ਉਹ ਬੱਚੇ ਨੂੰ ਪਹਿਲਾਂ ਸ਼ਿਮਲਾ ਘੁਮਾਉਣ ਦਾ ਕਹਿ ਕੇ ਆਪਣੇ ਨਾਲ ਲੈ ਗਿਆ ਸੀ ਪਰ ਬਾਅਦ ’ਚ ਉਸ ਨੇ ਪਰਿਵਾਰਕ ਮੈਂਬਰਾਂ ਦੇ ਸਾਰੇ ਮੋਬਾਈਲ ਨੰਬਰ ਬਲੌਕ ਲਿਸਟ ’ਚ ਪਾ ਦਿੱਤੇ।
ਸਥਾਨਕ ਕੀਰਤੀ ਨਗਰ ਤੋਂ 12 ਮਾਰਚ ਨੂੰ ਅਗਵਾ ਕੀਤੇ ਗਏ 13 ਸਾਲਾ ਬੱਚੇ ਨੂੰ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਦਾਰਜਲਿੰਗ ਤੋਂ ਬਰਾਮਦ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ’ਚ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਭੁਪਿੰਦਰ ਸਿੰਘ ਵਜੋਂ ਹੋਈ ਹੈ। ਉਹ ਬੱਚੇ ਨੂੰ ਪਹਿਲਾਂ ਸ਼ਿਮਲਾ ਘੁਮਾਉਣ ਦਾ ਕਹਿ ਕੇ ਆਪਣੇ ਨਾਲ ਲੈ ਗਿਆ ਸੀ ਪਰ ਬਾਅਦ ’ਚ ਉਸ ਨੇ ਪਰਿਵਾਰਕ ਮੈਂਬਰਾਂ ਦੇ ਸਾਰੇ ਮੋਬਾਈਲ ਨੰਬਰ ਬਲੌਕ ਲਿਸਟ ’ਚ ਪਾ ਦਿੱਤੇ ਤੇ ਬੱਚੇ ਨੂੰ ਪਹਿਲਾਂ ਕੋਲਕਾਤਾ ਤੇ ਬਾਅਦ ਵਿਚ ਦਾਰਜਲਿੰਗ ਲੈ ਗਿਆ ਜਿੱਥੇ ਪੁਲਿਸ ਨੇ ਬੀਤੇ ਦਿਨ ਇਕ ਹੋਟਲ ’ਚ ਛਾਪੇਮਾਰੀ ਕਰ ਕੇ ਬੱਚੇ ਤੇ ਮੁਲਜ਼ਮ ਨੂੰ ਕਾਬੂ ਕਰ ਲਿਆ।
ਬੱਚੇ ਦੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਮੁਲ ਰੂਪ ’ਚ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ ਤੇ ਹੁਸ਼ਿਆਰਪੁਰ ’ਚ ਇਕ ਪ੍ਰਾਈਵੇਟ ਫੈਕਟਰੀ ਵਿਚ ਨੌਕਰੀ ਕਰਦਾ ਹੈ। ਉਸ ਦਾ ਪਰਿਵਾਰ ਉਸ ਦੇ ਨਾਲ ਹੀ ਹੁਸ਼ਿਆਰਪੁਰ ’ਚ ਰਹਿੰਦਾ ਹੈ। ਉਸ ਦਾ ਬੇਟਾ ਘਰੋਂ ਕੁਝ ਦੂਰੀ ’ਤੇ ਟਿਊਸ਼ਨ ਪੜ੍ਹਦਾ ਹੈ। ਇਕ ਦਿਨ ਉਸ ਦੇ ਬੇਟੇ ਨੇ ਕਿਹਾ ਕਿ ਉਸ ਨੂੰ ਰਸਤੇ ’ਚ ਇਕ ਅੰਕਲ ਮਿਲੇ ਸਨ ਤੇ ਉਨ੍ਹਾਂ ਨੇ ਕਿਹਾ ਕਿ ਉਹ ਟਿਊਸ਼ਨ ਪੜ੍ਹਾਉਂਦੇ ਹਨ। ਅੰਕਲ ਨੇ ਉਸ ਨੂੰ ਆਪਣੇ ਪਿਤਾ ਨੂੰ ਮਿਲਾਉਣ ਲਈ ਕਿਹਾ ਸੀ।
ਗੁਰਮੀਤ ਸਿੰਘ ਨੇ ਕਿਹਾ ਕਿ ਉਹ ਮੁਲਜ਼ਮ ਨੂੰ ਮਿਲਣ ਵੀ ਗਏ ਸਨ ਤੇ ਉਸ ਤੋਂ ਬਾਅਦ ਉਸ ਨੇ ਆਪਣੇ ਬੇਟੇ ਨੂੰ ਉਸ ਕੋਲ ਟਿਊਸ਼ਨ ਰਖਵਾ ਦਿੱਤੀ ਸੀ। 12 ਫਰਵਰੀ ਨੂੰ ਉਸ ਦੇ ਬੇਟੇ ਨੇ ਕਿਹਾ ਕਿ ਉਹ ਟਿਊਸ਼ਨ ਵਾਲੇ ਸਰ ਨਾਲ ਘੁੰਮਣ ਜਾਣਾ ਚਾਹੁੰਦਾ ਹੈ, ਉਹ ਸ਼ਿਮਲਾ ਜਾ ਰਹੇ ਹਨ। 13 ਫਰਵਰੀ ਨੂੰ ਉਸ ਦੀ ਬੇਟੇ ਨਾਲ ਆਖ਼ਰੀ ਵਾਰ ਗੱਲ ਹੋਈ ਅਤੇ ਬਾਅਦ ’ਚ ਭੁਪਿੰਦਰ ਸਿੰਘ ਨੇ ਫੋਨ ਬਲੌਕ ਲਿਸਟ ਵਿਚ ਪਾ ਦਿੱਤਾ। ਲਗਪਗ 15 ਦਿਨਾਂ ਤੱਕ ਉਹ ਬੱਚੇ ਨੂੰ ਆਪਣੇ ਪੱਧਰ ’ਤੇ ਲੱਭਦੇ ਰਹੇ ਤੇ ਫਿਰ ਥਾਣਾ ਮਾਡਲ ਟਾਊਨ ਦੀ ਪੁਲਿਸ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਬੱਚੇ ਸਮੇਤ ਦਾਰਜਲਿੰਗ ’ਚ ਇਕ ਹੋਟਲ ’ਚੋਂ ਬਰਾਮਦ ਕੀਤਾ।
ਮੁਲਜ਼ਮ ਨੂੰ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਕਾਬੂ ਕਰ ਲਿਆ ਹੈ ਤੇ ਅਦਾਲਤ ’ਚ ਪੇਸ਼ ਕਰ ਕੇ ਚਾਰ ਦਿਨਾਂ ਦਾ ਰਿਮਾਂਡ ਲਿਆ ਹੈ। ਇਸ ਸੰਬੰਧੀ ਥਾਣਾ ਮੁਖੀ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਮੁਲਜ਼ਮ ਵਾਰ-ਵਾਰ ਆਪਣੀ ਲੋਕੇਸ਼ਨ ਬਦਲ ਰਿਹਾ ਸੀ। ਉਸ ਦੀ ਤਿੰਨ ਦਿਨ ਪਹਿਲਾਂ ਕੋਲਕਾਤਾ ਦੀ ਲੋਕੇਸ਼ਨ ਆਈ ਸੀ ਜਿਸ ਤੋਂ ਬਾਅਦ ਉਹ ਕੋਲਕਾਤਾ ਪੁੱਜੇ ਤੇ ਬਾਅਦ ’ਚ ਲੋਕੇਸ਼ਨ ਦਾਰਜਲਿੰਗ ਦੀ ਮਿਲੀ ਜਿੱਥੇ ਛਾਪੇਮਾਰੀ ਕਰ ਕੇ ਮੁਲਜ਼ਮ ਨੂੰ ਕਾਬੂ ਕਰ ਕੇ ਬੱਚੇ ਨੂੰ ਬਰਾਮਦ ਕਰ ਲਿਆ ਗਿਆ। ਪੁੱਛੇ ਜਾਣ ’ਤੇ ਬੱਚੇ ਦੇ ਪਿਤਾ ਨੇ ਦੱਸਿਆ ਕਿ ਮੁਲਜ਼ਮ ਨੇ ਨਾ ਕੋਈ ਫਿਰੌਤੀ ਮੰਗੀ ਸੀ ਤੇ ਨਾ ਹੀ ਕੋਈ ਮੰਗ ਕੀਤੀ ਸੀ। ਹਾਲੇ ਤੱਕ ਬੱਚੇ ਨੂੰ ਅਗਵਾ ਕਰਨ ਦਾ ਕੋਈ ਕਾਰਨ ਪਤਾ ਨਹੀਂ ਲੱਗਾ। ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਸਾਰਾ ਮਾਮਲਾ ਸਾਫ਼ ਹੋ ਜਾਵੇਗਾ।