ਚੇਨਈ ਸੁਪਰ ਕਿੰਗਜ਼ ਨੇ ਆਈਪੀਐਲ 2025 ਦੀ ਆਪਣੀ ਦੂਜੀ ਜਿੱਤ ਦਰਜ ਕੀਤੀ।
ਚੇਨਈ ਸੁਪਰ ਕਿੰਗਜ਼ ਨੇ ਆਖਰਕਾਰ ਆਪਣੀ ਹਾਰ ਦਾ ਸਿਲਸਿਲਾ ਤੋੜ ਦਿੱਤਾ ਹੈ। ਲਗਾਤਾਰ ਪੰਜ ਮੈਚ ਹਾਰਨ ਤੋਂ ਬਾਅਦ ਚੇਨਈ ਨੇ ਸੀਜ਼ਨ ਦੀ ਆਪਣੀ ਦੂਜੀ ਜਿੱਤ ਦਰਜ ਕੀਤੀ। ਲਖਨਊ ਖਿਲਾਫ ਮੈਚ ਵਿੱਚ ਚੇਨਈ ਨੂੰ 167 ਦੌੜਾਂ ਬਣਾਉਣੀਆਂ ਪਈਆਂ ਤੇ ਟੀਮ ਨੇ ਆਖਰੀ ਓਵਰ ਵਿੱਚ ਟੀਚਾ ਪ੍ਰਾਪਤ ਕਰ ਲਿਆ। ਚੇਨਈ ਸੁਪਰ ਕਿੰਗਜ਼ ਦੀ ਜਿੱਤ ਵਿੱਚ ਐਮਐਸ ਧੋਨੀ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਇਸ ਖਿਡਾਰੀ ਨੇ 11 ਗੇਂਦਾਂ ਵਿੱਚ ਅਜੇਤੂ 26 ਦੌੜਾਂ ਬਣਾਈਆਂ। ਉਨ੍ਹਾਂ ਦੇ ਬੱਲੇ ਤੋਂ 4 ਚੌਕੇ ਤੇ ਇੱਕ ਛੱਕਾ ਨਿਕਲਿਆ। ਉਸ ਤੋਂ ਇਲਾਵਾ ਸ਼ਿਵਮ ਦੂਬੇ ਨੇ 37 ਗੇਂਦਾਂ ਵਿੱਚ ਅਜੇਤੂ 43 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਾਰੀ ਵਿੱਚ 2 ਛੱਕੇ ਤੇ 3 ਚੌਕੇ ਲਗਾਏ। ਰਚਿਨ ਰਵਿੰਦਰ ਨੇ 37 ਤੇ ਸ਼ੇਖ ਰਾਸ਼ਿਦ ਨੇ 27 ਦੌੜਾਂ ਬਣਾ ਕੇ ਚੇਨਈ ਨੂੰ ਚੰਗੀ ਸ਼ੁਰੂਆਤ ਦਿਵਾਈ।
ਧੋਨੀ ਦੀ 15ਵੇਂ ਓਵਰ ‘ਚ ਐਂਟਰੀ
ਧੋਨੀ ਨੇ 15ਵੇਂ ਓਵਰ ਵਿੱਚ ਐਂਟਰੀ ਕੀਤੀ। ਦਿਗਵੇਸ਼ ਰਾਠੀ ਨੇ ਸ਼ੰਕਰ ਨੂੰ ਆਊਟ ਕੀਤਾ ਅਤੇ ਇਸ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਨੇ 111 ਦੌੜਾਂ ‘ਤੇ ਪੰਜ ਵਿਕਟਾਂ ਗੁਆ ਦਿੱਤੀਆਂ। ਇਸ ਤੋਂ ਬਾਅਦ, ਧੋਨੀ ਦੇ ਸਾਹਮਣੇ ਚੁਣੌਤੀ ਇਹ ਸੀ ਕਿ ਉਹ ਆਉਂਦੇ ਹੀ ਤੇਜ਼ ਬੱਲੇਬਾਜ਼ੀ ਕਰੇ ਕਿਉਂਕਿ ਕ੍ਰੀਜ਼ ‘ਤੇ ਮੌਜੂਦ ਸ਼ਿਵਮ ਦੂਬੇ ਬਹੁਤ ਸੰਘਰਸ਼ ਕਰ ਰਹੇ ਸਨ। ਪਰ ਧੋਨੀ ਨੇ ਆਵੇਸ਼ ਖਾਨ ਦੀਆਂ ਪੰਜਵੀਂ ਅਤੇ ਛੇਵੀਂ ਗੇਂਦ ‘ਤੇ ਲਗਾਤਾਰ ਦੋ ਚੌਕੇ ਲਗਾ ਕੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ। 17ਵੇਂ ਓਵਰ ਵਿੱਚ ਧੋਨੀ ਨੇ ਆਖਰੀ ਗੇਂਦ ‘ਤੇ ਇੱਕ ਸ਼ਾਨਦਾਰ ਛੱਕਾ ਲਗਾਇਆ, ਜਿਸ ਤੋਂ ਬਾਅਦ ਮੈਚ ਚੇਨਈ ਦੇ ਹੱਕ ਵਿੱਚ ਹੋਣ ਲੱਗਾ।
ਆਵੇਸ਼ ਖਾਨ ਨੇ 18ਵਾਂ ਓਵਰ ਵਧੀਆ ਸੁੱਟਿਆ, ਓਵਰ ਵਿੱਚ ਸਿਰਫ਼ 7 ਦੌੜਾਂ ਬਣੀਆਂ, ਪਰ ਇਸ ਵਿੱਚ ਵੀ ਧੋਨੀ ਨੇ ਚੌਕਾ ਮਾਰਿਆ। 19ਵੇਂ ਓਵਰ ਵਿੱਚ ਸ਼ਿਵਮ ਦੂਬੇ ਨੇ ਇੱਕ ਚੌਕਾ ਅਤੇ ਇੱਕ ਛੱਕਾ ਲਗਾਇਆ ਤੇ ਅੰਤ ਵਿੱਚ ਧੋਨੀ ਨੇ 19ਵੇਂ ਓਵਰ ਵਿੱਚ ਇੱਕ ਚੌਕਾ ਲਗਾਇਆ। ਇਸ ਤੋਂ ਬਾਅਦ ਮੈਚ ਚੇਨਈ ਦੇ ਹੱਕ ਵਿੱਚ ਆਇਆ ਅਤੇ ਅੰਤ ਵਿੱਚ ਦੂਬੇ ਨੇ ਚੌਕਾ ਮਾਰ ਕੇ ਚੇਨਈ ਨੂੰ ਜਿੱਤ ਦਿਵਾਈ।
ਲਖਨਊ ਸੁਪਰਜਾਇੰਟਸ ਦਾ ਸਕੋਰ
ਲਖਨਊ ਸੁਪਰਜਾਇੰਟਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 166 ਦੌੜਾਂ ਬਣਾਈਆਂ। ਟੀਮ ਦੇ ਸਲਾਮੀ ਬੱਲੇਬਾਜ਼ ਮਾਰਕਰਾਮ ਸਿਰਫ਼ 6 ਦੌੜਾਂ ਹੀ ਬਣਾ ਸਕੇ। ਨਿਕਲਸ ਪੂਰਨ ਸਿਰਫ਼ 8 ਦੌੜਾਂ ਹੀ ਬਣਾ ਸਕੇ। ਮਿਸ਼ੇਲ ਮਾਰਸ਼ ਨੇ 30 ਦੌੜਾਂ ਦੀ ਪਾਰੀ ਖੇਡੀ। ਕਪਤਾਨ ਪੰਤ ਨੇ ਮੁਸ਼ਕਲ ਸਮੇਂ ਵਿੱਚ 63 ਦੌੜਾਂ ਦੀ ਪਾਰੀ ਖੇਡੀ। ਬਡੋਨੀ ਨੇ 22 ਦੌੜਾਂ ਬਣਾਈਆਂ ਪਰ ਟੀਮ ਸਿਰਫ਼ 166 ਦੌੜਾਂ ਤੱਕ ਹੀ ਪਹੁੰਚ ਸਕੀ। ਚੇਨਈ ਲਈ ਪਥੀਰਾਨਾ ਅਤੇ ਜਡੇਜਾ ਨੇ 2-2 ਵਿਕਟਾਂ ਲਈਆਂ। ਅੰਸ਼ੁਲ ਕੰਬੋਜ ਅਤੇ ਖਲੀਲ ਅਹਿਮਦ ਨੇ 1-1 ਵਿਕਟ ਲਈ। ਨੂਰ ਅਹਿਮਦ ਨੂੰ ਕੋਈ ਸਫਲਤਾ ਨਹੀਂ ਮਿਲੀ ਪਰ ਉਸਨੇ 4 ਓਵਰਾਂ ਵਿੱਚ ਸਿਰਫ਼ 13 ਦੌੜਾਂ ਦਿੱਤੀਆਂ। ਧੋਨੀ ਨੂੰ ਉਨ੍ਹਾਂ ਦੀ ਸ਼ਾਨਦਾਰ ਬੱਲੇਬਾਜ਼ੀ ਅਤੇ ਵਿਕਟਕੀਪਿੰਗ ਲਈ ਪਲੇਅਰ ਆਫ਼ ਦ ਮੈਚ ਦਾ ਪੁਰਸਕਾਰ ਮਿਲਿਆ।