ਪੰਜਾਬ ਵਿੱਚ ਮੌਸਮ ‘ਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।
ਮੌਨਸੂਨ ਤੋਂ ਪਹਿਲਾਂ ਪੰਜਾਬ ਵਿੱਚ ਵੱਖਰੇ ਤਰ੍ਹਾਂ ਦਾ ਮੌਸਮ ਦਿਖਾਈ ਦੇ ਰਿਹਾ ਹੈ। ਬੁੱਧਵਾਰ ਰਾਤ ਨੂੰ ਪੰਜਾਬ ਵਿੱਚ ਮੌਸਮ ਵਿੱਚ ਆਈ ਤਬਦੀਲੀ ਦਾ ਅਸਰ ਵੀਰਵਾਰ ਨੂੰ ਵੀ ਦੇਖਣ ਨੂੰ ਮਿਲਿਆ। ਜਦੋਂ ਵੱਧ ਤੋਂ ਵੱਧ ਤਾਪਮਾਨ ਵਿੱਚ ਔਸਤਨ 4.6 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਆਮ ਨਾਲੋਂ 2.4 ਡਿਗਰੀ ਸੈਲਸੀਅਸ ਘੱਟ ਹੈ। ਹਾਲਾਂਕਿ, ਸੂਬੇ ਦੇ ਕੁਝ ਹਿੱਸਿਆਂ ਵਿੱਚ ਗਰਮੀ ਅਜੇ ਵੀ ਤੇਜ਼ ਹੈ। ਅੱਜ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਮੀਂਹ ਪੈ ਰਿਹਾ ਹੈ ਅਤੇ 9 ਜ਼ਿਲ੍ਹਿਆਂ ਵਿੱਚ ਗਰਮੀ ਦੀ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਚੰਡੀਗੜ੍ਹ ਸਥਿਤ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਦੇ ਮਾਮਲੇ ਵਿੱਚ ਬਠਿੰਡਾ ਅਤੇ ਅਬੋਹਰ ਸਭ ਤੋਂ ਗਰਮ ਸ਼ਹਿਰ ਰਹੇ। ਇੱਥੇ ਤਾਪਮਾਨ 42.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦੋਂ ਕਿ ਰਾਜਧਾਨੀ ਚੰਡੀਗੜ੍ਹ ਵਿੱਚ 34.0°C, ਲੁਧਿਆਣਾ ਵਿੱਚ 39.8°C, ਅੰਮ੍ਰਿਤਸਰ ਵਿੱਚ 37.3°C, ਪਠਾਨਕੋਟ: 37.6°C, ਫਰੀਦਕੋਟ ਵਿੱਚ 39.5°C, ਬਠਿੰਡਾ ਵਿੱਚ 42.5°C, ਅਬੋਹਰ ਵਿੱਚ 42.5°C ਦਰਜ ਕੀਤਾ ਗਿਆ।
ਅੱਧਾ ਪੰਜਾਬ ਰਹੇਗਾ ਗਰਮ
ਗਰਮੀ ਦੀ ਲਹਿਰ ਦਾ ਅਲਰਟ: ਪੰਜਾਬ ਦੇ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿੱਚ ਹੀਟ ਲਹਿਰ ਦਾ ਓਰੇਂਜ਼ ਅਲਰਟ ਜਾਰੀ ਕੀਤਾ ਗਿਆ ਹੈ। ਜਦੋਂ ਕਿ ਮੋਗਾ, ਬਰਨਾਲਾ ਅਤੇ ਸੰਗਰੂਰ ਉਹ ਸ਼ਹਿਰ ਹਨ ਜਿੱਥੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਤੇਜ਼ ਹਵਾਵਾਂ ਦਾ ਅਲਰਟ: ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਹੁਸ਼ਿਆਰਪੁਰ, ਮੋਹਾਲੀ, ਨਵਾਂਸ਼ਹਿਰ, ਜਲੰਧਰ, ਕਪੂਰਥਲਾ ਅਤੇ ਰੂਪਨਗਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਮਿਲਿਆ ਜੁਲਿਆ ਰਹੇਗਾ ਪ੍ਰਭਾਵ: ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਤਿੰਨ ਜ਼ਿਲ੍ਹੇ ਹਨ ਜਿੱਥੇ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਅਤੇ ਇੱਥੇ ਵੀ ਗਰਮੀ ਦੀ ਲਹਿਰ ਦਾ ਪ੍ਰਭਾਵ ਮਹਿਸੂਸ ਕੀਤਾ ਜਾ ਰਿਹਾ ਹੈ। ਇੱਥੇ ਮੌਸਮ ਰਲਿਆ ਮਿਲਿਆ ਰਹੇਗਾ।