ਵਰਿੰਦਰ ਸਿੰਘ ਘੁੰਮਣ ਦੇ ਮੌਤ ਤੋਂ ਪਹਿਲਾਂ ਦੀ ਇੱਕ ਆਖਿਰੀ ਵੀਡੀਓ ਸਾਹਮਣੇ ਆਈ ਹੈ।
ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦਾ ਬੀਤੀ ਦਿਨੀਂ ਅੰਮ੍ਰਿਤਸਰ ਦੇ ਫੋਰਟਿਸ ਐਸਕੋਰਟਸ ਹਸਪਤਾਲ ‘ਚ ਮੋਢੇ ਦੀ ਸਰਜਰੀ ਦੌਰਾਨ ਦੇਹਾਂਤ ਹੋ ਗਿਆ। ਉਹ ਮੋਢੇ ਦੀ ਇੱਕ ਛੋਟੀ ਜਿਹੀ ਸਰਜਰੀ ਕਰਵਾਉਣ ਲਈ ਹਸਪਤਾਲ ਗਏ ਹੋਏ ਸਨ, ਇਸੇ ਸਰਜਰੀ ਦੌਰਾਨ ਉਨ੍ਹਾਂ ਨੂੰ ਦੋ ਵਾਰ ਦਿਲ ਦਾ ਦੌਰਾ ਪੈਣ ਦੀ ਗੱਲ ਸਾਹਮਣੇ ਆ ਰਹੀ ਹੈ, ਜਿਸ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉੱਥੇ ਹੀ ਪਰਿਵਾਰਕ ਮੈਂਬਰ, ਰਿਸ਼ਤੇਦਾਰ ਤੇ ਦੋਸਤ ਹਸਪਤਾਲ ‘ਤੇ ਲਾਪਰਵਾਹੀ ਦਾ ਇਲਜ਼ਾਮ ਲਗਾ ਰਹੇ ਹਨ।
ਵਰਿੰਦਰ ਨੇ ਆਖਿਰੀ ਵੀਡੀਓ ‘ਚ ਕੀ ਕਿਹਾ?
ਉੱਥੇ ਹੀ, ਹੁਣ ਵਰਿੰਦਰ ਸਿੰਘ ਘੁੰਮਣ ਦੀ ਮੌਤ ਤੋਂ ਪਹਿਲਾਂ ਦੀ ਇੱਕ ਆਖਿਰੀ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਉਹ ਐਮਆਰਆਈ ਕਰਵਾ ਰਹੇ ਹਨ। ਘੁੰਮਣ ਕਹਿ ਰਹੇ ਹਨ ਕਿ ਕੁੱਝ ਲੋਕ ਕਹਿੰਦੇ ਹਨ ਕਿ ਜਿਹੜੀ ਇੰਜਰੀ, ਦਿੱਕਤ ਜਾਂ ਦਰਦ ਹੁੰਦੀ ਹੈ, ਉਹ ਤੁਹਾਡੇ ਕਰਮਾਂ ਦੀ ਸਜ਼ਾ ਹੁੰਦੀ ਹੈ। ਪਰ ਇੱਕ ਖਿਡਾਰੀ ਹੁੰਦੇ ਹੋਏ ਇਹ ਤੁਹਾਡੇ ਲਈ ਸਜ਼ਾ ਨਹੀਂ ਮਜ਼ਾ ਹੁੰਦੀ ਹੈ। ਸੱਟਾਂ ਵੀ ਖਿਡਾਰੀਆਂ ਨੂੰ ਹੀ ਲੱਗਦੀਆਂ ਹਨ, ਇਹ ਤੁਹਾਡੇ ਲਈ ਇੱਕ ਹੌਸਲਾ ਹੁੰਦਾ ਹੈ ਤੇ ਤੁਹਾਨੂੰ ਇਸ ਦਾ ਮਾਣ ਮਹਿਸੂਸ ਹੁੰਦਾ ਹੈ। ਜੇਕਰ ਮਾਣ ਮਹਿਸੂਸ ਕਰਨਾ ਹੈ ਤਾਂ ਇਸ ਦਰਦ ‘ਚੋਂ ਨਿਕਲਣਾ ਪਵੇਗਾ।
ਮਸ਼ੀਨ ‘ਚ ਫਿੱਟ ਨਹੀਂ ਹੋ ਰਿਹਾ ਸੀ ਪਹਾੜ ਵਰਗਾ ਸਰੀਰ
ਵਰਿੰਦਰ ਘੁੰਮਣ ਇਸ ਤੋਂ ਬਾਅਦ ਕਹਿੰਦੇ ਹਨ ਕਿ ਦੇਖੋ ਹੁਣ ਮੈਂ ਮਸ਼ੀਨ ‘ਚ ਪੂਰਾ ਆਉਂਦਾ ਹਾਂ ਕਿ ਨਹੀਂ। ਇਸ ਦੌਰਾਨ ਉਹ ਐਮਆਰਆਈ ਮਸ਼ੀਨ ਦੇ ਬੈੱਡ ‘ਤੇ ਲੰਮੇ ਪੈ ਜਾਂਦੇ ਹਨ ਤੇ ਕਹਿੰਦੇ ਹਨ ਕਿ ਮੇਰਾ ਸਰੀਰ ਮਸ਼ੀਨ ‘ਚ ਪੂਰਾ ਨਹੀਂ ਆ ਰਿਹਾ। ਇਸ ਲਈ ਮੈਨੂ ਟੇਢਾ ਹੋਣਾ ਪਵੇਗਾ। ਇਸ ਦੇ ਨਾਲ ਉਹ ਆਪਣੇ ਦਰਸ਼ਕਾਂ ਨੂੰ ‘ਬਾਏ-ਬਾਏ ਗਾਇਜ਼‘ ਕਹਿੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਉਨ੍ਹਾਂ ਦੀ ਆਖਿਰੀ ਵੀਡੀਓ ਹੈ, ਜੋ ਕਿ ਉਨ੍ਹਾਂ ਨੇ ਸਰਜਰੀ ਤੋਂ ਪਹਿਲਾਂ ਬਣਾਈ ਸੀ।