ਪੰਜਾਬ ਵਿਧਾਨ ਸਭਾ ਵਿੱਚ ਬੀਬੀਐਮਬੀ ਦੇ ਫੈਸਲੇ ਨੂੰ ਲੈ ਕੇ ਤਿੱਖੀ ਬਹਿਸ ਹੋਈ।
BBMB ਦੇ ਫੈਸਲੇ ਖਿਲਾਫ਼ ਲਿਆਂਦੇ ਮਤੇ ਖਿਲਾਫ਼ ਸਦਨ ਵਿੱਚ ਬਹਿਸ ਹੋਈ।ਵਿਧਾਨ ਸਭਾ ਵਿੱਚ ਮਤਾ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਰੱਖਿਆ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਪਾਣੀ ਤੇ ਡਾਕਾ ਮਾਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਸਾਡੇ ਕੋਲ 3 ਦਰਿਆ ਹਨ ਫਿਰ ਵੀ ਅਸੀਂ ਪਾਣੀ ਲਈ ਸੰਘਰਸ਼ ਕਰ ਰਹੇ ਹਾਂ। ਬਰਿੰਦਰ ਗੋਇਲ ਨੇ ਕਿਹਾ ਕਿ ਹਰ ਕੋਈ ਦਰਿਆਵਾਂ ਤੋਂ ਪਾਣੀ ਮੰਗਦਾ ਹੈ, ਪਰ ਜਦੋਂ ਹੜ੍ਹ ਆਉਂਦਾ ਹੈ ਤਾਂ ਕੋਈ ਵੀ ਪਾਣੀ ਲੈਣ ਲਈ ਤਿਆਰ ਨਹੀਂ ਹੁੰਦਾ। ਕੁਝ ਸਮਾਂ ਪਹਿਲਾਂ, ਹਰਿਆਣਾ ਅਤੇ ਰਾਜਸਥਾਨ ਨੇ ਹੜ੍ਹਾਂ ਦੌਰਾਨ ਪਾਣੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। 1955 ਵਿੱਚ, ਪੰਜਾਬ ਦੇ 50% ਤੋਂ ਵੱਧ ਪਾਣੀ ਰਾਜਸਥਾਨ ਨੂੰ ਦਿੱਤਾ ਗਿਆ ਸੀ। ਪਰ ਜਦੋਂ ਨੁਕਸਾਨ ਹੁੰਦਾ ਹੈ ਤਾਂ ਉਹ ਪੰਜਾਬ ਦੇ ਲੋਕਾਂ ਨੂੰ ਝੱਲਣਾ ਪੈਂਦਾ ਹੈ।
ਪਾਣੀ ਕਾਰਨ ਹੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ- ਸੌਂਧ
ਤਰਨਪ੍ਰੀਤ ਸਿੰਘ ਸੌਂਧ ਨੇ ਕਿਹਾ ਕਿ 1 ਕਿਊਸਿਕ ਪਾਣੀ ਦੀ ਕੀਮਤ 1 ਕਰੋੜ 25 ਲੱਖ ਰੁਪਏ ਹੈ। ਜੋ ਕਹਿੰਦੇ ਹਨ ਕਿ ਪੰਜਾਬ ਦੇ ਸਿਰ ਕਰਜ਼ ਹੈ। ਉਹ ਹਰਿਆਣਾ ਅਤੇ ਰਾਜਸਥਾਨ ਨੂੰ ਜਾਣ ਵਾਲੇ ਪਾਣੀ ਦਾ ਮੁੱਲ ਗਿਣ ਕੇ ਵੇਖ ਲੈਣ, ਪੂਰੀ ਦੁਨੀਆਂ ਦਾ ਸਭ ਤੋਂ ਅਮੀਰ ਸੂਬਾ ਹੋਵੇਗਾ। ਸੌਂਧ ਨੇ ਕਿਹਾ ਕਿ 2 ਜੂਨ ਨੂੰ ਇੰਦਰਾ ਗਾਂਧੀ ਕਹਿੰਦੀ ਹੈ ਕਿ ਦਰਬਾਰ ਸਾਹਿਬ ਤੇ ਹਮਲਾ ਨਹੀਂ ਕਰਾਂਗੇ, 3 ਦਿਨ ਨਹੀਂ ਪੈਣ ਦਿੱਤੇ, ਸਾਡੇ ਪਵਿੱਤਰ ਅਸਥਾਨ ਤੇ ਹਮਲਾ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਕੇਂਦਰ ਨਾਲ 36 ਮੀਟਿੰਗਾਂ ਹੋਈਆਂ ਪਰ ਬੇਸਿੱਟਾ ਰਹੀਆਂ, ਫੇਰ ਪੰਜਾਬੀਆਂ ਨੇ ਮੋਰਚੇ ਲਗਾਏ, ਪੰਜਾਬੀਆਂ ਨੂੰ ਅੱਤਵਾਦੀ ਵੱਖਵਾਦੀ ਕਿਹਾ ਗਿਆ, ਸਾਨੂੰ ਗੋਲੀਆਂ ਮਾਰੀਆਂ ਗਈਆਂ, ਇਹਨਾਂ ਪਾਣੀਆਂ ਕਾਰਨ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ।
ਸਾਡੇ ਕੋਲੋਂ ਉਹ ਮੰਗ ਰਹੇ ਹਨ, ਜੋ ਸਾਡੇ ਹੈ ਹੀ ਨਹੀਂ- ਸੁੱਚਾਨੰਦ
ਆਮ ਆਦਮੀ ਪਾਰਟੀ ਦੇ ਵਿਧਾਇਕ ਅੰਮ੍ਰਿਤਪਾਲ ਸੁੱਚਾਨੰਦ ਨੇ ਕਿਹਾ ਕਿ ਹਰਿਆਣਾ ਅੱਜ ਸਾਡੇ ਕੋਲੋਂ ਉਹ ਚੀਜ਼ ਮੰਗ ਰਿਹਾ ਹੈ ਜੋ ਸਾਡੇ ਕੋਲ ਹੈ ਹੀ ਨਹੀਂ ਪੰਜਾਬ ਕੋਲ ਪਾਣੀ ਹੈ ਹੀ ਨਹੀਂ, ਇਸ ਕਰਕੇ ਅਸੀ ਹਰਿਆਣਾ ਨੂੰ ਪਾਣੀ ਦੇ ਨਹੀਂ ਸਕਦੇ।
ਪੰਜ ਦਰਿਆਵਾਂ ਦਾ ਪਾਣੀ ਵੀ ਕਦੇ ਵੀ ਹਰਿਆਣਾ ਨਹੀਂ ਗਿਆ- ਗੱਜਣਮਾਜਰਾ
ਨਾ ਤੁਰਕਾ ਦੇ ਸਮੇਂ, ਨਾ ਮੁਗਲਾਂ ਦੇ ਸਮੇਂ ਹਰਿਆਣਾ ਪੰਜਾਬ ਦਾ ਹਿੱਸਾ ਸੀ। ਅੰਗਰੇਜ਼ਾ ਨੇ ਕੁੱਝ ਸਮੇਂ ਲਈ ਇਸ ਨੂੰ ਸਾਡੇ ਨਾਲ ਜੋੜ ਦਿੱਤਾ। ਜਿਸ ਕਾਰਨ ਇਹ ਸਾਡਾ ਹਿੱਸੇਦਾਰ ਬਣ ਗਿਆ। ਜਦੋਂ ਕਿ ਕੁਦਰਤੀ ਤੌਰ ਤੇ ਪੰਜਾਂ ਦਰਿਆਵਾਂ ਦਾ ਪਾਣੀ ਹਰਿਆਣਾ ਦੀ ਧਰਤੀ ਤੇ ਨਹੀਂ ਗਿਆ. ਜਦੋਂ ਕਿ ਨੁਕਸਾਨ ਹਮੇਸ਼ਾ ਪੰਜਾਬ ਨੂੰ ਝੱਲਣਾ ਪੈਂਦਾ ਹੈ।
ਡੈਮ ਸੇਫਟੀ ਐਕਟ ਰੱਦ ਕੀਤਾ ਜਾਵੇ: ਪਰਗਟ
ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਹਰਿਆਣਾ ਨੂੰ ਰਾਜਧਾਨੀ ਲਈ ਚੰਡੀਗੜ੍ਹ 5 ਸਾਲ ਲਈ ਦਿੱਤਾ ਗਿਆ ਸੀ, ਹੁਣ ਤੱਕ ਲਈ ਬੈਠੇ ਆ, ਜੇਕਰ ਕਦੇ ਡਾਂਗਾਂ ਪੈਣੀਆਂ ਹੋਣ ਤਾਂ ਪੰਜਾਬ ਨੂੰ ਅੱਗੇ ਕਰ ਦਿੰਦੇ ਆ, ਜੇਕਰ ਕੁੱਝ ਅਸੀਂ ਆਪਣੇ ਹੱਕਾਂ ਲਈ ਮੰਗ ਲਈ ਤਾਂ ਅਸੀਂ ਬੁਰੇ ਹੋ ਜਾਂਦੇ ਹਾਂ। ਹੁਣ ਇਹ ਕਹਿੰਦੇ ਹਾਂ ਕਿ ਪਾਣੀ ਦੇਸ਼ ਦਾ ਸਾਂਝਾ ਹੈ, ਮੈਂ ਕਹਿੰਦਾ ਦੇਸ਼ ਦੇ ਸਾਰੇ ਸਰੋਤ ਸਾਂਝੇ ਕਰੋ। ਅਸੀਂ ਪਾਣੀ ਦਵਾਂਗੇ। ਸਾਨੂੰ ਵੀ ਕੋਲਾ ਅਤੇ ਹੋਰ ਚੀਜ਼ਾਂ ਵੀ ਫ੍ਰੀ ਦਿਓ ਜੋ ਅਸੀਂ ਦੇਸ਼ ਵਿੱਚੋਂ ਪੈਸੇ ਦੇਕੇ ਲੈਂਦੇ ਹਾਂ।
ਪਰਗਟ ਸਿੰਘ ਨੇ ਕਿਹਾ ਕਿ ਪਹਿਲਗਾਮ ਹਮਲੇ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਹਨ। ਸਿੰਧੂ ਜਲ ਸੰਧੀ ਮੁਅੱਤਲ ਕਰ ਦਿੱਤੀ ਗਈ। ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78 ਅਤੇ 79 ਰੱਦ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਡੈਮ ਸੇਫਟੀ ਐਕਟ ਰੱਦ ਕੀਤਾ ਜਾਣਾ ਚਾਹੀਦਾ ਹੈ। ਹੁਣ ਬੀਬੀਐਮਬੀ ਹਾਈ ਕੋਰਟ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਇੱਕ ਮਾਹਿਰ ਕਮੇਟੀ ਬਣਾਈ ਜਾਣੀ ਚਾਹੀਦੀ ਹੈ।
ਘੱਟ ਗਿਣਤੀ ਵਾਲਿਆਂ ਨੂੰ ਖਿਲਾਫ਼ ਡੀਪ ਸਟੇਟ ਕੀਤਾ ਕੰਮ- ਖਹਿਰਾ
ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਾਡੇ ਦੇਸ਼ ਦੀ ਅਬਾਦੀ ਦੁਨੀਆ ਦੀ 18 ਫੀਸਦ ਹੈ ਜਦੋਂ ਕਿ ਜ਼ਮੀਨ 2 ਫੀਸਦ ਹੈ, ਸਾਡੇ ਦੇਸ਼ ਕੋਲ ਪਾਣੀ ਨਹੀਂ ਹੈ, ਇਸ ਕਰਕੇ ਪੰਜਾਬ ਕੋਲੋਂ ਪਾਣੀ ਖੋਹਿਆ ਗਿਆ। ਇਹ ਕੇਂਦਰ ਦੇ ਅੰਦਰਲੀ ਡੀਪ ਸਟੇਟ ਨੇ ਕੀਤਾ ਸੀ। ਖਹਿਰਾ ਨੇ ਪੁੱਛਿਆ ਕਿ ਡੈਮ ਸੁਰੱਖਿਆ ਐਕਟ ਰਾਹੀਂ ਸੰਘੀ ਢਾਂਚੇ ਤੇ ਹਮਲਾ ਕੀਤਾ ਗਿਆ ਕੀ ਪੰਜਾਬ ਸਰਕਾਰ ਇਸ ਦੇ ਖਿਲਾਫ਼ ਸੁਪਰੀਮ ਕੋਰਟ ਜਾਂ ਹਾਈ ਕੋਰਟ ਗਏ ?
ਜੇ ਰਾਜਸਥਾਨ ਨਰਮਦਾ ਦੇ ਪਾਣੀ ਦਾ ਹੱਕਦਾਰ ਨਹੀਂ ਤਾਂ ਪੰਜਾਬ ਦੇ ਪਾਣੀ ਦਾ ਹੱਕਦਾਰ ਕਿਵੇਂ ?
ਬਸਪਾ ਵਿਧਾਇਕ ਨਛੱਤਰ ਪਾਲ ਨੇ ਸਦਨ ਵਿੱਚ ਬੋਲਦਿਆਂ ਕਿਹਾ ਕਿ ਜੇ ਰਾਜਸਥਾਨ ਨਰਮਦਾ ਨਦੀ ਵਿੱਚ ਸਹਿ-ਸਹਿਯੋਗੀ ਨਹੀਂ ਤਾਂ ਉਹ ਪੰਜਾਬ ਦੇ ਪਾਣੀ ਵਿੱਚੋਂ ਕਿਵੇਂ ਸਹਿ-ਸਹਿਯੋਗੀ ਹੋ ਸਕਦਾ ਹੈ। ਪੰਜਾਬ ਸਰਕਾਰ ਨੂੰ ਰਾਜਸਥਾਨ ਤੋਂ ਰਿਆਲਟੀ ਲੈਣ ਦੀ ਕੋਸ਼ਿਸ ਕੀਤੀ ਜਾਵੇ।
ਪੰਜਾਬ ਯੂਨੀਵਰਸਿਟੀ ਸਾਡੀ ਹੈ- ਬਾਜਵਾ
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਚੰਡੀਗੜ੍ਹ ਵਿਖੇ ਸਥਿਤ ਯੂਨੀਵਰਸਿਟੀ ਪੰਜਾਬ ਦੀ ਹੈ, ਪਰ ਉੱਥੇ ਆਰਐਸਐਸ ਨਾਲ ਜੁੜੇ ਲੋਕਾਂ ਨੂੰ ਵਾਈਸ ਚਾਂਸਲਰ ਦੇ ਅਹੁਦੇ ਤੇ ਨਿਯੁਕਤ ਕੀਤਾ ਜਾ ਰਿਹਾ ਹੈ। ਅੱਜ ਸਾਡੀ ਪਛਾਣ ਸਾਡੇ ਕੱਪੜੇ, ਸਾਡੇ ਖਾਣ-ਪੀਣ ਦੀਆਂ ਆਦਤਾਂ ਅਤੇ ਸਾਡੀ ਜੀਵਨ ਸ਼ੈਲੀ ਖ਼ਤਰੇ ਵਿੱਚ ਹੈ। ਇਹ ਸਭ ਸਿਰਫ਼ ਇੱਕ ਟੈਸਟ ਹੈ। ਪੰਜਾਬ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪੰਜਾਬ ਦੇਸ਼ ਦਾ ਤਾਜ ਨਹੀਂ ਸਗੋਂ ਭਾਰਤ ਦੇ ਤਾਜ ਦਾ ਕੋਹਿਨੂਰ ਹੈ।