ਭਾਰਤ ਅਤੇ ਫਰਾਂਸ ਦੇ ਰੱਖਿਆ ਮੰਤਰੀਆਂ ਵਿਚਕਾਰ ਇਸ ਸਮਝੌਤੇ ‘ਤੇ ਦਸਤਖਤ ਕੀਤੇ ਗਏ ਹਨ।
ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਲਗਾਤਾਰ ਵਿਗੜ ਰਹੇ ਹਨ। ਇਸ ਸੰਦਰਭ ‘ਚ ਭਾਰਤ ਰੱਖਿਆ ਖੇਤਰ ‘ਚ ਆਪਣੇ-ਆਪ ਨੂੰ ਮਜ਼ਬੂਤ ਕਰਨ ਵੱਲ ਧਿਆਨ ਦੇ ਰਿਹਾ ਹੈ। ਇਸੇ ਲੜੀ ‘ਚ ਭਾਰਤ ਅਤੇ ਫਰਾਂਸ ਦੇ ਵਿਚਕਾਰ ਇਕ ਇਤਿਹਾਸਕ ਰਾਫੇਲ ਡੀਲ ‘ਤੇ ਦਸਤਖ਼ਤ ਹੋ ਚੁੱਕੇ ਹਨ। ਇਸ ਸਮਝੌਤੇ ਤਹਿਤ ਭਾਰਤ ਫਰਾਂਸ ਤੋਂ 26 ਰਾਫੇਲ ਮਰੀਨ ਜਹਾਜ਼ ਖਰੀਦੇਗਾ, ਜਿਸ ਵਿਚ 22 ਸਿੰਗਲ ਸੀਟਰ ਜਹਾਜ਼ ਤੇ 4 ਡਬਲ ਸੀਟਰ ਜਹਾਜ਼ ਸ਼ਾਮਲ ਹੋਣਗੇ।
ਭਾਰਤ ਅਤੇ ਫਰਾਂਸ ਦੇ ਰੱਖਿਆ ਮੰਤਰੀਆਂ ਵਿਚਕਾਰ ਇਸ ਸਮਝੌਤੇ ‘ਤੇ ਦਸਤਖਤ ਕੀਤੇ ਗਏ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਹਥਿਆਰਾਂ ਦੀ ਖਰੀਦ ਦੇ ਮਾਮਲੇ ‘ਚ ਇਹ ਭਾਰਤ ਦੀ ਫਰਾਂਸ ਨਾਲ ਹੁਣ ਤੱਕ ਦੀ ਸਭ ਤੋਂ ਵੱਡੀ ਡੀਲ ਹੈ, ਜਿਸ ਦੀ ਕੀਮਤ ਲਗਪਗ 63,000 ਕਰੋੜ ਰੁਪਏ ਮੰਨੀ ਜਾ ਰਹੀ ਹੈ।
ਕਿਵੇਂ ਸਾਈਨ ਹੋਇਆ ਸਮਝੌਤਾ?
ਪਹਿਲਾਂ ਇਸ ਸੌਦੇ ‘ਤੇ ਹਸਤਾਖਰ ਕਰਨ ਲਈ ਫਰਾਂਸ ਦੇ ਰੱਖਿਆ ਮੰਤਰੀ ਸੇਬੇਸਟਿਅਨ ਲੇਕੋਰਨੂ ਨੇ ਐਤਵਾਰ ਨੂੰ ਭਾਰਤ ਆਉਣਾ ਸੀ, ਪਰ ਨਿੱਜੀ ਕਾਰਨਾਂ ਕਰਕੇ ਉਨ੍ਹਾਂ ਦੀ ਯਾਤਰਾ ਰੱਦ ਕਰ ਦਿੱਤੀ ਗਈ। ਹਾਲਾਂਕਿ, ਉਹ ਆਪਣੇ ਭਾਰਤੀ ਸਮਕਾਲੀ ਰਾਜਨਾਥ ਸਿੰਘ ਨਾਲ ਗੱਲਬਾਤ ‘ਚ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮਲ ਹੋਏ। ਨਵੀਂ ਦਿੱਲੀ ‘ਚ ਹੋਏ ਇਸ ਸਮਝੌਤੇ ‘ਤੇ ਹਸਤਾਖਰ ਦੌਰਾਨ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਤੇ ਭਾਰਤ ‘ਚ ਫਰਾਂਸ ਦੇ ਰਾਜਦੂਤ ਥੀਏਰੀ ਮਥੌ ਵੀ ਮੌਜੂਦ ਰਹੇ।
INS ਵਿਕਰਾਂਤ ‘ਤੇ ਹੋਣਗੇ ਤਾਇਨਾਤ
ਰਾਫੇਲ ਮਰੀਨ ਜਹਾਜ਼ਾਂ ਨੂੰ INS ਵਿਕਰਾਂਤ ‘ਤੇ ਤਾਇਨਾਤ ਕੀਤਾ ਜਾਵੇਗਾ। ਫਰਾਂਸ ਦੀ ਜਹਾਜ਼ ਕੰਪਨੀ ਦਸੌ ਏਵੀਏਸ਼ਨ ਭਾਰਤ ਦੀਆਂ ਜ਼ਰੂਰਤਾਂ ਮੁਤਾਬਕ ਇਨ੍ਹਾਂ ਜਹਾਜ਼ਾਂ ‘ਚ ਕੁਝ ਬਦਲਾਅ ਕਰੇਗੀ। ਇਸ ਵਿਚ ਐਂਟੀ ਸ਼ਿਪ ਸਟ੍ਰਾਈਕ, 10 ਘੰਟੇ ਤਕ ਫਲਾਈਟ ਰਿਕਾਰਡ ਕਰਨ ਅਤੇ ਨਿਊਕਲੀਅਰ ਹਥਿਆਰ ਲਾਂਚ ਕਰਨ ਵਰਗੇ ਫੀਚਰ ਸ਼ਾਮਲ ਹੋਣਗੇ।
ਕਦੋਂ ਤਕ ਹੋਵੇਗੀ ਡਿਲਿਵਰੀ?
ਭਾਰਤ ਅਤੇ ਫਰਾਂਸ ਵਿਚਕਾਰ 26 ਰਾਫੇਲ-ਐਮ ਜਹਾਜ਼ਾਂ ਦੀ ਡੀਲ ਸਾਈਨ ਹੋਈ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਇਨ੍ਹਾਂ ਜਹਾਜ਼ਾਂ ਦੀ ਡਿਲਿਵਰੀ 2028-29 ‘ਚ ਸ਼ੁਰੂ ਹੋ ਸਕਦੀ ਹੈ। ਜਦਕਿ 2031-32 ਤਕ ਫਰਾਂਸ ਸਾਰੇ ਜਹਾਜ਼ ਭਾਰਤ ਪਹੁੰਚਾ ਸਕਦਾ ਹੈ।
ਰਾਫੇਲ ਤੋਂ ਜ਼ਿਆਦਾ ਅਡਵਾਂਸ ਹੈ ਰਾਫੇਲ-ਐਮ
ਭਾਰਤ ਅਤੇ ਫਰਾਂਸ ਪਹਿਲਾਂ ਵੀ 36 ਰਾਫੇਲ ਜੇਟ ਦੀ ਡੀਲ ਕਰ ਚੁੱਕੇ ਹਨ। ਇਹ ਡੀਲ 2016 ‘ਚ 58,000 ਕਰੋੜ ਰੁਪਏ ‘ਚ ਸਾਈਨ ਹੋਈ ਸੀ। ਫਰਾਂਸ ਨੇ 2022 ਤਕ ਸਾਰੇ ਰਾਫੇਲ ਜਹਾਜ਼ ਭਾਰਤ ਭੇਜ ਦਿੱਤੇ ਸਨ। ਇਨ੍ਹਾਂ ਰਾਫੇਲ ਜਹਾਜ਼ਾਂ ਨੂੰ ਅੰਬਾਲਾ ਤੇ ਹਾਸਿਨਾਰਾ ਏਅਰਬੇਸ ਤੋਂ ਸੰਚਾਲਿਤ ਕੀਤਾ ਜਾਂਦਾ ਹੈ। ਹਾਲਾਂਕਿ, ਰਾਫੇਲ ਮਰੀਨ ਜਹਾਜ਼ ਦੇ ਫੀਚਰ ਰਾਫੇਲ ਵਿਮਾਨਾਂ ਨਾਲੋਂ ਬਹੁਤ ਅਡਵਾਂਸ ਹਨ।