ਭਾਰਤ ਨੇ ਪਹਿਲਗਾਮ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਪਾਕਿਸਤਾਨ ਵਿੱਚ ਕਈ ਅੱਤਵਾਦੀ ਕੈਂਪਾਂ ‘ਤੇ ਸਰਜੀਕਲ ਸਟ੍ਰਾਈਕ ਕੀਤੀ ਹੈ।
ਅਤਵਾਦਿਆਂ ਤੋਂ ਬਦਲਾਂ ਲੈਣ ਲਈ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਆਪ੍ਰੇਸ਼ਨ ‘ਸਿੰਦੂਰ’ ਤੋਂ ਬਾਅਦ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਸਾਵਧਾਨੀ ਵਜੋਂ, ਅੰਮ੍ਰਿਤਸਰ ਹਵਾਈ ਅੱਡੇ ਨੂੰ ਪਹਿਲਾਂ ਰਾਤ 10 ਵਜੇ ਤੱਕ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਸੀ, ਬਾਅਦ ਵਿੱਚ ਹੁਣ ਇਸਨੂੰ 10 ਮਈ ਸ਼ਾਮ 5.30 ਵਜੇ ਤੱਕ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ।
ਏਅਰਪੋਰਟ ਅਥਾਰਟੀ ਵੱਲੋਂ ਬਿਆਨ ਜ਼ਾਰੀ ਕਰਦੇ ਹੋਏ ਕਿਹਾ ਕਿ ਸਾਰੇ ਸਬੰਧਤਾਂ ਨੂੰ ਸੂਚਿਤ ਕੀਤਾ ਜਾਂਦਾ ਹੈ। ਅੰਮ੍ਰਿਤਸਰ ਹਵਾਈ ਅੱਡੇ ਤੋਂ ਸਾਰੀਆਂ ਵਪਾਰਕ/ਨਾਗਰਿਕ ਘਰੇਲੂ ਅਤੇ ਅੰਤਰਰਾਸ਼ਟਰੀ ਫਲਾਈਟ ਸੇਵਾਵਾਂ 10.05.2025 ਨੂੰ ਸਵੇਰੇ 05:30 ਵਜੇ ਤੱਕ ਰੱਦ ਕਰ ਦਿੱਤਾ ਗਿਆ ਹੈ।
ਅੱਜ ਸਾਰੀਆਂ 22 ਫਲਾਈਟਸ ਰੱਦ
ਏਡੀਸੀਪੀ-2, ਸ੍ਰੀਵਿਨੇਲਾ ਨੇ ਕਿਹਾ ਕਿ ਅੱਜ ਅੰਮ੍ਰਿਤਸਰ ਜਾਣ ਵਾਲੀਆਂ ਸਾਰੀਆਂ 22 ਫਲਾਈਟਸ ਰੱਦ ਕਰ ਦਿੱਤੀਆਂ ਗਈਆਂ ਹਨ। ਅਗਲੇ ਹੁਕਮਾਂ ਤੱਕ ਹਵਾਈ ਅੱਡੇ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਫਲਾਈਟਸ ਰੱਦ ਕਰਨ ਸੰਬੰਧੀ ਜਾਣਕਾਰੀ ਯਾਤਰੀਆਂ ਨੂੰ ਮੈਸੇਜ ਰਾਹੀਂ ਭੇਜੀ ਗਈ ਹੈ।
ਰਿਟ੍ਰੀਟ ਸੈਰੇਮਨੀ ਅਗਲੇ ਹੁਕਮਾਂ ਤੱਕ ਬੰਦ
ਅਟਾਰੀ, ਸਾਦਕੀ ਅਤੇ ਹੁਸੈਨੀਵਾਲਾ ਭਾਰਤ-ਪਾਕਿ ਸਰਹੱਦ ‘ਤੇ ਹਰ ਰੋਜ਼ ਹੋਣ ਵਾਲੀ ਪ੍ਰਸਿੱਧ ਰਿਟ੍ਰੀਟ ਸੈਰੇਮਨੀ ਨੂੰ ਸਰਕਾਰ ਦੇ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤਾ ਗਿਆ ਹੈ। ਇਸ ਫ਼ੈਸਲੇ ਤੋਂ ਬਾਅਦ ਵੱਡੀ ਗਿਣਤੀ ਵਿੱਚ ਰਿਟ੍ਰੀਟ ਦੇਖਣ ਸੈਰੇਮਨੀ ਆਏ ਸੈਲਾਨੀ ਨਿਰਾਸ਼ ਹੋ ਕੇ ਵਾਪਸ ਮੁੜ ਗਏ। ਬੀਐਸਐਫ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਇੰਟਰਗੈਟਿੰਗ ਚੈੱਕ ਪੋਸਟ ਤੋਂ ਅੱਗੇ ਕਿਸੇ ਵੀ ਸੈਲਾਨੀ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸੁਰੱਖਿਆ ਕਾਰਣਾਂ ਦੀ ਗੰਭੀਰਤਾ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਅਧਿਕਾਰਿਕ ਤੌਰ ‘ਤੇ ਦੱਸਿਆ ਗਿਆ ਹੈ ਕਿ ਰਿਟਰੀਟ ਸੈਰੇਮਨੀ ਅਗਲੇ ਹੁਕਮਾਂ ਤੱਕ ਸੈਲਾਨੀਆਂ ਲਈ ਬੰਦ ਰਹੇਗੀ।
ਹੁਣ ਤੱਕ ਦੀਆਂ ਮੁੱਖ ਗੱਲਾਂ
ਕਤਰ ਏਅਰਵੇਜ਼ ਦੀ ਫਲਾਈਟ ਨੰਬਰ QTR54B ਜਿਹੜੀ ਕਿ ਦੋਹਾ ਤੋਂ ਅੰਮ੍ਰਿਤਸਰ ਆ ਰਹੀ ਸੀ ਉਸਨੂੰ ਪਾਕਿਸਤਾਨ ਦੇ ਹਵਾਈ ਖੇਤਰ ਤੋਂ ਵਾਪਸ ਮੋੜ ਕੇ ਓਮਾਨ ਦੇ ਮਸਕਟ ਹਵਾਈ ਅੱਡੇ ਵੱਲ ਭੇਜ ਦਿੱਤਾ ਗਿਆ। ਇਹ ਫਲਾਈਟ ਦੁਪਹਿਰ 2:10 ਵਜੇ ਅੰਮ੍ਰਿਤਸਰ ਪਹੁੰਚਣੀ ਸੀ। ਇਸੇ ਲੜੀ ਦੇ ਵਿੱਚ ਸ਼ਾਰਜਾਹ ਤੋਂ ਅੰਮ੍ਰਿਤਸਰ ਆਉਣ ਵਾਲੀ ਸਪਾਈਸਜੈੱਟ ਦੀ ਫਲਾਈਟ ਵੀ ਰੱਦ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੁਣੇ, ਮੁੰਬਈ ਅਤੇ ਦਿੱਲੀ ਤੋਂ ਅੰਮ੍ਰਿਤਸਰ ਆਉਣ ਵਾਲੀਆਂ ਸਾਰੀਆਂ ਫਲਾਈਟਸ ਰੱਦ ਕਰ ਦਿੱਤੀਆਂ ਗਈਆਂ ਹਨ।
ਏਅਰਲਾਈਨ ਦੀ ਅਪੀਲ
ਇੰਡੀਗੋ ਸਮੇਤ ਹੋਰ ਸਾਰੀਆਂ ਏਅਰਲਾਈਨਾਂ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਵਿੱਚ ਸਾਰੇ ਯਾਤਰੀਆਂ ਨੂੰ ਹਵਾਈ ਅੱਡੇ ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਫਲਾਈਟ ਦੀ ਸਥਿਤੀ ਦੀ ਪੁਸ਼ਟੀ ਕਰਨ ਲਈ ਏਅਰਲਾਈਨ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।
ਅੰਮ੍ਰਿਤਸਰ ਵਿੱਚ ਚੌਕਸੀ ਕਿਉਂ ਵਧਾਈ ਗਈ?
ਅੰਮ੍ਰਿਤਸਰ ਤੋਂ ਪਾਕਿਸਤਾਨ ਸਰਹੱਦ ਦੀ ਦੂਰੀ ਲਗਭਗ 32 ਕਿਲੋਮੀਟਰ ਹੈ। ਪਰ ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁਰੀਦ-ਏ-ਕੇ ਵਿੱਚ ਏਅਰ ਸਟ੍ਰਾਇਕ ਕੀਤੀ ਗਈ ਜੋ ਕਿ ਅੰਮ੍ਰਿਤਸਰ ਤੋਂ ਸਿਰਫ਼ 60 ਕਿਲੋਮੀਟਰ ਦੂਰ ਸਥਿਤੀ ਹੈ। ਗੰਭੀਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਮਹੱਤਵਪੂਰਨ ਕਦਮ ਚੁੱਕੇ ਗਏ ਹਨ।
ਲੋਕਾਂ ਵੱਲੋਂ ਖਾਣ-ਪੀਣ ਦੀਆਂ ਚੀਜ਼ਾਂ ਦਾ ਭੰਡਾਰ ਕਰਨਾ ਸੁਰੂ
ਮੌਕ ਡਰਿੱਲ ਦੇ ਆਰਡਰ ਤੋਂ ਬਾਅਦ, ਲੋਕਾਂ ਨੇ ਖਾਣ-ਪੀਣ ਦੀਆਂ ਚੀਜ਼ਾਂ ਦਾ ਭੰਡਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕ ਦੇਰ ਰਾਤ ਤੱਕ ਰਾਸ਼ਨ ਲਈ ਕਤਾਰਾਂ ਵਿੱਚ ਖੜ੍ਹੇ ਰਹੇ। ਸਬਜ਼ੀਆਂ ਲਈ ਭੀੜ ਸੀ ਅਤੇ ਪੈਟਰੋਲ ਪੰਪਾਂ ‘ਤੇ ਲੰਬੀਆਂ ਕਤਾਰਾਂ ਦੇਖੀਆਂ ਗਈਆਂ।
ਬਾਰਡਰ ਤੇ ਰਹਿਣ ਵਾਲੇ ਲੋਕ ਕੱਲ ਦੇਰ ਰਾਤ ਸ਼ਹਿਰ ਦੀਆਂ ਦੁਕਾਨਾਂ ਤੋਂ ਰਾਸ਼ਨ ਖਰੀਦਦੇ ਦਿਖਾਈ ਦਿੱਤੇ। ਸਟ੍ਰਾਇਕ ਤੋਂ ਬਾਅਦ, ਸਵੇਰੇ 7.30 ਵਜੇ, ਡੀਸੀ ਸਾਕਸ਼ੀ ਸਾਹਨੀ ਨੇ ਸਾਰੇ ਸਕੂਲ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਬਾਰਡਰ ਤੇ ਰਹਿਣ ਵਾਲੇ ਲੋਕ ਕੱਲ ਦੇਰ ਰਾਤ ਸ਼ਹਿਰ ਦੀਆਂ ਦੁਕਾਨਾਂ ਤੋਂ ਰਾਸ਼ਨ ਖਰੀਦਦੇ ਦਿਖਾਈ ਦਿੱਤੇ।