣਗੇ। ਜੋ ਕੋਈ ਵੀ ਲਾਰੈਂਸ ਤੇ ਉਸ ਦੇ ਗਿਰੋਹ ਨੂੰ ਮੈਨੂੰ ਤੇ ਮੇਰੇ ਭਰਾਵਾਂ ਨੂੰ ਨੁਕਸਾਨ ਪਹੁੰਚਾਉਣ ਲਈ ਬੁਲਾਉਂਦਾ ਹੈ। ਉਸ ਨੂੰ ਤਿਆਰ ਰਹਿਣਾ ਚਾਹੀਦਾ ਹੈ। ਉਹ ਸਾਰੇ ਲੋਕ ਜੋ ਲਾਰੈਂਸ ਨੂੰ ਪੈਸੇ ਦਿੰਦੇ ਹਨ ਤੇ ਉਸ ਦਾ ਸਮਰਥਨ ਕਰਦੇ ਹਨ, ਉਹ ਆਪਣੀ ਤਿਆਰੀ ਚ ਰਹਿਣ।